ਸਬੰਧਤ ਵਿਭਾਗਾਂ ਦੇ ਮੰਤਰੀ ਕੇਵਿਨ ਐਂਡਰਸਨ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਉਣ ਵਾਲੇ ‘ਵੈਲੇਨਟਾਈਨ ਡੇਅ’ ਉਪਰ ਆਨਲਾਈਨ ਪਿਆਰ ਮੁਹੱਬਤ ਦਾ ਇਜ਼ਹਾਰ ਕਰਨ ਵਾਲਿਆਂ ਲਈ ਖਾਸ ਹਦਾਇਤਾਂ ਹਨ ਕਿ ਬਹੁਤ ਸਾਰੇ ਸ਼ਾਤਿਰ ਦਿਮਾਗ ਇਸ ਦਿਹਾੜੇ ਉਪਰ ਤੁਹਾਡੀਆਂ ਜੇਬ੍ਹਾਂ ਵਿੱਚ ਸੇਂਧ ਲਗਾਉਣ ਦੀ ਫਿਰਾਕ ਵਿੱਚ ਹਨ ਅਤੇ ਲੋਕ ਭਾਵਨਾ ਦੇ ਸਾਗਰ ਵਿੱਚ ਡੁਬਕੀਆਂ ਲਗਾਉਂਦਿਆਂ ਹੋਇਆਂ ਹੋਰ ਤੋਂ ਹੋਰ ਭਾਵਨਾਤਮਕ ਹੁੰਦਿਆਂ ਆਪਣੀਆਂ ਜੇਬ੍ਹਾਂ ਅੰਦਰ ਪਏ ਧੰਨ ਤੋਂ ਹੱਥ ਧੋ ਬੈਠਦੇ ਹਨ ਅਤੇ ਬਾਅਦ ਵਿੱਚ ਇਸ ਦੇ ਇਵਜ ਵਿੱਚ ਮਿਲਦਾ ਕੁੱਝ ਵੀ ਨਹੀਂ ਅਤੇ ਉਹ ਖਾਲੀ ਹੱਥਾਂ ਨੂੰ ਆਪਸ ਵਿੱਚ ਮਲਦਿਆਂ ਹੀ ਬੈਠੇ ਰਹਿ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ 2020 ਵਿੱਚ ਇਸ ਮੌਕੇ ਉਪਰ ਲੋਕਾਂ ਨੂੰ 37 ਮਿਲੀਅਨ ਡਾਲਰ ਦਾ ਚੂਨਾ ਲਗਾਇਆ ਗਿਆ ਸੀ ਜੋ ਕਿ ਬੀਤੇ ਸਾਲ ਤੋਂ 9 ਮਿਲੀਅਨ ਡਾਲਰ ਜ਼ਿਆਦਾ ਸੀ ਅਤੇ ਇਹੋ ਆਂਕੜੇ ਸੋਚਣ ਵਾਸਤੇ ਮਜਬੂਰ ਕਰਦੇ ਹਨ ਕਿ ਸਾਨੂੰ ਅਜਿਹੇ ਮੌਕਿਆਂ ਉਪਰ ਦਿਲ ਦੇ ਨਾਲ ਨਾਲ ਕਦੇ ਕਦੇ ਦਿਮਾਗ ਦਾ ਇਸਤੇਮਾਲ ਵੀ ਜ਼ਰੂਰ ਕਰ ਲੈਣਾ ਚਾਹੀਦਾ ਹੈ। ਸਰਕਾਰ ਵੱਲੋਂ ਅਜਿਹੇ ਆਨਲਾਈਨ ਅਪਰਾਧਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਇਸ਼ਾਰੇ ਵੀ ਜਾਰੀ ਕੀਤੇ ਗਏ ਹਨ ਜੋ ਕਿ ਤੁਹਾਨੂੰ ਲਗਾਤਾਰ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਤੋਂ ਅਗਾਊਂ ਤੌਰ ਤੇ ਸਾਵਧਾਨ ਕਰਦੇ ਰਹਿੰਦੇ ਹਨ ਇਸ ਲਈ ਹਮੇਸ਼ਾਂ ਅਜਿਹੀਆਂ ਸਰਕਾਰੀ ਸੂਚਨਾਵਾਂ ਆਦਿ ਉਪਰ ਧਿਆਨ ਦੇਣਾ ਹਰ ਇੱਕ ਦਾ ਅਹਿਮ ਅਤੇ ਮੁੱਢਲਾ ਫਰਜ਼ ਬਣਦਾ ਹੈ। ਉਨ੍ਹਾਂ ਸਾਵਧਾਨੀ ਵਿੱਚ ਇਹ ਵੀ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਅਜਿਹੇ ਲੋਕ ਪ੍ਰਤਾੜਿਤ ਹੁੰਦੇ ਹਨ ਜਿਹੜੇ ਕਿ 45 ਤੋਂ 64 ਸਾਲ ਦੀ ਉਮਰ ਵਿਚਕਾਰ ਹੁੰਦੇ ਹਨ ਅਤੇ ਜਲਦੀ ਹੀ ਭਾਵੁਕ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਆਪਣੀਆਂ ਫੋਟੋਆਂ ਆਦਿ ਨੂੰ ਸ਼ੇਅਰ ਕਰਦਿਆਂ ਸਾਵਧਾਨੀ ਵਰਤੋ ਅਤੇ ਕਿਸੇ ਨੂੰ ਵੀ ਆਪਣੇ ਨਿਜੀ ਖਾਤਿਆਂ, ਬੈਂਕਾਂ, ਗੁੱਪਤ ਕੋਡਾਂ ਆਦਿ ਬਾਰੇ ਕੋਈ ਵੀ ਜਾਣਕਾਰੀ ਨਾ ਦਿਉ। ਕਿਸੇ ਵੀ ਅਰਰਿਚਿਤ ਨੂੰ ਮਿਲਣ ਜਾਣ ਵਾਸਤੇ ਆਪਣੇ ਘਰਦਿਆਂ ਅਤੇ ਜਾਂ ਫੇਰ ਕਿਸੇ ਦੋਸਤ ਮਿੱਤਰ ਨੂੰ ਜ਼ਰੂਰ ਇਤਲਾਹ ਕਰਕੇ ਜਾਉ ਅਤੇ ਗੁੰਮਨਾਮੀ ਵਿੱਚ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਾ ਮਿਲੋ ਜਿਸਨੂੰ ਕਿ ਤੁਸੀਂ ਜਾਣਦੇ ਹੀ ਨਹੀਂ ਅਤੇ ਪਹਿਲੀ ਵਾਰੀ ਹੀ ਮਿਲਣ ਦੀ ਪਲਾਨਿੰਗ ਬਣਾ ਰਹੇ ਹੋ।
ਜ਼ਿਆਦਾ ਜਾਣਕਾਰੀ ਲੈਣ ਜਾਂ ਕਿਸੇ ਕਿਸਮ ਦੀ ਸੂਚਨਾ ਆਦਿ ਦੇਣ ਲਈ ਸਰਕਾਰ ਦੀ ਵੈਬਸਾਈਟ www.fairtrading.nsw.gov.au/buying-products-and-services/scams ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।