ਨਿਰੋਗੀ ਕਾਇਆ

surinder kanwar 180806 13-NIROGI KAYA finallll
ਸਰੀਰ ਅਰੋਗ ਰਹੇ- ਇਹ ਤਾਂ ਹਰ ਵਿਅਕਤੀ ਦੀ ਖਾਹਿਸ਼ ਹੁੰਦੀ ਹੈ।ਸਿਆਣੇ ਆਖਦੇ ਹਨ ”ਪਹਿਲਾ ਸੁਖ ਨਿਰੋਗੀ ਕਾਇਆ” ਸਰੀਰ ਨੂੰ ਕਿਸੇ ਵੀ ਤਰੀਕੇ ਦਾ ਰੋਗ ਹੋਵੇ ਉਹ ਦੁਖਦਾਇਕ ਹੁੰਦਾ ਹੈ। ਇਹ ਤਾਂ ਕੁਦਰਤ ਦਾ ਕਰਿਸ਼ਮਾ ਹੈ ਕਿ ਕੁਦਰਤ ਨੇ ਮਨੁਖੀ ਸਰੀਰ ਨੂੰ ਸਵੈ ਕਿਰਿਆਸ਼ਾਲੀ ਬਣਾਇਆ ਹੈ। ਇਸ ਦੀਆਂ ਸਾਰੀਆਂ ਕਿਰਿਆ ਪ੍ਰਣਾਲੀਆਂ ਆਪੋ ਆਪਣੇ ਨਿਰਧਾਰਤ ਕੰਮਾਂ ਨੂੰ ਆਪਣੇ ਆਪ ਸਹਿਜ ਅਵਸਥਾ ਵਿਚ ਪੂਰਿਆ ਕਰਨ ਵਿਚ ਜੁਟੀਆਂ ਰਹਿੰਦੀਆ ਹਨ। ਇਥੋਂ ਤੱਕ ਕਿ ਵਿਅਕਤੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਦਾ ਕਿਹੜਾ ਅੰਗ ਕੀ ਕਰ ਰਿਹਾ ਹੈ ਅਤੇ ਉਸ ਦੇ ਅੰਦਰ ਕੀ ਹੋ ਰਿਹਾ ਹੈ।
ਜਦੋਂ ਰੋਗ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਤਿੰਨ ਤਰੀਕਿਆਂ ਨਾਲ ਰੋਗ ਲਗਦਾ ਹੈ। ਪਹਿਲਾ (੧) ਕਿਸੇ ਵੀ ਘਟਨਾ ਕਾਰਨ ਕੋਈ ਸੱਟ ਲੱਗਣ ਨਾਲ ਸਰੀਰ ਦੀ ਚਮੜੀ ਜਾ ਸਰੀਰ ਦਾ ਕੋਈ ਅੰਗ ਜ਼ਖਮੀ ਹੋ ਜਾਵੇ। ਦੁਜੇ (੨) ਕੋਈ ਜ਼ਹਿਰੀਲੀ ਚੀਜ਼, ਜਾਂ ਖਰਾਬ ਚੀਜ਼ ਜਾਂ, ਸਰੀਰ ਨੂੰ ਨਾਂ ਸੁਖਾਉਣ ਵਾਲੀ ਚੀਜ਼, ਜਿਸ ਦੀ ਅਲਰਜੀ ਹੋਵੇ ਐਸੀ ਚੀਜ਼ ਖਾਣ ਨਾਲ, ਸਰੀਰ ਰੋਗੀ ਹੋ ਜਾਂਦਾ ਹੈ। (੩) ਤੀਸਰੇ ਬਹੁਤ ਸਾਰੇ ਰੋਗ ਆਪਣੇ ਮਨ ਕਰਕੇ ਵੀ ਲਗਦੇ ਹਨ।
ਪਹਿਲੇ ਰੋਗ ਵਾਸਤੇ ਜੋ ਕਿ ਸਰੀਰਕ ਰੋਗ ਹੈ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਦਵਾਈਆਂ ਈਜ਼ਾਦ ਹੋ ਚੁਕੀਆਂ ਹਨ। ਚੰਗੇ ਚੰਗੇ ਡਾਕਟਰ ਹਡੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਜੋੜ ਦਿੰਦੇ ਹਨ ਜਾਂ ਠੀਕ ਕਰ ਦਿੰਦੇ ਹਨ। ਚਮੜੀ ਦੇ ਇਲਾਜ ਵਾਸਤੇ ਵੀ ਬਹੁਤ ਕੁਝ ਮਿਲ ਜਾਂਦਾ ਹੈ। ਪਲਾਸਟਿਕ ਸਰਜਰੀ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਜੇ ਬਿਲਕੁਲ ਨਹੀਂ ਤਾਂ ਬਹੁਤ ਹੱਦ ਤਕ ਠੀਕ ਹੋ ਜਾਂਦਾ ਹੈ ਤੇ ਐਸੇ ਰੋਗ ਦਾ ਦੁਖ ਕਰੀਬ ਕਰੀਬ ਖਤਮ ਹੋ ਜਾਂਦਾ ਹੈ।
ਦੂਸਰੀ ਕਿਸਮ ਦੇ ਰੋਗ ਲਈ ਜੇ ਇਹਤਿਆਤ ਵਰਤ ਲਈ ਜਾਵੇ ਤੇ ਇਸ ਰੋਗ ਤੋਂ ਬਚਾਓ ਹੋ ਸਕਦਾ ਹੈ। ਖਾਣ ਪੀਣ ਲੱਗਿਆ ਕੋਈ ਅਨਗੈਹਲੀ ਨਾ ਕੀਤੀ ਜਾਵੇ ਤਾਂ ਇਹ ਰੋਗ ਨਹੀਂ ਲੱਗੇਗਾ।ਇਹ ਰੋਗ ਕਈ ਵਾਰ ਭਾਵੇਂ ਜਾਨ ਲੇਵਾ ਵੀ ਹੋ ਸਕਦਾ ਹੈ ਪਰ ਡਾਕਟਰੀ ਸਾਂਇੰਸ ਨੇ ਇਸ ਸੰਬੰਧ ਵਿਚ ਵੀ ਬਹੁਤ ਤਰੱਕੀ ਕਰ ਲਿੱਤੀ ਹੈ ਤੇ ਕਿਸੇ ਕਾਰਨ ਜੇਕਰ ਇਹ ਰੋਗ ਲਗਦਾ ਹੈ ਤੇ ਉਸ ਉਤੇ ਜਲਦੀ ਹੀ ਕਾਬੂ ਪਾਇਆ ਜਾ ਸਕਦਾ ਹੈ ਤੇ ਇਸ ਨੂੰ ਠੀਕ ਵੀ ਕਰ ਲਿੱਤਾ ਜਾਂਦਾ ਹੈ।
ਤੀਸਰੀ ਕਿਸਮ ਦਾ ਰੋਗ ਜੋ ਮਨ ਦਾ ਰੋਗ ਹੈ ਇਹ ਇਕ ਅਜਬ ਰੋਗ ਹੈ ਜੋ ਮਨੁੱਖ ਆਪਣੇ ਆਪ ਨੂੰ ਖੁਦ ਲਗਾਉਂਦਾ ਹੈ। ਮਨ ਕੋਈ ਐਸਾ ਅੰਗ ਜਾਂ ਨਾੜੀ ਤੇ ਹੈ ਨਹੀਂ ਜਿਸ ਨੂੰ ਡਾਕਟਰ ਹੱਥ ਪਾ ਕੇ ਠੀਕ ਕਰ ਸਕਦੇ ਹੋਣ। ਇਹ ਇਕ ਮਨੋਵਿਗਿਆਨਿਕ ਰੋਗ ਹੈ। ਤਨ ਦੇ ਰੋਗ ਨਾਲੋਂ ਮਨ ਦਾ ਰੋਗ ਜ਼ਿਆਦਾ ਮਾੜਾ ਤੇ ਦੁਖਦਾਇਕ ਹੁੰਦਾ ਹੈ ਕਿਉਂਕਿ ਮਨ ਦੇ ਰੋਗ ਨਾਲ ਸਰੀਰ ਵੀ ਰੋਗੀ ਹੋ ਜਾਂਦਾ ਹੈ। ਇਹ ਠੀਕ ਹੈ ਕਿ ਇਸ ਸੰਬੰਧ ਵਿਚ ਵੀ ਬਹੁਤ ਡਾਕਟਰ ਉਪਲਬਧ ਹਨ ਪਰ ਉਨ੍ਹਾਂ ਦਾ ਇਲਾਜ ਬਹੁਤ ਵਾਰ ਕਾਰਗਰ ਸਾਬਤ ਨਹੀਂ ਹੁੰਦਾ। ਕਿਉਂਕਿ ਇਹ ਰੋਗ ਵਿਅਕਤੀ ਨੇ ਆਪਣੇ ਆਪ ਨੂੰ ਆਪ ਲਗਾਇਆ ਹੁੰਦਾ ਹੈ ਤੇ ਇਹ ਉਸ ਵਕਤ ਤਕ ਠੀਕ ਨਹੀਂ ਹੋ ਸਕਦਾ ਜਦ ਤਕ ਵਿਅਕਤੀ ਆਪਣਾ ਮਨ ਆਪ ਠੀਕ ਨਹੀਂ ਕਰਦਾ। ਆਪਣਾ ਮਨ ਆਪ ਠੀਕ ਕਰਨ ਦਾ ਢੰਗ ਡਾਕਟਰਾਂ ਪਾਸ ਨਹੀਂ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਇਸ ਦਾ ਕੋਈ ਇਲਾਜ ਹੈ ਨਹੀਂ; ਜਦੋਂ ਡਾਕਟਰਾਂ ਦਾ ਇਲਾਜ ਫੇਲ੍ਹ ਹੋ ਜਾਂਦਾ ਹੈ ਤੇ ਉਥੇ ਗੁਰਬਾਣੀ ਦਾ ਇਲਾਜ ਸ਼ੁਰੂ ਹੁੰਦਾ ਹੈ।
ਗੁਰਬਾਣੀ ਦੇ ਇਲਾਜ ਨਾਲ ਮਨ ਦਾ ਰੋਗ ਤਾਂ ਠੀਕ ਹੁੰਦਾ ਹੀ ਹੈ ਅਤੇ ਨਾਲ ਹੀ ਮਨ ਕਾਰਨ ਸਰੀਰ ਨੂੰ ਲਗੇ ਰੋਗ ਵੀ ਠੀਕ ਹੋ ਜਾਦੇ ਹਨ। ਇਸ ਤਰ੍ਹਾਂ ਮਨ ਤੇ ਤਨ ਦੋਵੇ ਅਰੋਗ ਹੋ ਜਾਂਦੇ ਹਨ, ਅਤੇ ਇਸ ਨਾਲ ਸੁਖ ਵੀ ਮਿਲਦਾ ਹੈ।
ਜਵੇਂ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਉਸ ਬਿਮਾਰੀ ਦਾ ਕਾਰਨ ਲਭਣਾ ਚੰਗਾ ਹੁੰਦਾ ਹੈ ਇਸੇ ਤਰ੍ਹਾਂ ਮਨ ਦੇ ਰੋਗ ਦਾ ਇਲਾਜ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਇਸ ਰੋਗ ਦਾ ਕਾਰਨ ਲਭਿਆ ਜਾਵੇ ਤਾਂ ਕਿ ਇਸ ਰੋਗ ਨੂੰ ਜੜ੍ਹ ਤੋਂ ਹੀ ਉਖਾੜ ਦਿਤਾ ਜਾਵੇ। ਇਸ ਸਬੰਧ ਵਿਚ ਇਹ ਅਨੁਭਵ ਕੀਤਾ ਗਿਆ ਕਿ ਜਿਵੇਂ ਸਰੀਰ ਨੂੰ ਮੈਲਾ ਰੱਖਿਆ ਜਾਵੇ ਤੇ ਸਰੀਰ ਰੋਗੀ ਹੋ ਜਾਂਦਾ ਹੈ ਇਸੇ ਤਰ੍ਹਾਂ ਜੇ ਮਨ ਮੈਲਾ ਹੋਵੇ ਤੇ ਮਨ ਵੀ ਰੋਗੀ ਹੋ ਜਾਂਦਾ ਹੈ। ਮਨ ਦੀ ਮੈਲ ਹੀ ਮਨ ਦਾ ਰੋਗ ਹੈ। ਗੁਰਬਾਣੀ ਵਿਚ ਇਸ ਰੋਗ ਨੂੰ ਇਸ ਤਰ੍ਹਾਂ ਫਰਮਇਆ ਹੈ: ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (ਪੰਨਾ-੫੫੮) ਭਾਵ ਜੇ ਮਨੁਖ ਦੇ ਮਨ ਵਿਚ ਵਿਕਾਰਾਂ ਦੀ ਮੈਲ ਹੈ; ਮਨ ਵਿਚ ਜੇ ਗੁੱਸੇ,ਗਿਲ੍ਹੇ ਜਾਂ ਸ਼ਿਕਵੇ ਹਨ ਜਾਂ ਫਿਰ ਮਨ ਵਿਚ ਈਰਖਾ, ਵੈਰ, ਵਿਰੋਧ, ਕਰੋਧ ਆਦਿ ਹੈ ਤਾਂ ਮਨ ਮੈਲਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਗੰਦਗੀ ਦਾ ਢੇਰ ਚੁਕਿਆ ਹੋਵੇ। ਇਸ਼ਨਾਨ ਕਰਨ ਨਾਲ ਮਨ ਦੀ ਇਹ ਮੈਲ ਨਹੀਂ ਉਤਰਦੀ ਤੇ ਮਨ ਸਾਫ ਨਹੀਂ ਹੁੰਦਾ। ਇਸ ਲਈ ਮਨ, ਤਨ ਦੋਵੇਂ ਰੋਗੀ ਹੋ ਜਾਂਦੇ ਹਨ।
ਜਿਵੇਂ ਜਿਥੇ ਕਿਤੇ ਵੀ ਗੰਦਗੀ ਦਾ ਢੇਰ ਹੁੰਦਾ ਹੈ ਉਥੇ ਗੰਦਗੀ ਦੇ ਕੀੜੇ ਪੈਦਾ ਹੋ ਜਾਂਦੇ ਹਨ। ਗੰਦਗੀ ਨਾਲ ਕਈ ਤਰ੍ਹਾਂ ਦੇ ਮੱਛਰ ਮੱਖੀਆਂ ਪੈਦਾ ਹੋ ਜਾਂਦੀਆਂ ਹਨ; ਇਸੇ ਤਰ੍ਹਾਂ ਜਦੋਂ ਮਨ ਮੈਲਾ ਹੁੰਦਾ ਹੈ ਜੇਕਰ ਮਨ ਵਿਚ ਗੰਦਗੀ ਭਰੀ ਹੈ ਤਾਂ ਉਥੇ ਬੁਰੇ ਅਤੇ ਨਕਾਰਾਤਮਕ ਵਿਚਾਰ ਉਪਜਦੇ ਹਨ। ਉਥੇ ਨਫਰਤ ਪੈਦਾ ਹੁੰਦੀ ਹੈ। ਜਿਸ ਕਾਰਨ ਸਰੀਰ ਵੀ ਰੋਗੀ ਹੋ ਜਾਂਦਾ ਹੈ।ਇਸ ਲਈ ਇਹ ਵੇਖਣਾ ਹੋਵੇ ਗਾ ਕਿ ਮਨ ਦੀ ਮੈਲ ਉਪਜਦੀ ਕਿਥੋਂ ਹੈ ਭਾਵ ਇਸ ਮੈਲ ਦਾ ਮੂਲ ਕੀ ਹੈ।
ਗੁਰੂ ਸਾਹਿਬ ਨੇ ਮਨ ਦੀ ਮੈਲ ਦਾ ਮੂਲ ਵੀ ਪਹਿਚਾਣਿਆ ਹੈ ਤੇ ਦਸਿਆ ਹੈ: ਹਉਮੈ ਮਾਇਆ ਮੈਲੁ ਹੈ ਮਾਇਆ ਮੈਲ ਭਰੀਜੈ ਰਾਮ॥ (ਪੰਨਾ-੫੭੦) ਭਾਵ ਹਉਮੈ ਅਤੇ ਮਾਇਆ ਆਤਮਕ ਜੀਵਨ ਦੀ ਮੈਲ ਹਨ ਜਿਸ ਨਾਲ ਮਨ ਲਿਬੜਿਆ ਰਹਿੰਦਾ ਹੈ। ਹਉਮੈ ਹੀ ਮਨ ਦੀ ਮੈਲ ਹੈ, ਭਾਵ ਹਉਮੈ ਹੀ ਮਨ ਦੀ ਗੰਦਗੀ ਦਾ ਕੀੜਾ ਹੈ। ਇਸ ਗੰਦਗੀ ਦੇ ਕੀੜੇ ਕਾਰਨ ਹੀ ਸਰੀਰਕ ਰੋਗ ਵੀ ਪੈਦਾ ਹੋ ਜਾਂਦੇ ਹਨ। ਜਿਥੇ ਮੈਲ ਹੈ ਉਥੇ ਰੋਗ ਤੇ ਪੈਦਾ ਹੋਵੇਗਾ ਹੀ। ਇਸ ਤਰ੍ਹਾਂ ਮਨ ਦੇ ਵਿਕਾਰਾਂ ਕਰਕੇ, ਮਨ ਵਿਚ ਧਨ ਦੌਲਤ ਦੀ ਮਾਇਆ ਨਾਲ ਉਪਜੀ ਹਉਮੈ ਦੇ ਕਾਰਨ ਜੇਕਰ ਮਨ ਮੈਲਾ ਹੁੰਦਾ ਹੈ ਤਾਂ ਮਨ ਰੋਗੀ ਹੋਵੇ ਗਾ ਹੀ। ਜੇ ਮਨ ਰੋਗੀ ਹੈ ਤੇ ਸਰੀਰ ਵੀੋ ਰੋਗੀ ਹੋਵੇਗਾ ਹੀ।
ਹੁਣ ਜਦੋਂ ਰੋਗ ਦੇ ਕਾਰਨਾਂ ਦਾ ਪਤਾ ਲਗਿਆ ਤੇ ਫਿਰ ਇਸ ਦਾ ਇਲਾਜ ਵੀ ਦੱਸਿਆ ਹੈ ਤੇ ਉਹ ਇਸ ਤਰ੍ਹਾਂ ਹੈ: ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ (ਪੰਨਾ-੨੬੦) ਭਾਵ ਪ੍ਰੌ: ਸਾਹਿਬ ਸਿੰਘ ਅਨੁਸਾਰ: ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ (ਜਿਸ ਦੀ ਬਰਕਤਿ ਨਾਲ) ਇਸ ਦਾ ਮਨ ਤੇ ਤਨ ਨਰੋਏ ਹੋ ਜਾਂਦੇ ਹਨ। ਪੰਜਾਬੀ ਟ੍ਰਾਂਸਲੇਸ਼ਨ ਅਨੁਸਾਰ: ਜਦ ਸਵੈ-ਹੰਗਤਾ ਮਿਟ ਜਾਂਦੀ ਹੈ, ਤਦ ਠੰਢ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਆਤਮਾ ਤੇ ਦੇਹਿ ਤੰਦਰੁਸਤ ਹੋ ਜਾਂਦੇ ਹਨ। ਗੁਰਬਾਣੀ ਵਿਚ ਦਰਸਾਇਆ ਇਹ ਨੁਕਤਾ ਵਿਗਿਆਨਕ ਅਧਾਰ ਤੇ ਪੂਰਾ ਉਤਰਦਾ ਹੈ। ਕਿਉਂਕਿ ਖੁਦੀ ਈਗੋ (ਓਗੋ) (ਹਉਮੈ) ਹਾਈਪਰ ਟੈਨਸ਼ਨ ਦੀ ਜਨਮ ਦਾਤਾ ਹੈ ਤੇ ਇਸ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸੇ ਲਈ ਖੁਦੀ ਨੂੰ ਭਾਵ ਹਉਮੈ ਨੂੰ ਧੀਰਘ ਰੋਗ ਕਿਹਾ ਹੈ। ਇਸ ਦੇ ਇਲਾਜ ਦਾ ਇਕੋ ਇਕ ਨੁਸਖਾ ਹੈ: ਖੁਦੀ ਮਿਟਾ ਦਿਓ ਇਸ ਨਾਲ ਵਿਕਾਰਾਂ ਦੀ ਮੈਲ ਵੀ ਉਤਰ ਜਾਵੇਗੀ ਤੇ ਸਿਹਤ ਆਪਣੇ ਆਪ ਠੀਕ ਹੋ ਜਾਵੇਗੀ। ਇਸੇ ਲਈ ਗੁਰੂ ਸਾਹਿਬ ਫਰਮਾਉਂਦੇ ਹਨ: ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ॥ (ਪੰਨਾ-੭੭੩) ਭਾਵ- ਹਉਮੈ ਦਾ ਦੁਖ ਇਕ ਪੀੜਾ ਹੈ ਜਦੋਂ ਹੋਉਮੈ ਤੋ ਮੁਕਤੀ ਪਾ ਲਿੱਤੀ ਜਾਵੇ ਤਾਂ ਸਰੀਰ ਨਿਰੋਆ ਹੋ ਜਾਂਦਾ ਹੈ। ਦਵਾਈਆਂ ਖਾਣ ਦਾ ਝੰਝਟ ਹੀ ਖਤਮ ਹੋ ਜਾਵੇਗਾ। ਖੁਦੀ (ਹੰਕਾਰ) ਹੀ ਬਹੁਤ ਬਿਮਾਰੀਆਂ ਦੀ ਜੜ੍ਹ ਹੈ। ਅਸਲਿਅਤ ਇਹ ਹੈ ਕਿ ਹਉਮੈ, ਹੰਕਾਰ, ਖੁਦੀ ਕਾਰਨ ਹੀ ਸਭ ਵਿਕਾਰ ਉਪਜਦੇ ਹਨ ਅਤੇ ਵਿਕਾਰ ਮਨ ਤੇ ਤਨ ਰੋਗੀ ਕਰ ਦਿੰਦੇ ਹਨ।
ਭਾਵੇਂ ਖੁਦੀ ਤੋਂ ਛੁਟਕਾਰਾ ਪਾਉਣਾਂ ਕੋਈ ਸਰਲ ਕੰਮ ਨਹੀਂ ਪਰ ਜੇਕਰ ਗੁਰਬਾਣੀ ਦੀ ਟੇਕ ਲਿੱਤੀ ਹੈ ਤੇ ਗੁਰਬਾਣੀ ਇਸ ਦਾ ਵੀ ਹੱਲ ਦਸਦੀ ਹੈ। ਗੁਰਬਾਣੀ ਦਾ ਫਰਮਾਨ ਹੈ: ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ (ਪੰਨਾ-੬੧੧) ਭਾਵ ਇਹ ਕਿ ਸਿਹਤ ਤੰਦੁਰਸਤੀ ਲਈ ਕਰਿ ਇਸਨਾਨੁ, ਭਾਵ ਸਰੀਰ ਨੂੰ ਸਾਫ ਸੁਥਰਾ ਰਖਿਆ ਜਾਵੇ, ਜਿਥੇ ਸਰੀਰ ਨੂੰ ਸਾਫ ਸੁਥਰਾ ਰਖਣਾ ਹੈ ਤੇ ਨਾਲ ਹੀ ਕਿਹਾ ਹੈ ਸਿਮਰ ਪ੍ਰਭੁ ਅਪਨਾ, ਭਾਵ ਇਹ ਹੈ ਕਿ ਪ੍ਰਭੂ ਦੇ ਗੁਣ ਜੋ ਕਿ ਚੰਗੇ ਗੁਣ ਹੁੰਦੇ ਹਨ ਉਨ੍ਹਾਂ ਦੀ ਪਹਿਚਾਨ ਕਰ ਕੇ ਉਨ੍ਹਾਂ ਗੁਣਾਂ ਨੂੰ ਯਾਦ ਰਖਿਆ ਜਾਵੇ, ਉਨ੍ਹਾਂ ਗੁਣਾਂ ਨੂੰ ਅਪਣਾਇਆ ਜਵੇ, ਗ੍ਰਹਿਣ ਕੀਤਾ ਜਾਵੇ, ਇਹ ਹੁੰਦਾ ਹੈ ਪ੍ਰਭੂ ਨੂੰ ਸਿਮਰਨਾ, ਜਿਸ ਨਾਲ ਮਨ ਤੇ ਤਨ ਦੋਵੇਂ ਸਾਫ ਸੁਥਰੇ ਤੇ ਅਰੋਗ ਹੋ ਜਾਂਦੇ ਹਨ। ਇਸ ਤਰ੍ਹਾਂ ਨਾ ਸਿਰਫ ਸਿਹਤ ਹੀ ਠੀਕ ਰਹਿੰਦੀ ਹੈ ਸਗੋਂ ਜੀਵਨ ਵੀ ਸੁਖੀ ਤੇ ਖੇੜੇ ਵਾਲਾ ਤੇ ਖੁਸ਼ਹਾਲ ਹੋ ਜਾਂਦਾ ਹੈ।
ਇਸ ਸੰਬੰਧ ਵਿਚ ਇੱਕ ਹੋਰ ਮਿੱਠੀ ਦਵਾਈ ਵੀ ਦੱਸੀ ਹੈ ਅਤੇ ਕਿਹਾ ਹੈ: ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਬਿਨਸਿ ਜਾਇ ਹਉਮੈ ਬਿਖ ਫੈਲ॥ (ਪੰਨਾ-੨੮੯) ਭਾਵ ਰੱਬੀ ਗੁਣਾਂ ਨੂੰ ਯਾਦ ਰੱਖਿਆ ਜਾਵੇ ਅਤੇ ਉਨ੍ਹਾਂ ਚੰਗੇ ਗੁਣਾਂ ਨੂੰ ਅਪਨਾਇਆ ਜਾਵੇ ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜੇਕਰ ਕਿਸੇ ਪ੍ਰਤੀ ਮਨ ਵਿਚ ਗੁੱਸਾ ਹੈ ਗਿਲਾ ਹੈ, ਜਾਂ ਕਿਸੇ ਪ੍ਰਤੀ ਮਨ ਵਿਚ ਰੋਸ ਹੈ ਤਾਂ ਜੇਕਰ ਉਸੇ ਵਿਅਕਤੀ ਦੇ ਗੁਣਾਂ ਨੂੰ ਲੱਭਣਾਂ ਸ਼ੁਰੂ ਕਰ ਦਿਤਾ ਜਾਵੇ, ਉਸ ਦੇ ਗੁਣਾਂ ਨੂੰ ਸਲ੍ਹਾਇਆ ਜਾਵੇ ਉਸ ਦੇ ਗੁਣ ਗਾਏ ਜਾਨ ਤਾਂ ਉਸ ਪ੍ਰਤੀ ਮਨ ਵਿਚ ਜੋ ਮੈਲ ਸੀ ਉਹ ਸਾਫ ਹੋ ਜਾਵੇਗੀ ਅਤੇ ਉੇਸੇ ਪ੍ਰਤੀ ਪਿਆਰ ਉਪਜ ਜਾਵੇਗਾ, ਇਹ ਹੀ ਹੈ ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਇਸ ਤਰ੍ਹਾਂ ਉਹ ਹੀ ਵਿਅਕਤੀ ਚੰਗਾ ਲਗਣ ਲੱਗ ਜਾਵੇ ਗਾ।ਇਸ ਤਰ੍ਹਾਂ ਮਨ ਦੀ ਮੈਲ ਉਤਰ ਜਾਵੇਗੀ ਅਤੇ ਹਉਮੈ ਕਾਰਨ ਜੋ ਮੈਲ ਫੈਲਣੀ ਸੀ ਉਹ ਰੁਕ ਜਾਵੇਗੀ ਅਤੇ ਜਦੋਂ ਮਨ ਸਾਫ ਹੋ ਗਿਆ ਤੇ ਕਾਇਆ ਨਿਰੋਗ ਹੋ ਗਈ।
ਨਿਰੋਗੀ ਕਾਇਆ ਵਾਸਤੇ ਜਿਥੇ ਗੁਰਬਾਣੀ ਵਿਚ ਮਨ ਦੇ ਰੋਗ ਲੱਗਣ ਦੇ ਕਾਰਨ ਅਤੇ ਇਲਾਜ ਦੱਸੇ ਹਨ, ਉਥੇ ਨਾਲ ਪਰਹੇਜ਼ ਕਰਨ ਲਈ ਵੀ ਤਾਕੀਦ ਕੀਤੀ ਹੈ: ਗੁਰਬਾਣੀ ਦਾ ਫਰਮਾਨ ਹੈ: ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ-੩੮੬)॥ ਭਾਵ ਇਹ ਕਿ ਮਨ ਵਿਚ ਕਿਸੇ ਪ੍ਰਤੀ ਬੁਰਾ ਨਾ ਸੋਚੋ ਕਿਸੇ ਦੀ ਬੁਰਾਈ ਨਾ ਚਿਤਵੋ ਇਸ ਤਰ੍ਹਾਂ ਮਨ ਸਾਫ ਰਵੇਗਾ। ਇਹ ਤਾਂ ਹੀ ਹੋ ਸਕਦਾ ਹੈ ਜੇ ਮਨ ਵਿਚ ਈਰਖਾ ਵੈਰ ਵਿਰੋਧ ਤੇ ਗੁੱਸਾ ਨਾ ਹੋਵੇ, ਮਨ ਵਿਚ ਗਿਲੇ ਸ਼ਿਕਵੇ ਨਾ ਹੋਣ। ਜੇ ਮਨ ਸਾਫ ਹੋਵੇਗਾ ਤੇ ਤਾਂ ਹੀ ਮਨ ਅਰੋਗ ਰਹੇ ਗਾ। ਰੋਗ ਤਾਂ ਗੰਦਗੀ ਕਰਕੇ ਹੀ ਲਗਦਾ ਹੈ। ਇਸੇ ਤਰ੍ਹਾਂ ਫਿਰ ਫਰਮਾਇਆ ਹੈ: ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ-੧੩੮੧) ਇਸ ਦੇ ਅਰਥ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਹਨ ਕਿ ਫਰੀਦ ਜੀ ਆਖਦੇ ਹਨ ਕਿ ਬੁਰੇ ਦਾ ਭਲਾ ਕਰ ਭਾਵ ਆਪਣੇ ਬੁਰੇ ਖਿਆਲਾਂ ਨੂੰ ਚੰਗੇ ਖਿਆਲਾਂ ਵਿਚ ਬਦਲ ਮਨ ਵਿਚ ਗੁੱਸਾ ਨਾ ਆਉਣ ਦੇ ਭਾਵ ਬਦਲੇ ਦੀ ਭਾਵਣਾ ਨਾ ਰੱਖ ਸਗੋਂ ਉਦਮ ਕਰ ਤੇ ਬੁਰੇ ਵਿਅਕਤੀ ਨੂੰ ਚੰਗੇ ਰਸਤੇ ਪਾ। ਇਸ ਤਰ੍ਹਾਂ ਦੇਹ, ਸਰੀਰ ਨੂੰ ਰੋਗ ਨਹੀਂ ਲਗੇਗਾ ਪਲੈ ਸਭੁ ਕਿਛੁ ਪਾਇ ਭਾਵ ਤੇਰੇ ਚੰਗੇ ਗੁਣ ਪ੍ਰਫੁਲਤ ਹੋਣਗੇ ਤੇ ਤੂੰ ਅਰੋਗ ਰਹੇਗਾ। ਇਸ ਤਰ੍ਹਾਂ ਹੋਵੇਗਾ ਮਨ ਤਨ ਭਏ ਅਰੋਗਾ ਤੇ ਇਸ ਤਰ੍ਹਾਂ ਹੋਵੇ ਗੀ ਨਿਰੋਗੀ ਕਾਇਆ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਵਾਦੀ ਹੋਵਾਂਗਾ।

(ਐਡਵੋਕੇਟ ਸੁਰਿੰਦਰ ਸਿੰਘ ਕੰਵਰ)

kanwar238@yahoo.com

Welcome to Punjabi Akhbar

Install Punjabi Akhbar
×
Enable Notifications    OK No thanks