ਸਿਹਤਮੰਦ ਆਸਟ੍ਰੇਲੀਆਈ -50 ਸਾਲਾਂ ਤੋਂ ਘੱਟ ਉਮਰ ਵਾਲਿਆਂ ਨੂੰ ਵੀ ਲਗਾਈ ਜਾ ਰਹੀ ਫਾਈਜ਼ਰ ਵੈਕਸੀਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੀ ਰਾਜਧਾਨੀ ਵਿੱਚ ਇੱਕ ਹੋਰ ਚਰਚਾ ਗਰਮ ਹੋ ਗਈ ਹੈ ਕਿ ਅਜਿਹੇ ਸਿਹਤਮੰਦ ਨਾਗਰਿਕ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਘੱਟ ਹੈ ਅਤੇ ਉਹ ਕਿਸੇ ਕਿਸਮ ਦੀ ਮੈਡੀਕਲ ਟ੍ਰੀਟਮੈਂਟ ਵੀ ਨਹੀਂ ਲੈ ਰਹੇ ਹਨ, ਨੂੰ ਵੀ ਕੈਨਬਰਾ ਵਿੱਚ ਫਾਈਜ਼ਰ ਵੈਕਸੀਨ ਦਿੱਤੀ ਜਾ ਰਹੀ ਹੈ।
ਹਾਲਾਂਕਿ ਜਿਹੜੇ ਕਰੋਨਾ ਦੀ ਵੈਕਸੀਨ ਦੇ ਵਿਤਰਣ ਵਾਸਤੇ ਨਿਯਮ ਬਣਾਏ ਗਏ ਹਨ ਉਨ੍ਹਾਂ ਅਨੁਸਾਰ ਤਾਂ ਹਾਲ ਦੀ ਘੜੀ ਵਿਤਰਣ ਦਾ 1ਏ ਅਤੇ 1ਬੀ ਪੜਾਅ ਚੱਲ ਰਿਹਾ ਹੈ। 1ਏ ਅਨੁਸਾਰ ਤਾਂ ਅਜਿਹੇ ਵਿਅਕਤੀ ਜੋ ਕਿ ਕੁਆਰਨਟੀਨ ਵਿੱਚ ਹਨ, ਬਾਰਡਰ ਵਰਕਰ ਹਨ, ਫਰੰਟਲਾਈਨ ਸਿਹਤ ਕਰਮਚਾਰੀ ਹਨ, ਅਤੇ ਬਜ਼ੁਰਗ ਅਤੇ ਅਪੰਗਤਾ ਝੇਲ ਰਹੇ ਲੋਕ ਸ਼ਾਮਿਲ ਹਨ। ਅਤੇ 1ਬੀ ਅਨੁਸਾਰ, ਦੂਸਰੇ ਸਿਹਤ ਕਰਮਚਾਰੀ, ਕੁਆਰਨਟੀਨ ਅਤੇ ਬਾਰਡਰ ਵਰਕਰਾਂ ਦੇ ਘਰੇਲੂ ਮੈਂਬਰ, ਡਿਫੈਂਸ, ਆਪਾਤਕਾਲੀਨ ਵਰਕਰ, ਮੀਟ ਦੇ ਉਤਪਾਦਨ ਵਾਲੇ ਵਰਕਰ, ਅਤੇ ਅਜਿਹੇ ਲੋਕ ਜੋ ਕਿ ਕਿਸੇ ਬਿਮਾਰੀ ਨਾਲ ਪੀੜਿਤ ਹਨ ਅਤੇ ਜ਼ੇਰੇ ਇਲਾਜ ਹਨ, ਨੂੰ ਹੀ ਉਕਤ ਵੈਕਸੀਨ ਦਿੱਤੀ ਜਾਣੀ ਸੀ। ਇਨ੍ਹਾਂ ਵਿੱਚ 70 ਸਾਲਾਂ ਤੋਂ ਉਪਰ ਵਾਲੇ ਬਜ਼ੁਰਗ ਅਤੇ 50 ਅਤੇ ਇਸਤੋਂ ਉਪਰ ਵਾਲੇ ਇੰਡੀਜੀਨਸ ਲੋਕ ਵੀ ਸ਼ਾਮਿਲ ਹਨ। ਅਤੇ ਇਹ ਵੀ ਸਾਫ ਹੈ ਕਿ ਆਮ ਲੋਕਾਂ ਦੀ ਅਜਿਹੀ ਸ਼੍ਰੇਣੀ ਜੋ ਕਿ 50 ਸਾਲਾਂ ਤੋਂ ਘੱਟ ਹੈ, ਸਿਹਤਮੰਦ ਹੈ ਅਤੇ ਕਿਸੇ ਬਿਮਾਰੀ ਆਦਿ ਨਾਲ ਨਹੀਂ ਜੂਝ ਰਹੀ ਹੈ, ਉਹ ਹਾਲ ਦੀ ਘਡੀ ਕਿਸੇ ਸ਼੍ਰੇਣੀ ਵਿੱਚ ਨਹੀਂ ਹਨ।
ਏ.ਸੀ.ਟੀ. ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਲੋਕ ਜਿਹੜੇ ਕਿ ਹਾਲੇ ਕਰੋਨਾ ਦੀ ਵੈਕਸੀਨ ਲੈਣ ਵਾਲੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਵੀ ਆਪਣੀਆਂ ਆਪਣੀਆਂ ਅਪੁਆਇੰਟਮੈਂਟਾਂ ਦੇ ਜ਼ਰੀਏ ਕਰੋਨਾ ਦੀ ਵੈਕਸੀਨ ਲੈਣ ਵਿੱਚ ਕਾਮਯਾਬ ਹੋ ਚੁਕੇ ਹਨ ਅਤੇ ਇਹ ਵੈਕਸੀਨ ਗਾਰਾਨ ਸਰਜ ਸੈਂਟਰ ਵਿਖੇ ਲਗਾਈ ਗਈ ਹੈ। ਹਾਲਾਂਕਿ ਏ.ਸੀ.ਟੀ. ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਲਗਾਤਾਰ ਅਜਿਹੀਆਂ ਚਿਤਾਵਨੀਆਂ ਅਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹੀ ਲੋਕ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਜੋ ਕਿ ਸਰਕਾਰ ਦੀ ਸੂਚੀ ਅਤੇ ਮਾਪਦੰਢਾਂ ਅਨੁਸਾਰ ਅਨੁਕੂਲ ਹਨ। ਅਤੇ ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ।

Install Punjabi Akhbar App

Install
×