ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਨੇ ਸਿਡਨੀ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਨਿਵਾਸੀਆਂ ਨੂੰ ਮੱਛਰ ਤੋਂ ਬਚਣ ਦੀਆਂ ਚਿਤਾਵਨੀਆਂ ਜਾਰੀ ਕਰਦਿਆਂ ਕਿਹਾ ਹੈ ਕਿ ਨਾਰਾਬੀਨ ਲੈਗੂਨ ਖੇਤਰ ਵਿੱਚ ਬੀਤੇ 3 ਮਹੀਨਿਆਂ ਦੌਰਾਨ ਮੱਛਰਾਂ ਵਿੱਚ ਰੋਸ ਰਿਵਰ ਵਾਇਰਸ ਪਾਇਆ ਗਿਆ ਹੈ ਅਤੇ ਇਸ ਮਹੀਨੇ ਬਾਰਮਾਹ ਫੋਰੈਸਟ ਵਾਇਰਸ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਉਤਰੀ ਬੀਚਾਂ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਬਾਰਮਾਹ ਫੋਰੈਸਟ ਵਾਇਰਸ, ਮਾਦਾ ਮੱਛਰ ਦੇ ਕੱਟਣ ਕਾਰਨ ਫੈਲਦਾ ਹੈ। ਕਈ ਲੋਕਾਂ ਨੂੰ ਤਾਂ ਇਸ ਦਾ ਪਤਾ ਹੀ ਨਹੀਂ ਚਲਦਾ ਅਤੇ ਕਈਆਂ ਨੂੰ (ਜ਼ਿਆਦਾਤਰ ਸਵੇਰ ਦੇ ਸਮੇਂ) ਬੁਖ਼ਾਰ, ਸਰਦੀ, ਸਿਰਦਰਦ, ਮਾਸ-ਪੇਸ਼ੀਆਂ ਦੇ ਦਰਦ, ਜੋੜਾਂ ਵਿੱਚ ਸੂਜਨ, ਸਰੀਰਕ ਅਕੜਾਹਟ ਅਤੇ ਦਰਦ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।
ਰੋਸ ਰਿਵਰ ਵਾਇਰਸ ਵੀ ਮਾਦਾ ਮੱਛਰਾਂ ਦੇ ਕੱਟਣ ਕਾਰਨ ਹੀ ਫੈਲਦਾ ਹੈ ਅਤੇ ਇਸ ਹਾਲਤ ਵਿੱਚ ਵੀ, ਉਪਰੋਕਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਈ ਲੋਕਾਂ ਨੂੰ ਕਰਨਾਂ ਪੈ ਸਕਦਾ ਹੈ।
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਲਾ-ਨੀਨਾ ਚੱਕਰਵਾਤ ਕਾਰਨ ਮੱਛਰਾਂ ਦੀ ਜਨਸੰਖਿਆ ਵਿੱਚ ਆਮ ਨਾਲੋਂ, ਚੌਖਾ ਵਾਧਾ ਹੁੰਦਾ ਹੈ। ਇਸ ਤੋਂ ਬਚਣ ਵਾਸਤੇ ਸਭ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਸਰੀਰ ਦੇ ਅੰਗਾਂ ਨੂੰ ਵੱਧ ਤੋਂ ਵੱਧ ਢੱਕ ਕੇ ਰੱਖਿਆ ਜਾਵੇ। ਮੱਛਰਾਂ ਆਦਿ ਨੂੰ ਮਾਰਨ ਵਾਲੇ ਪਦਾਰਥ ਇਸਤੇਮਾਲ ਕੀਤੇ ਜਾਣ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਮੱਛਰਾਂ ਤੋਂ ਬੱਚ ਕੇ ਰਿਹਾ ਜਾਵੇ ਕਿਉਂਕਿ ਇਸ ਸਮੇਂ ਇਹ ਜ਼ਿਆਦਾ ਹਮਲਾ ਕਰਦੇ ਹਨ।
ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਘਰਾਂ ਦੇ ਆਲ਼ੇ-ਦੁਆਲ਼ੇ ਦੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਕਿਤੇ ਵੀ ਕੋਈ ਅਜਿਹਾ ਖਾਲੀ ਡੱਬਾ, ਟਾਇਰ, ਬੱਚਿਆਂ ਦੇ ਖਿਡੌਣੇ, ਪੰਛੀਆਂ ਲਈ ਪਾਣੀ ਆਦਿ ਲਈ ਰੱਖੇ ਜਾਣ ਵਾਲੇ ਭਾਂਡੇ ਨਾ ਹੋਣ ਜਿਨ੍ਹਾਂ ਵਿੱਚ ਕਿ ਖਰਾਬ ਪਾਣੀ ਇਕੱਠਾ ਹੋਵੇ ਅਤੇ ਮੱਛਰਾਂ ਨੂੰ ਪਲਣ-ਪੋਸ਼ਣ ਲਈ ਥਾਂ ਮਿਲੇ।