ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਤਰਨਤਾਰਨ ਤੋਂ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

ttpannuphoto01
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਬੀਮਾ ਕਾਰਡ ਵੰਡਣ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਰੂ ਨਗਰੀ ਤਰਨਤਾਰਨ ਸਾਹਿਬ ਤੋਂ ਕਰ ਦਿੱਤੀ ਗਈ ਹੈ। ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦਾ ਅਹਿਦ ਦੋਹਰਾਉਂਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਹੀ ਹੈ ਜੋ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਾਰੇ ਵਰਗਾਂ, ਖਾਸ ਤੌਰ ‘ਤੇ ਕਿਸਾਨਾਂ ਦੀ ਭਲਾਈ ਲਈ ਦਿਲੋਂ ਸੋਚਦੀ ਹੈ। ਇੱਥੇ ਅਨਾਜ ਮੰਡੀ ਵਿਚ ਭਗਤ ਪੂਰਣ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਮੁਫਤ ਬੀਮਾ ਕਾਰਡ ਵੰਡਣ ਲਈ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਕਿਸਾਨਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਸਿਰਫ ਅਕਾਲੀ-ਭਾਜਪਾ ਸਰਕਾਰ ਹੈ ਜੋ ਕਿਸਾਨਾਂ ਦਾ ਦਰਦ ਸਮਝਦੀ ਹੈ ਅਤੇ ਉਨ੍ਹਾਂ ਲਈ ਕਈ ਭਲਾਈ ਸਕੀਮਾਂ ਵੀ ਲੈ ਕੇ ਆਈ ਹੈ। ਇਸੇ ਫਹਿਰਿਸਤ ਵਿਚ ਹੁਣ ਮੁਫਤ ਸਿਹਤ ਬੀਮਾ ਯੋਜਨਾ ਵੀ ਜੁੜ ਗਈ ਹੈ। ਕਾਂਗਰਸ ਨੂੰ ਪੰਜਾਬੀਆਂ ਅਤੇ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਦੇ ਆਗੂ ਕਾਂਗਰਸੀ ਰਾਜ ਦੌਰਾਨ ਵਿਕਾਸ ਦੀ ਇਕ ਵੀ ਪ੍ਰਾਪਤੀ ਨਹੀਂ ਗਿਣਾ ਸਕੇ। ਉਨ੍ਹਾਂ ਕਿਹਾ ਕਿ ਬਲਕਿ ਇਸ ਦੇ ਉਲਟ ਕਾਂਗਰਸ ਨੇ ਹਮੇਸ਼ਾਂ ਹੀ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਹੀ ਪਹੁੰਚਾਇਆ ਹੈ। ਆਮ ਆਦਮੀ ਪਾਰਟੀ ‘ਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਉਵੇਂ ਹੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਗੁਰੂਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਪਿਆਊ ਤੋੜ ਕੇ ਦੁਨੀਆਂ ਭਰ ਦੇ ਸਿੱਖ ਮਨਾਂ ਅਤੇ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਇਕ ਦੋਹਰੇ ਮਾਪਦੰਡ ਵਾਲਾ ਵਿਅਕਤੀ ਹੈ ਅਤੇ ਐਸਵਾਈਐਲ ਦੇ ਮੁੱਦੇ ‘ਤੇ ਜਿਸ ਤਰ੍ਹਾਂ ਉਸ ਨੇ ਬਿਆਨਬਾਜ਼ੀ ਬਦਲੀ ਹੈ ਇਸ ਨਾਲ ਉਸ ਦੇ ਮੌਕਾਪ੍ਰਸਤ ਅਤੇ ਦੋਗਲੇਪਣ ਵਾਲਾ ਕਿਰਦਾਰ ਜਗਜਾਹਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਉਹ ਐਸਵਾਈਐਲ ਨਹਿਰ ਨਾ ਬਣਾਉਣ ਦੀ ਗੱਲ ਕਰਦਾ ਹੈ ਅਤੇ ਦਿੱਲੀ ਜਾਂਦਿਆਂ ਹੀ ਆਪਣੀ ਬਿਆਨਬਾਜ਼ੀ ਬਦਲ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਕੇਜਰੀਵਾਲ ਨੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਨੇ ਪੰਜਾਬ ਉੱਤੇ ਅੱਖ ਰੱਖੀ ਹੋਈ ਹੈ ਪਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅੱਗੇ ਉਸ ਦਾ ਕੋਈ ਮੁਕਾਬਲਾ ਨਹੀਂ।
ਪੰਜਾਬੀਆਂ ਨੂੰ ਆਪਣੇ ਅਤੇ ਬੇਗਾਨੇ ਦੀ ਪਛਾਣ ਕਰਨ ਦੀ ਅਪੀਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ ਤਾਂ ਇਸ ਨਾਲ ਸਾਰਾ ਸਿੱਖ ਭਾਈਚਾਰਾ ਮਜ਼ਬੂਤ ਹੋਵੇਗਾ। ਇਸ ਤੋਂ ਪਹਿਲਾਂ ਕਿਸਾਨ ਸਿਹਤ ਬੀਮਾ ਸਕੀਮ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਰਾਹੀਂ ਕਿਸਾਨ ਅਤੇ ਉਸ ਦਾ ਪਰਿਵਾਰ 50000 ਰੁਪਏ ਤੱਕ ਦਾ ਸਾਲਾਨਾ ਮੁਫਤ ਇਲਾਜ ਕਰਵਾ ਸਕਣਗੇ ਅਤੇ ਹਾਦਸੇ ਵਿਚ ਮੌਤ ਹੋਣ ਜਾਂ ਅਪੰਗਤਾ ਦੀ ਹਾਲਤ ਵਿਚ ਪਰਿਵਾਰ ਨੂੰ 5 ਲੱਖ ਰੁਪਏ ਦੀ ਰਾਹਤ ਰਾਸ਼ੀ ਮਿਲੇਗੀ। ਇਸ ਤੋਂ ਇਲਾਵਾ ਹੋਰ ਭਲਾਈ ਸਕੀਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਹੈ, ਹੁਣ ਕਿਸਾਨ 50000 ਰੁਪਏ ਤੱਕ ਵਿਆਜ਼ ਰਹਿਤ ਕਰਜ਼ਾ ਲੈ ਸਕਣਗੇ, ਕਿਸਾਨਾਂ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਜਿਨ੍ਹਾਂ ਕਿਸਾਨਾਂ ਨੇ ਪਹਿਲਾ ਅਪਲਾਈ ਕੀਤਾ ਸੀ, ਨੂੰ ਪਹਿਲ ਦੇ ਆਧਾਰ ‘ਤੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅਤੇ ਪੰਜਾਬੀ ਸੂਬਾ ਮੋਰਚੇ ਦੇ ਸੰਘਰਸ਼ੀ ਯੋਧਿਆਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਟਾ-ਦਾਲ ਸਕੀਮ, ਪਿੰਡਾਂ ਵਿਚ ਦਲਿਤਾਂ ਲਈ ਧਰਮਸ਼ਾਲਾਵਾਂ, ਨਵੀਆਂ ਮੰਡੀਆਂ ਅਤੇ ਫੋਕਲ ਪੁਆਇੰਟਾਂ ਦੀ ਉਸਾਰੀ ਅਤੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਵਰਗੀਆਂ ਭਲਾਈ ਸਕੀਮਾਂ ਨਿਰਵਿਘਨ ਜਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਕਾਸ ਦੀ ਗਤੀ ਵਿਚ ਤੇਜ਼ੀ ਲਿਆਂਉਂਦਿਆਂ ਹਰੇਕ ਤਿੰਨ-ਚਾਰ ਹਲਕਿਆਂ ਪਿੱਛੇ ਇਕ ਸਕਿੱਲ ਸੈਂਟਰ ਸਥਾਪਿਤ ਕੀਤਾ ਜਾਵੇਗਾ ਜਿੱਥੇ ਉਦਯੋਗਾਂ ਦੀ ਮੰਗ ਦੇ ਹਿਸਾਬ ਨਾਲ 1000 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ 2174 ਸੇਵਾ ਕੇਂਦਰ ਵੀ ਅਗਲੇ ਤਿੰਨ ਮਹੀਨਿਆਂ ਦੌਰਾਨ ਸ਼ੁਰੂ ਹੋ ਜਾਣਗੇ ਜਿੱਥੇ ਲੋਕਾਂ ਨੂੰ ਘਰ ਬੈੀਠਆਂ ਹੀ ਆਨਲਾਈਨ ਸਰਕਾਰੀ ਸੇਵਾਵਾਂ ਮਿਲਣਗੀਆਂ।  ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਹਰੇਕ ਹਲਕੇ ਦੇ ਵਿਕਾਸ ਲਈ 25-30 ਕਰੋੜ ਰੁਪਏ ਵੀ ਦਿੱਤੇ ਜਾਣਗੇ ਅਤੇ ਸੂਬੇ ਦੇ ਚਹੁੰਮੁਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਵਲ ਨੰਬਰ ਦਾ ਸੂਬਾ ਬਣਾ ਕੇ ਹੀ ਦਮ ਲਵਾਂਗੇ। ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ, ਸ. ਹਰਮੀਤ ਸਿੰਘ ਸੰਧੂ ਦੋਵੇਂ ਮੁੱਖ ਸੰਸਦੀ ਸਕੱਤਰ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਵਿਧਾਇਕ ਨੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤਰਨਤਾਰਨ ਸਾਹਿਬ ਤੋਂ ਕਰਨ ਲਈ ਸ. ਬਾਦਲ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਔਖੀ ਘੜੀ ਵਿਚ ਕਿਸਾਨੀ ਦੀ ਬਾਂਹ ਫੜਨੀ ਸ੍ਰੋਮਣੀ ਅਕਾਲੀ ਦਲ ਦੀ ਰਿਵਾਇਤ ਰਹੀ ਹੈ ਅਤੇ ਕਿਸਾਨਾਂ ਲਈ ਇਹ ਬੀਮਾ ਯੋਜਨਾ ਰਾਜ ਸਰਕਾਰ ਵੱਲੋਂ ਇਕ ਵੱਡੀ ਢਾਰਸ ਸਾਬਤ ਹੋਈ ਹੈ। ਇਸ ਮੌਕੇ ਤੇ ਸ. ਮਨਜੀਤ ਸਿੰਘ ਮੰਨਾ ਵਿਧਾਇਕ ਬਾਬਾ ਬਕਾਲਾ, ਭਾਈ ਮਨਜੀਤ ਸਿੰਘ ਸਾਬਕਾ ਚੇਅਰਮੈਨ, ਸ. ਭੁਪਿੰਦਰ ਸਿੰਘ ਖੇੜਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ, ਸ. ਰਮਨਦੀਪ ਸਿੰਘ ਭਰੋਵਾਲ, ਸ. ਇਕਬਾਲ ਸਿੰਘ ਸੰਧੂ ਮੈਂਬਰ ਐਸ.ਐਸ.ਬੋਰਡ, ਸ. ਗੌਰਵਦੀਪ ਸਿੰਘ ਵਲਟੋਹਾ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਵਿਚੋਂ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਮਨਮੋਹਨ ਕੁਮਾਰ ਸ਼ਰਮਾ ਐਸ.ਐਸ.ਪੀ., ਸ. ਬਖਤਾਵਰ ਸਿੰਘ, ਸ. ਰਣਬੀਰ ਸਿੰਘ ਦੋਵੇਂ ਏ.ਡੀ.ਸੀ. ਜਨਰਲ ਤੇ ਵਿਕਾਸ, ਸ. ਵਰਿੰਦਰਪਾਲ ਸਿੰਘ ਸੈਣੀ ਡਿਪਟੀ ਚੀਫ ਇੰਜੀਨੀਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ।

Install Punjabi Akhbar App

Install
×