ਮਾਮਲਾ ਨਾਗਪੁਰ ਦੀ ਸਿੱਖ ਸੰਗਤ ਨੂੰ ਹਜ਼ੂਰੀ ਰਾਗੀ ਨਾ ਭੇਜਣ ਦਾ

ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਨੂੰ ਜਵਾਬਦੇਹ ਨਹੀਂ?

DramaticQuestionMark
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧ ਵਿਚਲੇ ਨਿਘਾਰ ਅਤੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਰਗੇ ਗੰਭੀਰ ਮੁੱਦਿਆਂ ਕਾਰਨ ਹਮੇਸ਼ਾ ਹੀ ਚਰਚਾ ਵਿਚ ਰਹੀ ਹੈ। ਸਵ: ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਸਮੇਂ ਵੀ ਭਾਵੇਂ ਗੁਰਦੁਆਰਾ ਪ੍ਰਬੰਧ ਵਿਚ ਕਮੀਆਂ ਬਹੁਤ ਰਹੀਆਂ ਸਨ ਪਰੰਤੂ ਬਾਦਲ ਪਰਿਵਾਰ ਦੇ ਮੁਕੰਮਲ ਕਬਜ਼ੇ ਤੋ ਬਾਅਦ ਜੋ ਸਿੱਖੀ ਸਿਧਾਂਤਾਂ ਦਾ ਘਾਣ ਸ੍ਰ ਪਰਕਾਸ਼ ਸਿੰਘ ਬਾਦਲ ਦੇ ਹਿੱਸੇ ਆਇਆ ਹੈ ਉਹ ਸ਼ਾਇਦ ਭਵਿੱਖ ਵਿਚ ਕਿਸੇ ਵੀ ਕਾਬਜ਼ ਧਿਰ ਦੇ ਹਿੱਸੇ ਨਾ ਆ ਸਕੇ। ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਿੱਖ ਵਿਰੋਧੀ ਕੱਟੜਵਾਦੀ ਸੰਸਥਾ ਆਰ ਐਸ ਐਸ ਨਾਲ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕੇ ਪਈ ਸਾਂਝ ਸਿੱਖ ਕੌਮ ਲਈ ਹਲਕੀ ਜ਼ਹਿਰ ਬਣ ਗਈ, ਜਿਸ ਨੇ ਕੌਮ ਦੀਆਂ ਰਗਾਂ ਚ ਸ਼ਾਮਲ ਹੁੰਦਿਆਂ ਹੀ ਬਹੁਤ ਹੀ ਧੀਮੀ ਗਤੀ ਨਾਲ ਅਪਣਾ ਮਾਰੂ ਅਸਰ ਕਰਨਾ ਅਰੰਭ ਕਰ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਲਾਂਭੇ ਕਰਨ ਤੋਂ ਬਾਅਦ ਅਸਿੱਧੇ ਰੂਪ ਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਏ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਪਣੇ ਲਫਾਫਾਸ਼ਾਹੀ ਪ੍ਰਧਾਨਾਂ ਅਤੇ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਤੋ ਹਰ ਇੱਕ ਉਹ ਫ਼ੈਸਲਾ ਲਾਗੂ ਕਰਵਾਇਆ ਜਿਹੜਾ ਸਿੱਖੀ ਸਿਧਾਂਤਾਂ ਨੂੰ ਸਿੱਧੇ ਰੂਪ ਵਿਚ ਢਾਹ ਲਾਉਣ ਵਾਲਾ ਹੋਵੇ। ਭਾਵੇਂ ਉਹ 2003 ਵਿਚ ਲਾਗੂ ਕੀਤੇ ਗਏ ਨਾਨਕਸ਼ਾਹੀ ਕਲੰਡਰ ਨੂੰ ਬਦਲਣ ਦਾ ਮਸਲਾ ਹੋਵੇ, ਭਾਵੇਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਪ੍ਰਮਾਣਿਤ ਮਰਯਾਦਾ ਦਾ ਮਸਲਾ ਹੋਵੇ, ਜਾਂ ਫਿਰ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਅਤੇ ਸ਼ਹੀਦੀ ਦਿਹਾੜਿਆਂ ਦਾ ਮਸਲਾ ਹੋਵੇ, ਹਰ ਪਾਸੇ ਕੌਮ ਦਾ ਸਿਧਾਂਤਕ ਨੁਕਸਾਨ ਬਾਦਲ ਪਰਿਵਾਰ ਦੇ ਹਿੱਸੇ ਹੀ ਆਇਆ ਹੈ।

ਸ੍ਰ ਬਾਦਲ ਦੇ ਪਿਛਲੇ ਦਸ ਸਾਲਾਂ ਦੇ ਰਾਜਕਾਲ ਦੌਰਾਨ ਜੋ ਸਿੱਖੀ ਦਾ ਨੁਕਸਾਨ ਹੋਇਆ ਉਸ ਦੀ ਤਾਂ ਕਦੇ ਵੀ ਭਰਪਾਈ ਹੀ ਨਹੀਂ ਕੀਤੀ ਜਾ ਸਕਦੀ। ਜੂਨ ੨੦੧੫ ਤੋ ਸ਼ੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਮੌਕੇ ਜੋ ਸੂਬੇ ਦੀ ਬਾਦਲ ਸਰਕਾਰ ਦੀ ਪਹੁੰਚ ਰਹੀ ਉਸ ਨੇ ਤਾਂ ਸਿੱਖ ਹਿਰਦੇ ਬੁਰੀ ਤਰਾਂ ਛਲਣੀ ਕਰ ਦਿੱਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਕੇ ਸਜ਼ਾਵਾਂ ਦੇਣ ਦੀ ਵਜਾਏ ਸੂਬੇ ਦੀ ਤਤਕਾਲੀ ਬਾਦਲ ਸਰਕਾਰ ਨੇ ਆਪਣੇ ਹੀ ਲੋਕਾਂ ਤੇ ਅੱਤਿਆਚਾਰ ਕਰਵਾਇਆ। ਉਪਰੋਕਤ ਸਾਰੇ ਵਰਤਾਰੇ ਨੇ ਭਾਵੇਂ ਬਾਦਲ ਪਰਿਵਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਵੀ ਦਿੱਤਾ ਪਰੰਤੂ ਇਸ ਦੇ ਬਾਵਜੂਦ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖੀ ਵਿਰੋਧੀ ਗਤੀਵਿਧੀਆਂ ਅੱਜ ਤੱਕ ਵੀ ਬਗੈਰ ਕਿਸੇ ਬਦਨਾਮੀ ਅਤੇ ਮੂੰਹ ਤੇ ਕਾਲਖ ਲਗਵਾਉਣ ਦੇ ਡਰ ਤੋਂ ਨਿਰੰਤਰ ਜਾਰੀ ਹਨ। ਜੇ ਗੱਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਕੀਤੀ ਜਾਵੇ ਤਾਂ ਵੀ ਸਾਹਮਣੇ ਬਾਦਲਕਿਆਂ ਦੀ ਕੌਮ ਵਿਰੋਧੀ ਹਰਕਤ ਹੀ ਸਾਹਮਣੇ ਆਉਂਦੀ ਹੈ। ਦੁਨੀਆ ਦੇ ਕੋਨੇ ਕੋਨੇ ਵਿਚ ਵਸਦੇ ਸਿੱਖ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਨਾਨਕਸ਼ਾਹੀ ਕਲੰਡਰ ਮੁਤਾਬਿਕ ਪੰਜ ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਕਰੀ ਬੈਠੇ ਹਨ, ਪਰ ਇਸ ਦੇ ਬਾਵਜੂਦ ਨਾਗਪੁਰ ਸੰਸਥਾ ਦੇ ਪਾਲਤੂ ਕਰਿੰਦੇ ਬਣੇ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਦਾ ਭਰਮ ਪਾਲੀ ਬੈਠੇ ਬਾਦਲ ਪਰਿਵਾਰ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਨਖ਼ਾਹੀਏ ਜਥੇਦਾਰ ਤੋਂ ਪੱਚੀ ਦਸੰਬਰ ਨੂੰ ਹੀ ਮਨਾਉਣ ਦੀ ਜ਼ਿੱਦ ਨੂੰ ਪੁਗਾਇਆ ਜਾ ਚੁੱਕਾ ਹੈ।

ਗੱਲ ਪੱਚੀ ਦਸੰਬਰ ਨੂੰ ਜਾ ਪੰਜ ਜਨਵਰੀ ਨੂੰ ਜਨਮ ਦਿਹਾੜਾ ਮਨਾਉਣ ਦੀ ਵੀ ਸ਼ਾਇਦ ਓਨੀ ਘਾਤਕ ਨਹੀਂ ਜਿੰਨੀ ਹੁਣ ਇੱਕ ਹੋਰ ਨਾ-ਬਖਸ਼ਣਯੋਗ ਗੁਸਤਾਖ਼ੀ ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ। ਉਹ ਹੈ ਨਾਗਪੁਰ ਦੀ ਸਿੱਖ ਸੰਗਤ ਵੱਲੋਂ ਪੰਜ ਜਨਵਰੀ ਨੂੰ ਮਨਾਏ ਜਾ ਰਹੇ ਦਸਵੇਂ ਪਾਤਸ਼ਾਹ ਦੇ ਜਨਮ ਦਿਹਾੜੇ ਮੌਕੇ ਜਾਣ ਵਾਲੇ ਹਜ਼ੂਰੀ ਰਾਗੀ ਜਥੇ ਨੂੰ ਰੋਕਣ ਦੀ ਮੰਦਭਾਗੀ ਹਰਕਤ। ਜਾਣਕਾਰੀ ਮੁਤਾਬਿਕ ਨਾਗਪੁਰ ਦੀ ਸਿੱਖ ਸੰਗਤ ਵੱਲੋਂ ਪਹਿਲਾਂ ਹੀ ਹਜ਼ੂਰੀ ਰਾਗੀ ਜਥੇ ਨੂੰ ਪੰਜ ਜਨਵਰੀ ਦੇ ਦਿਹਾੜੇ ਲਈ ਬੁੱਕ ਕੀਤਾ ਹੋਇਆ ਸੀ। ਹਜ਼ੂਰੀ ਰਾਗੀ ਭਾਈ ਬਿਕਰਮ ਸਿੰਘ ਅਤੇ ਭਾਈ ਪਰਦੀਪ ਸਿੰਘ ਦੇ ਰਾਗੀ ਜਥੇ ਨੂੰ ਉੱਥੋਂ ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੰਜਾਹ ਹਜ਼ਾਰ ਰੁਪਏ ਭੇਟਾ ਤੋਂ ਇਲਾਵਾ ਜਹਾਜ਼ ਦੀਆਂ ਟਿਕਟਾਂ ਭੇਜੀਆਂ ਗਈਆਂ ਸਨ ਤਾਂ ਕਿ ਰਾਗੀ ਜਥਾ ਸਮੇਂ ਸਿਰ ਆ ਕੇ ਸੰਗਤਾਂ ਨੂੰ ਗੁਰੂ ਜਸ ਸੁਣਾ ਸਕੇ ਪਰ ਅਫ਼ਸੋਸ ! ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਰਾਗੀਆਂ ਨੂੰ ਪੰਜ ਜਨਵਰੀ ਨੂੰ ਕਿਸੇ ਵੀ ਜਗਾਹ ਮਨਾਏ ਜਾਣ ਵਾਲੇ ਗੁਰਪੁਰਬ ਵਿਚ ਸ਼ਾਮਲ ਹੋਣ ਤੋ ਸਖ਼ਤੀ ਨਾਲ ਵਰਜ ਦਿੱਤਾ ਗਿਆ, ਜਿਸ ਕਰ ਕੇ ਨਾਗਪੁਰ ਜਾਣ ਵਾਲੇ ਜਥੇ ਨੂੰ ਵੀ ਐਨ ਮੌਕੇ ਤੇ ਉੱਥੋਂ ਦੇ ਪ੍ਰਬੰਧਕਾਂ ਨੂੰ ਜਵਾਬ ਦੇਣਾ ਪਿਆ, ਜਿਹੜਾ ਉਨ੍ਹਾਂ ਲਈ ਜਿੱਥੇ ਬਹੁਤ ਹੀ ਦਿਲਾਂ ਤੇ ਜ਼ਖ਼ਮ ਕਰਨ ਵਾਲਾ ਤਾਂ ਹੈ ਹੀ ਉੱਥੇ ਕੌਮ ਲਈ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਤੁਗ਼ਲਕੀ ਫ਼ਰਮਾਨ ਬਹੁਤ ਹੀ ਨਮੋਸ਼ੀ ਵਾਲਾ ਹੈ।

ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀਆਂ ਆਪ-ਹੁਦਰੀਆਂ ਕਾਰਵਾਈਆਂ ਲਈ ਸਿੱਖ ਕੌਮ ਨੂੰ ਜਵਾਬਦੇਹ ਨਹੀਂ ? ਉਹ ਅਜਿਹੇ ਈਰਖਾ ਗ੍ਰਸਤ ਫ਼ੈਸਲੇ ਲੈ ਕੇ ਕਿਹੜੀ ਦਿਸ਼ਾ ਵੱਲ ਜਾ ਰਹੀ ਹੈ। ਇਹ ਅੱਜ ਤਾਂ ਭਾਵੇਂ ਜਵਾਬ ਦੇਣ ਜਾ ਨਾ ਦੇਣ, ਪਰ ਸਮਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਲੋਕਾਂ ਤੋ ਅਜਿਹੀਆਂ ਕੌਮ ਵਿਰੋਧੀ ਸਾਜਸ਼ਾ ਦਾ ਹਿਸਾਬ ਜ਼ਰੂਰ ਲਵੇਗਾ।

Install Punjabi Akhbar App

Install
×