ਕਹਿੰਦੇ ਨੇ ਕਿ ਅਸੀਂ ਹਰ ਇਕ ਦੀ ਮਦਦ ਤਾਂ ਨਹੀਂ ਕਰ ਸਕਦੇ ਪਰ ਹਰ ਕੋਈ ਕਿਸੇ ਨਾ ਕਿਸੇ ਦੀ ਮਦਦ ਜਰੂਰ ਕਰ ਸਕਦਾ ਹੈ। ਮਦਦ ਜਾਂ ਸਹਾਇਤਾ ਜਦੋਂ ਆਪਣੀ ਮੰਜ਼ਿਲ ਵੱਲ ਕਦਮ ਪੁੱਟਦੀ ਹੈ ਤਾਂ ਉਹ ਲੰਬਾ ਪੈਂਡਾਂ ਜਾਂ ਦੂਰ ਦੁਰੇਡੀ ਥਾਂ ਨਹੀਂ ਵੇਖਦੀ। ਉਦਾਹਰਣ ਵਜੋਂ ਨਿਊਜ਼ੀਲੈਂਡ ਦੇ ਇਕ ਸ਼ਹਿਰ ਹਾਕਸ ਬੇਅ ਦੇ ਲੋਨਾ ਕਾਲਿਜ ਦੇ 17 ਵਿਦਿਆਰਥੀਆਂ ਨੇ 13000 ਕਿਲੋਮੀਟਰ ਸਫਰ ਤੈਅ ਕਰਕੇ ਹਿਮਾਚਲ ਦੇ ਪਾਲਮਪੁਰ ਇਲਾਕੇ ਵਿਚ ਜਾ ਕੇ ਤਿੰਨ ਬਾਲਬਾੜੀ ਸਕੂਲਾਂ ਦੀ ਮੁਰੰਮਤ ਅਤੇ ਮੁੜ ਨਿਰਮਾਣ ਦਾ ਕਾਰਜ ਕੀਤਾ। ਨਿਊਜ਼ੀਲੈਂਡ ਦੇ ਬੱਚਿਆਂ ਨੇ ਸਕੂਲੀ ਛੁੱਟੀਆਂ ਇੰਡੀਆ ਜਾ ਕੇ ਦੂਜੇ ਬੱਚਿਆਂ ਲਈ ਕੁਝ ਕਰਕੇ ਮਨਾਈਆਂ। ਇਹ ਆਈਡੀਆ ਲੋਨਾ ਕਾਲਜ ਦੀ ਹੈਡ ਗਰਲ ਦੇ ਦਿਮਾਗ ਵਿਚ ਆਇਆ ਸੀ। ਇੰਡੀਆ ਰਵਾਨਾ ਹੋਣ ਤੋਂ ਪਹਿਲਾਂ ਦੋ ਸਕੂਲੀ ਟੀਚਰਾਂ ਸਕੌਟ ਮੋਗੀ ਅਤੇ ਸਾਰਾਹ ਥਾਰੋਪੀ ਨੇ ਫੰਡ ਰੇਜਿੰਗ ਦਾ ਆਯੋਜਨ ਕੀਤਾ। ਇਕੱਤਰ ਮਾਇਆ ਦੇ ਨਾਲ ਸਕੂਲੀ ਇਮਾਰਤ ਨੂੰ ਰਿਪੇਅਰ ਕਰਨ ਵਾਸਤੇ ਕੁਝ ਔਜ਼ਾਰ ਅਤੇ ਸਮਾਨ ਖਰੀਦਿਆ। ਜਿਨ੍ਹਾਂ ਤਿੰਨ ਪਿੰਡਾ ਦੇ ਵਿਚ ਬੱਚਿਆਂ ਦੇ ਸੈਂਟਰ (ਬਾਲਬਾੜੀ ਸਕੂਲ) ਰਿਪੇਅਰ ਆਦਿ ਕੀਤੇ ਗਏ ਉਨ੍ਹਾਂ ਪਿੰਡਾਂ ਦੀਆਂ ਔਰਤਾਂ ਚਾਹ ਪੱਤੀ ਦੇ ਖੇਤਾਂ ਵਿਚ ਕੰਮ ਕਰਨ ਜਾਣ ਵੇਲੇ ਇਨ੍ਹਾਂ ਸੈਂਟਰਾਂ ਦੇ ਵਿਚ ਹੀ ਆਪਣੇ ਬੱਚੇ ਭੇਜ ਕੇ ਜਾਇਆ ਕਰਦੀਆਂ ਹਨ। ਜੇਕਰ ਇਹ ਸੈਂਟਰ ਬੰਦ ਹੋ ਜਾਂਦੇ ਤਾਂ ਉਹ ਕੰਮ ਕਰਨ ਵਾਸਤੇ ਬੱਚਿਆਂ ਨੂੰ ਘਰੇ ਛੱਡ ਕੇ ਨਹੀਂ ਸਨ ਜਾ ਸਕਦੀਆਂ। ਰਿਪੇਅਰ ਵਾਲੇ ਸਮਾਨ ਘੱਟ ਗਿਆ ਫਿਰ 8 ਨੰਬਰ ਲੋਹੇ ਦੀ ਤਾਰ ਦੀ ਵਰਤੋਂ ਕੀਤੀ ਗਈ। ਦੋ ਕੁਰਸੀਆਂ ਨੂੰ ਉਪਰ ਹੇਠਾਂ ਰੱਖ ਕੇ ਪੌੜੀ ਬਣਾਈ ਗਈ। ਇਨ੍ਹਾਂ ਬੱਚਿਆਂ ਨੇ ਇੰਡੀਆ ਜਾ ਕੇ ਜਿੱਥੇ ਛੁੱਟੀਆਂ ਦਾ ਅਨੰਦ ਮਾਣਿਆ ਉਥੇ ਵੱਖਰੇ ਸਭਿਆਚਾਰ, ਸਿਸਟਮ ਅਤੇ ਦੂਜੇ ਦੀ ਸਹਾਇਤਾ ਕਰਕੇ ਇਕ ਵੱਖਰੀ ਤਰ੍ਹਾਂ ਦਾ ਸਕੂਲ ਪ੍ਰਾਪਤ ਕੀਤਾ। ਇਹ ਸਟੋਰੀ ਇਥੇ ਦੀਆਂ ਅੰਗਰੇਜ਼ੀ ਅਖਬਾਰਾਂ ਦੇ ਵਿਚ ਵੀ ਪ੍ਰਕਾਸ਼ਿਤ ਹੋਈ ਹੈ।