ਹੌਲਦਾਰ ਅਤੇ ਜਹਾਜ

ਪੁਲਿਸ ਲਾਈਨ ਵਿੱਚ ਆਮ ਤੌਰ ਉਹ ਹੀ ਸਿਪਾਹੀ, ਹੌਲਦਾਰ ਅਤੇ ਥਾਣੇਦਾਰ ਆਦਿ ਭੇਜੇ ਜਾਂਦੇ ਹਨ ਜੋ ਥਾਣਿਆਂ ਵਿੱਚ ਫਿੱਟ ਨਹੀਂ ਬੈਠਦੇ। ਕਈ ਤਾਂ ਸ਼ਰਾਬੀ ਨਸ਼ਈ ਹੁੰਦੇ ਹਨ ਜੋ ਥਾਣਿਆਂ ਵਿੱਚ ਲੱਗਣ ਦੇ ਕਾਬਲ ਹੀ ਨਹੀਂ ਹੁੰਦੇ ਅਤੇ ਕਈ ਥਾਣਿਆਂ ਤੋਂ ਸ਼ਿਕਾਇਤੀ ਆਏ ਹੁੰਦੇ ਹਨ। ਇਨ੍ਹਾਂ ਮਹਾਂਪੁਰਸ਼ਾਂ ਦੀ ਥਾਣਿਆਂ ਤੋਂ ਪੁਲਿਸ ਲਾਈਨ ਤੇ ਪੁਲਿਸ ਲਾਈਨ ਤੋਂ ਥਾਣਿਆਂ ਵੱਲ ਆਵਾਜਾਈ ਚਲਦੀ ਹੀ ਰਹਿੰਦੀ ਹੈ। ਮਤਲਬ ਕਿ ਪੁਲਿਸ ਲਾਈਨ ਵਿੱਚ ਆਮ ਤੌਰ ਤੇ ਘੈਂਟ ਤੇ ਖਲੀਫੇ ਹੀ ਹੁੰਦੇ ਹਨ। ਹੌਲਦਾਰ ਤਾਰਾ ਸਿੰਘ ਧੁੱਕੀ ਕੱਢ (ਨਾ ਬਦਲਿਆ ਹੋਇਆ) ਵੀ ਅਜਿਹਾ ਹੀ ਇੱਕ ਖਲੀਫਾ ਸੀ। ਧੁੱਕੀ ਕੱਢ ਆਮ ਤੌਰ ਤੇ ਐਸ.ਐੱਚ.ਉਆਂ ਦਾ ਗੰਨਮੈਨ ਹੀ ਲੱਗਦਾ ਸੀ। ਪੁਰਾਣਾ ਹੋਣ ਕਰ ਕੇ ਇਲਾਕੇ ਦੇ ਸਾਰੇ ਮਾੜੇ ਚੰਗੇ ਕੰਮ ਕਰਨ ਵਾਲੇ ਲੁੱਚੇ ਲੰਡਿਆਂ ਦਾ ਭੇਤੀ ਸੀ। ਉਸ ਦੇ ਹੁੰਦੇ ਐਸ.ਐਚ.ਉ. ਨੂੰ ਇਲਾਕੇ ਵਿੱਚੋਂ ਮੁਖਬਰੀ ਅਤੇ ਹੋਰ ਮਾਲ ਅਸਬਾਬ ਇਕੱਠਾ ਕਰਨ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ। ਐਸ.ਐਚ.ਉ. ਉਸ ਨੂੰ ਮੰਗ ਮੰਗ ਕੇ ਆਪਣੇ ਥਾਣੇ ਵਿੱਚ ਲੈਂਦੇ ਸਨ। ਇਸ ਲਈ ਉਸ ਦੀਆਂ ਆਮ ਹੀ ਸ਼ਿਕਾਇਤਾਂ ਸੀਨੀਅਰ ਅਫਸਰਾਂ ਤੱਕ ਪਹੁੰਚ ਜਾਂਦੀਆਂ ਤੇ ਉਸ ਨੂੰ ਪੁਲਿਸ ਲਾਈਨ ਵਿੱਚ ਬਦਲ ਦਿੱਤਾ ਜਾਂਦਾ ਸੀ। ਹੁਣ ਵੀ ਉਹ ਤਾਜ਼ਾ ਤਾਜ਼ਾ ਥਾਣਾ ਸਦਰ ਫਰੀਦਕੋਟ ਤੋਂ ਸ਼ਿਕਾਇਤੀ ਪੁਲਿਸ ਲਾਈਨ ਆਇਆ ਹੋਇਆ ਸੀ।
ਪੁਲਿਸ ਲਾਈਨ ਵਿੱਚ ਕੋਈ ਕੰਮ ਤਾਂ ਹੁੰਦਾ ਨਹੀਂ, ਇਸ ਲਈ ਗੱਪਾਂ ਮਾਰਨ ਲਈ ਬਹੁਤ ਟਾਈਮ ਮਿਲ ਜਾਂਦਾ ਹੈ। ਵਿਹਲੇ ਬੈਠੇ ਧੁੱਕੀ ਕੱਢ ਦਾ ਸਿੱਧੇ ਭਰਤੀ ਹੋਏ ਏ.ਐਸ.ਆਈ ਗੁਰਨਾਮ ਸਿੰਘ ਨਾਲ ਕਾਫੀ ਨੇੜ ਹੋ ਗਿਆ ਸੀ। ਗੱਲਾਂ ਬਣਾਉਣ ਦਾ ਧਨੀ ਧੁੱਕੀ ਕੱਢ ਇੱਕ ਦਿਨ ਗੁਰਨਾਮ ਨੂੰ ਕਹਿਣ ਲੱਗਾ, ”ਜ਼ਨਾਬ ਕਿਤੇ ਤੁਸੀਂ ਵੀ ਐਸ.ਐਚ.ਉ. ਲੱਗੋ ਫਿਰ।” ਗੁਰਨਾਮ ਬੋਲਿਆ, ”ਭਰਾ ਸਾਨੂੰ ਕਿਨ੍ਹੇ ਲਾਉਣਾ ਐੱਸ ਐੱਚ.ਉ, ਅਜੇ ਤਾਂ ਮੇਰੇ ਕੋਰਸ ਚੱਲ ਰਹੇ ਨੇ।” ”ਉ ਨਈਂ ਜ਼ਨਾਬ, ਵੇਖਿਉ ਤੁਸੀਂ ਐਸ.ਐਚ.ਉ. ਲੱਗਣਾ ਈ ਲੱਗਣਾ ਆ ਤੇ ਮੈਂ ਲੱਗਣਾ ਧਾਡਾ ਗੰਨਮੈਨ। ਤੁਸੀਂ ਸਵੇਰੇ ਸਵੇਰ ਕਵਾਟਰ ਵਿੱਚ ਬੈਠ ਕੇ ਪਿਛਲੇ ਦਿਨ ਦੀ ਕਮਾਈ ਗਿਣ ਰਹੇ ਹੋਣਾ ਤੇ ਤੁਹਾਨੂੰ ਕਿਸੇ ਸਰਪੰਚ ਨੇ ਮਿਲਣ ਆ ਟਪਕਣਾ ਆ। ਅਸੀਂ ਉਸ ਨੂੰ ਕਹਿਣਾ ਉਏ ਸਰਪੰਚਾ ਅੰਦਰ ਨਾ ਜਾਈਂ, ਸਰਦਾਰ ਮਾਲਾ ਫੇਰ ਰਿਹਾ ਈ। ਤੁਸੀਂ ਸਰਪੰਚ ਨੂੰ ਅੰਦਰ ਬਿਠਾ ਕੇ ਝਾੜ ਲੈਣਾ ਤੇ ਅਸੀਂ ਬਾਹਰ ਤੁਰੇ ਆਉਂਦੇ ਨੂੰ। ਫਿਰ ਤੁਸੀਂ ਨਹਾ ਧੋ ਕੇ ਦਾੜ੍ਹੀ ‘ਤੇ ਠਾਠਾ ਬੰਨ੍ਹ ਕੇ ਜਿਪਸੀ ਵਿੱਚ ਅੱਗੇ ਬੈਠ ਜਾਣਾ ਤੇ ਅਸੀਂ ਅਸਾਲਟਾਂ ਲੈ ਕੇ ਪਿੱਛੇ ਬੈਠ ਜਾਣਾ। ਤੁਸੀਂ ਬੈਠਦਿਆਂ ਹੀ ਟੇਪ ਰਿਕਾਰਡ ਵਿੱਚ ਕੈਸਟ ਲਾ ਦੇਣੀ ਆ, ਮਾਇਆ ਸਾਥ ਨਾ ਹੋਏ, ਬਾਬਾ ਮਾਇਆ ਸਾਥ ਨ ਹੋਏ।” ਧੁੱਕੀ ਕੱਢ ਹੱਸਦਾ ਹੱਸਦਾ ਬੋਲਿਆ।
ਧੁੱਕੀ ਕੱਢ ਬਾਰੇ ਇੱਕ ਕਹਾਣੀ ਬਹੁਤ ਮਸ਼ਹੂਰ ਹੈ। ਉਸ ਵੇਲੇ ਉਹ ਟਰੈਫਿਕ ਪੁਲਿਸ ਵਿੱਚ ਲੱਗਾ ਹੋਇਆ ਸੀ ਤੇ ਇੱਕ ਦਿਨ ਸਵੱਖਤੇ ਹੀ ਸੜਕ ‘ਤੇ ਨਾਕਾ ਲਗਾ ਕੇ ਟਰੱਕਾਂ ਵਾਲਿਆ ਕੋਲੋਂ ਐਂਟਰੀਆਂ ਇਕੱਠੀਆਂ ਕਰ ਰਿਹਾ ਸੀ। 9 ਕੁ ਵਜੇ ਇੱਕ ਟਰੱਕ ਫਰੀਦਕੋਟ ਵਾਲੇ ਪਾਸਿਉਂ ਆਇਆ ਜੋ ਕਿਸੇ ਵੱਡੇ ਲੀਡਰ ਦਾ ਸੀ। ਲੀਡਰ ਦਾ ਟਰੱਕ ਹੋਣ ਕਾਰਨ ਡਰਾਈਵਰ ਵੀ ਪੂਰਾ ਤਿੜਿਆ ਹੋਇਆ ਸੀ। ਉਸ ਨੇ ਸਿਪਾਹੀ ਵੱਲੋਂ ਹੱਥ ਦੇਣ ਦੇ ਬਾਵਜੂਦ ਟਰੱਕ ਨਾ ਰੋਕਿਆ ਤੇ ਭਜਾ ਕੇ ਲੈ ਗਿਆ। ਡਰਾਈਵਰ ਦੀ ਇਹ ਹਰਕਤ ਧੁੱਕੀ ਕੱਢ ਨੂੰ ਬਹੁਤ ਨਾਗਵਾਰ ਗੁਜ਼ਰੀ। ਉਸ ਨੇ ਸੋਚਿਆ ਕਿ ਜੇ ਇਸ ਡਰਾਈਵਰ ਨੇ ਇਸ ਗੱਲ ਦਾ ਰੌਲਾ ਪਾ ਦਿੱਤਾ ਤਾਂ ਫਿਰ ਬਾਕੀ ਡਰਾਈਵਰ ਵੀ ਇਸ ਤਰਾਂ ਹੀ ਕਰਿਆ ਕਰਨਗੇ। ਉਸ ਨੂੰ ਸਹੇ ਦੀ ਨਹੀਂ, ਪਹੇ ਦੀ ਪੈ ਗਈ। ਉਸ ਜ਼ਮਾਨੇ ਵਿੱਚ ਪੁਲਿਸ ਕੋਲ ਸਾਇਕਲ ਹੀ ਹੁੰਦੇ ਸਨ ਜਿਸ ਕਾਰਨ ਟਰੱਕ ਦਾ ਪਿੱਛਾ ਕਰਨਾ ਮੁਮਕਿਨ ਨਹੀਂ ਸੀ। ਪਰ ਸਿਰੇ ਦੇ ਜ਼ਿੱਦੀ ਧੁੱਕੀ ਕੱਢ ਨੇ ਪੱਕਾ ਠਾਨ ਲਿਆ ਕਿ ਟਰੱਕ ਨੂੰ ਹਰ ਹਾਲਤ ਵਿੱਚ ਪਕੜਨਾ ਹੀ ਹੈ।
ਜਦੋਂ ਆਸੇ ਪਾਸੇ ਨਿਗ੍ਹਾ ਘੁਮਾਈ ਤਾਂ ਉਸ ਨੇ ਵੇਖਿਆ ਕਿ ਨਰਮੇ ਨੂੰ ਸਪਰੇਅ ਕਰਨ ਵਾਲਾ ਇੱਕ ਛੋਟਾ ਜਿਹਾ ਹਵਾਈ ਜਹਾਜ਼ ਪਿੰਡ ਦੇ ਸਕੂਲ ਦੀ ਖੁਲ੍ਹੀ ਗਰਾਊਂਡ ਵਿੱਚ ਖੜ੍ਹਾ ਟੈਂਕੀਆਂ ਵਿੱਚ ਦਵਾਈ ਭਰਵਾ ਰਿਹਾ ਹੈ। ਪੁਰਾਣੇ ਲੋਕਾਂ ਨੂੰ ਯਾਦ ਹੋਵੇਗਾ ਕਿ 1965 ૶ 70 ਦੇ ਲਾਗੇ ਫਸਲਾਂ ‘ਤੇ ਸਪਰੇਅ ਕਰਨ ਲਈ ਸਰਕਾਰੀ ਜਹਾਜ਼ ਪਿੰਡਾਂ ਵਿੱਚ ਆਉਂਦੇ ਹੁੰਦੇ ਸਨ। ਉਹ ਫਟਾਫਟ ਭੱਜ ਕੇ ਜਹਾਜ਼ ਕੋਲ ਗਿਆ ਤੇ ਪਾਇਲਟ ਨੂੰ ਪੁੱਛਿਆ ਕਿ ਜੇ 8 ૶ 10 ਕਿ.ਮੀ. ਦੂਰ ਜਾਂਦੇ ਕਿਸੇ ਟਰੱਕ ਨੂੰ ਘੇਰਨਾ ਹੋਵੇ ਤਾਂ ਕਿੰਨੇ ਕੁ ਪੈਸੇ ਲੱਗਣਗੇ। ਸ਼ਾਇਦ ਪਾਇਲਟ ਵੀ ਕੋਈ ਘੈਂਟ ਅਤੇ ਮਹਾਂ ਭ੍ਰਿਸ਼ਟ ਆਦਮੀ ਹੋਵੇਗਾ, ਉਸ ਨੇ 500 ਰੁਪਏ ਮੰਗ ਲਏ। ਧੁੱਕੀ ਕੱਢ ਨੇ ਇਹ ਮਸਲਾ ਇੱਜ਼ਤ ਦਾ ਬਣਾਇਆ ਹੋਇਆ ਸੀ, ਇਸ ਲਈ ਝੱਟ ਮੰਨ ਗਿਆ ਤੇ 500 ਰੁਪਏ ਕੱਢ ਕੇ ਪਾਇਲਟ ਦੇ ਹਵਾਲੇ ਕਰ ਦਿੱਤੇ। ਪਾਇਲਟ ਨੇ ਉਸ ਨੂੰ ਪਿਛਲੀ ਸੀਟ ‘ਤੇ ਬਿਠਾ ਲਿਆ ਤੇ ਪੰਜ ਛੇ ਮਿੰਟਾਂ ਵਿੱਚ ਹੀ ਜਹਾਜ਼ ਸੜਕ ਉੱਪਰ ਟਰੱਕ ਦੇ ਅੱਗੇ ਉੱਤਾਰ ਦਿੱਤਾ। ਆਪਣੇ ਅੱਗੇ ਜਹਾਜ਼ ਉੱਤਰਦਾ ਵੇਖ ਕੇ ਟਰੱਕ ਡਰਾਈਵਰ ਘਬਰਾ ਗਿਆ ਤੇ ਇੱਕ ਦਮ ਬਰੇਕਾਂ ਲਗਾ ਦਿੱਤੀਆਂ।
ਧੁੱਕੀ ਕੱਢ ਨੇ ਪਾਇਲਟ ਨੂੰ ਫਾਰਗ ਕੀਤਾ ਤੇ ਡਰਾਈਵਰ ਦੀ ਥਪੜਾਈ ਕਰ ਕੇ ਟਰੱਕ ਵਾਪਸ ਨਾਕੇ ‘ਤੇ ਲੈ ਆਂਦਾ। ਟਰੱਕ ਡਰਾਈਵਰ ਕੋਲ ਜੋ ਸੱਤ ਅੱਠ ਸੌ ਰੁਪਏ ਸਨ, ਉਹ ਲੈ ਕੇ ਉਸ ਨੂੰ ਭਜਾ ਦਿੱਤਾ। ਡਰਾਈਵਰ ਜਾ ਕੇ ਆਪਣੇ ਮਾਲਕ ਕੋਲ ਪਿੱਟਿਆ ਤਾਂ ਲੀਡਰ ਨੇ ਐਸ.ਐਸ.ਪੀ. ਕੋਲ ਧੁੱਕੀ ਕੱਢ ਦੀ ਇਸ ਕਾਰਵਾਈ ਬਾਰੇ ਸ਼ਿਕਾਇਤ ਕਰ ਦਿੱਤੀ। ਲੀਡਰ ਦੀ ਗੱਲ ਸੁਣ ਕੇ ਐਸ.ਐਸ.ਪੀ. ਸ਼ਸੋਪੰਜ ਵਿੱਚ ਪੈ ਗਿਆ ਕਿ ਇਸ ਤਰਾਂ ਕਿਵੇਂ ਹੋ ਸਕਦਾ ਹੈ? ਜਰੂਰ ਹੀ ਲੀਡਰ ਝੂਠ ਬੋਲਦਾ ਹੋਵੇਗਾ। ਪਰ ਲੀਡਰ ਨੂੰ ਤੋਰ ਕੇ ਉਸ ਨੇ ਧੁੱਕੀ ਕੱਢ ਨੂੰ ਬੁਲਾ ਲਿਆ ਤੇ ਸੱਚਾਈ ਪੁੱਛੀ। ਧੁੱਕੀ ਕੱਢ ਪਹਿਲਾਂ ਹੀ ਇਸ ਬੁਲਾਵੇ ਦੀ ਉਡੀਕ ਕਰ ਰਿਹਾ ਸੀ। ਉਸ ਨੇ ਬਿਨਾਂ ਕਿਸੇ ਲਾਗ ਲਪੇਟ ਦੇ ਸਾਰੀ ਸੱਚਾਈ ਸੱਚੋ ਸੱਚ ਦੱਸ ਦਿੱਤੀ। ਐਸ.ਐਸ.ਪੀ. ਬਹੁਤ ਖੁਸ਼ਦਿਲ ਕਿਸਮ ਦਾ ਆਦਮੀ ਸੀ। ਧੁੱਕੀ ਕੱਢ ਦੀ ਕਹਾਣੀ ਸੁਣ ਕੇ ਉਹ ਇੱਕ ਦੋ ਮਿੰਟ ਤਾਂ ਹੱਸਦਾ ਰਿਹਾ ਤੇ ਫਿਰ ਬੋਲਿਆ, ”ਤੂੰ ਦੁਨੀਆਂ ਦਾ ਪਹਿਲਾ ਪੁਲਿਸ ਵਾਲਾ ਹੋਵੇਂਗਾ ਜਿਸ ਨੇ ਹਵਾਈ ਜਹਾਜ਼ ਰਾਹੀਂ ਜਾ ਕੇ ਰਿਸ਼ਵਤ ਲਈ ਹੋਵੇਗੀ। ਉਏ ਇੰਸਪੈਕਟਰ ਨੂੰ ਤਾਂ ਮੰਗਿਆਂ ਕੋਈ ਸਾਇਕਲ ਨਾ ਦੇਵੇ, ਤੂੰ ਜਹਾਜ਼ ਈ ਉਡਾ ਕੇ ਲੈ ਗਿਆ। ਤੇਰੀ ਕਰਤੂਤ ਵੇਖ ਤਾਂ ਤੈਨੂੰ ਡਿਸਮਿਸ ਕਰਨਾ ਬਣਦਾ ਹੈ, ਪਰ ਤੇਰੀ ਮੌਕੇ ‘ਤੇ ਫੈਸਲਾ ਲੈਣ ਦੀ ਅਦਭੁੱਤ ਸਮਰੱਥਾ ਵੇਖ ਕੇ ਸਿਰਫ ਸਸਪੈਂਡ ਹੀ ਕਰ ਰਿਹਾ ਹਾਂ। ਅੱਗੇ ਤੋਂ ਅਜਿਹੀ ਗਲਤੀ ਨਾ ਕਰੀਂ।” ਦੋ ਕੁ ਮਹੀਨੇ ਸਸਪੈਂਡ ਰਹਿ ਕੇ ਧੁੱਕੀ ਕੱਢ ਫਿਰ ਬਹਾਲ ਹੋ ਗਿਆ।

Install Punjabi Akhbar App

Install
×