ਹੋਰ ਤਿੱਖਾ ਹੋਇਆ ਹਰਿਆਣਾ ਕਮੇਟੀ ਵਿਵਾਦ

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕੁਰੂਕਸ਼ੇਤਰ ਦੇ ਮੈਨੇਜਰ ਦਵਿੰਦਰ ਸਿੰਘ ਨੇ ਕੈਥਲ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਸਾਹਮਣੇ ਪੇਸ਼ ਹੋਣ ਤੋਂ ਸਾਫ਼ ਜੁਆਬ ਦੇ ਦਿੱਤਾ ਹੈ। ਸ੍ਰੀ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਰਮਚਾਰੀ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਤੋਂ ਬਿਨਾਂ ਕਿਸੇ ਨੂੰ ਵੀ ਗੁਰਦੁਆਰੇ ਦਾ ਰਿਕਾਰਡ ਦਿਖਾਇਆ ਨਹੀਂ ਜਾਵੇਗਾ।
ਦੱਸ ਦਈਏ ਕਿ ਕੈਥਲ ਵਿੱਚ ਜਗਦੀਸ਼ ਸਿੰਘ ਝੀਂਡਾ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿੱਚ ਰਾਜ ਦੇ ਅੱਠ ਪ੍ਰਮੁੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ 2 ਅਗਸਤ ਨੂੰ ਸਾਰੇ ਰਿਕਾਰਡਾਂ ਸਮੇਤ ਕੈਥਲ ਵਿੱਚ ਨਵੀਂ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ। ਚੀਕੇ ਦਾ ਗੁਰਦੁਆਰਾ ਵੀ ਇਨ੍ਹਾਂ ਅੱਠ ਗੁਰਦੁਆਰਿਆਂ ਵਿੱਚ ਸ਼ਾਮਲ ਹੈ।
ਗੁਰਦੁਆਰਾ ਪ੍ਰਬੰਧਕਾਂ ਦੇ ਹਰਿਆਣਾ ਕਮੇਟੀ ਸਾਹਮਣੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਕਮੇਟੀ ਵਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਸ੍ਰੀ ਝੀਂਡਾ ਨੇ ਕਿਹਾ,”ਜੇਕਰ ਗੁਰਦੁਆਰਿਆਂ ਵਿੱਚ ਤਾਇਨਾਤ ਪ੍ਰਬੰਧਕ ਕਮੇਟੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ ਹਰਿਆਣਾ ਕਮੇਟੀ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਵੇਗੀ ਅਤੇ ਨਵੇਂ ਪ੍ਰਬੰਧਕ ਗੁਰਦੁਆਰਿਆਂ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ।”
ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਦੇ ਪ੍ਰਬੰਧਕ ਦਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਕਮੇਟੀ ਦੇ ਡਰ ਕਾਰਨ ਗੋਲਕਾਂ ਖਾਲੀ ਕਰਨ ਦੇ ਦੋਸ਼ ਸਰਾਸਰ ਗਲਤ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਮੱਸਿਆ ਤੋਂ ਅਗਲੇ ਦਿਨ ਖੋਲੇ ਜਾਣ ਦੀ ਪੁਰਾਣੀ ਪਰੰਪਰਾ ਰਹੀ ਹੈ ਅਤੇ ਇਹ ਹਰ ਮਹੀਨੇ ਦਾ ਕੰਮ ਹੈ।
ਹਰਿਆਣਾ ਕਮੇਟੀ ਦੇ ਕਬਜ਼ੇ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਗੁਰਦੁਆਰਿਆਂ ਵਿੱਚ ਭੇਜੀ ਗਈ ਟਾਸਕ ਫੋਰਸ ਅਜੇ ਵੀ ਡਟੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਉਨ੍ਹਾਂ ਦੀ ਗਿਣਤੀ ਘੱਟ ਹੋ ਗਈ ਹੈ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਵਿੱਚ ਅੱਜ ਦੇ ਦਿਨ ਸਿਰਫ਼ 20 ਤੋਂ 30 ਲੋਕ ਹੀ ਤਾਇਨਾਤ ਸਨ। ਉਹ ਵੀ ਆਪਣੇ ਆਪ ਨੂੰ ਕਿਸੇ ਫੋਰਸ ਦਾ ਆਦਮੀ ਹੋਣ ਦੀ ਬਜਾਏ ਗੁਰੂ ਘਰ ਦੇ ਸੇਵਾਦਾਰ ਦਸ ਰਹੇ ਹਨ।

Welcome to Punjabi Akhbar

Install Punjabi Akhbar
×