ਐਮ ਪੀ ਲੈਡ ਫੰਡਾਂ ਦੀ ਰਾਸ਼ੀ ਦੀ ਵਰਤੋਂ ਨਾ ਕਰਨ ਦੀ ਹਰਸਿਮਰਤ ਨੇ ਪ੍ਰਸ਼ਾਸਨ ਦੀ ਕੀਤੀ ਨਿਖੇਧੀ

ਬਠਿੰਡਾ- ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਵਜੋਂ ਵੱਖ ਵੱਖ ਵਿਕਾਸ ਕਾਰਜਾਂ ਤੇ ਸਮਾਜ ਭਲਾਈ ਕਾਰਜਾਂ ਲਈ ਅਲਾਟ ਕੀਤੇ ਫੰਡਾਂ ਦੀ ਵਰਤੋਂ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜ਼ਿਲ੍ਹਾ ਵਿਕਾਸ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਜਿਸ ਵਿਚ ਉਹਨਾਂ ਅਧਿਕਾਰੀਆਂ ਵੱਲੋਂ ਸਹੀ ਤਰੀਕੇ ਆਪਣੇ ਫਰਜ਼ ਨਾ ਨਿਭਾਉਣ ਲਈ ਉਹਨਾਂ ਦੀ ਖਿਚਾਈ ਕੀਤੀ, ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਭਾਵੇਂ ਉਹ ਗਰੀਬਾਂ ਲਈ ਰਾਸ਼ਨ ਹੋਵੇ ਜਾਂ ਪੈਨਸ਼ਨਾਂ ਜਾਂ ਗਰਭਵਤੀ ਮਹਿਲਾਵਾਂ ਦੀ ਮਦਦ ਲਈ ਫੰਡ ਜਾਂ ਵਿਕਾਸ ਕਾਰਜਾਂ ਲਈ ਰਾਸ਼ੀ, ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੇ ਅਲਾਟ ਕੀਤੇ ਫੰਡਾਂ ਦੀ ਵਰਤੋਂ ਹੀ ਨਹੀਂ ਕੀਤੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ 2014 ਤੋਂ 2019 ਤੱਕ ਐਮ ਪੀ ਵਜੋਂ ਉਹਨਾਂ ਨੇ ਸਥਾਨਕ ਏਰੀਆ ਵਿਕਾਸ ਫੰਡ (ਐਮ ਪੀ ਲੈਡ ਫੰਡ) ਵਿਚੋਂ 1 ਕਰੋੜ ਰੁਪਏ ਦੀ ਰਾਸ਼ੀ ਬਠਿੰਡਾ ਲਈ ਅਲਾਟ ਕੀਤੀ ਸੀ ਜੋ ਅਣਵਰਤੀ ਹੀ ਵਾਪਸ ਚਲੀ ਗਈ। ਉਹਨਾਂ ਕਿਹਾ ਕਿ ਉਹਨਾਂ ਨੇ 16ਵੀਂ ਲੋਕ ਸਭਾ ਦੌਰਾਨ ਕੰਮਾਂ ਲਈ ਅਲਾਟ ਕੀਤੇ ਫੰਡ ਹੀ ਹਾਲੇ ਤੱਕ ਨਹੀਂ ਵਰਤੇ ਜਦਕਿ ਮੈਂ 17ਵੀਂ ਲੋਕ ਸਭਾ ਦੇ ਸਮੇਂ ਦੇ ਫੰਡ ਵੀ ਅਲਾਟ ਕਰੀ ਬੈਠੀ ਹਾਂ।
ਹਾਲਾਤਾਂ ਨੂੰ ਬੇਹੱਦ ਅਫਸੋਸਜਨਕ ਕਰਾਰ ਦਿੰਦਿਆਂ ਬਠਿੰਡਾ ਦੀ ਐਮ ਪੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੁੰ ਵਿਕਾਸ ਤੇ ਭਲਾਈ ਤੋਂ ਵਾਂਝਾ ਕਰ ਰਿਹਾ ਹੈ। ਉਹਨਾਂ ਕਿਹਾ ਕ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਤੋਂ ਜਾਣੂ ਨਹੀਂ ਕਿ ਰੇਹੜੀਵਾਲਿਆਂ ਦੀ ਮਦਦ ਲਈ 10 ਹਜ਼ਾਰ ਰੁਪਏ ਤੱਕ ਦੀਆਂ ਕੇਂਦਰੀ ਸਕੀਮਾਂ ਹਨ ਜਿਹਨਾਂ ਦੀ ਸ਼ਹਿਰ ਵਿਚ ਵਰਤੋਂ ਨਾਲ ਚੰਗਾ ਅਸਰ ਪੈ ਸਕਦਾ ਹੈ।
ਸ੍ਰੀਮਤੀ ਬਾਦਲ ਨੇ ਸਥਾਨਕ ਪ੍ਰਸ਼ਾਸਨ ਨੁੰ ਅਪੀਲ ਕੀਤੀ ਕਿ ਉਹ ਘੱਟ ਤੋਂ ਘੱਟ ਪਿੰਡਾਂ ਵਿਚ ਜਲ ਸਪਲਾਈ ਦੇ ਕਾਰਜ ਹੀ ਪੂਰੇ ਕਰ ਦੇਣ ਜੋ ਰੁਕੇ ਹੋਏ ਹਨ ਤੇ ਹਸਪਤਾਲਾਂ ਵਾਸਤੇ ਸਫਾਈ ਕਰਮਚਾਰੀ ਵੀ ਭਰਤੀ ਕਰਨ। ਮਿਉਂਸਪਲ ਚੋਣਾਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਹਰ ਕੋਈ ਵੇਖ ਸਕਦਾ ਹੈ ਕਿ ਕਿਵੇਂ ਮਿਉਂਸਪਲ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਲੋਕਾਂ ਦਾ ਸਮਾਂ ਤੇ ਸਰਕਾਰੀ ਪੈਸਾ ਬਰਬਾਦ ਕਰਨ ਵਾਲੀ ਗੱਲ ਸੀ ਕਿਉਂਕਿ ਉਹਨਾਂ ਨੇ ਚੋਣਾਂ ਪੁਲਿਸ ਫੋਰਸ ਦੀ ਦੁਰਵਰਤੋਂ ਦੇ ਬਲਬੂਤੇ ਜਿੱਤੀਆਂ।
ਸ੍ਰੀਮਤੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਲੋਕਾਂ ਨੁੰ ਵਾਰ ਵਾਰ ਮੂਰਖ ਬਣਾਉਣ ਦਾ ਯਤਨ ਕਰਨ ਦੇ ਦੋਸ਼ ਲਗਾਏ ਤੇ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਦੀ ਉਦਾਹਰਣ ਵੀ ਦਿੱਤੀ। ਉਹਨਾਂ ਕਿਹਾ ਕਿ ਪਹਿਲਾਂ ਸੁਬਾ ਸਰਕਾਰ ਨੂੰ ਪੈਟਰੋਲ, ਡੀਜ਼ਲ ਤੇ ਐਲ ਪੀ ਜੀ ‘ਤੇ ਵੈਟ ਘਟਾਉਣਾ ਚਾਹੀਦਾ ਹੈ ਤਾਂ ਹੀ ਉਸਦਾ ਹੱਕ ਬਣਦਾ ਹੈ ਕਿ ਉਹ ਕੇਂਦਰ ਸਰਕਾਰ ਨੁੰ ਟੈਕਸ ਵਿਚ ਕਟੌਤੀ ਕਰਨ ਵਾਸਤੇ ਆਖੇ। ਉਹਨਾਂ ਨੇ ਇਸ ਮਾਮਲੇ ‘ਤੇ ਕਾਂਗਰਸ ਵੱਲੋਂ ਮਗਰਮੱਛ ਦੇ ਵੰਝੂ ਵਹਾਉਣ ਦੀ ਵੀ ਨਿਖੇਧੀ ਕੀਤੀ।
ਜਦੋਂ ਉਹਨਾਂ ਨੂੰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਲੈਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਹੁਣ ਇਕ ਵਾਰ ਫਿਰ ਤੋਂ ਵੋਟਰਾਂ ਨੁੰ ਝੂਠੇ ਵਾਅਦਿਆਂ ਨਾਲ ਮੂਰਖ ਬਣਾਉਣ ਦੀ ਯੋਜਨਾ ਘੜਨਗੇ। ਉਹਨਾਂ ਕਿਹਾ ਕਿ ਮੈਂ ਪੰਜਾਬੀਆਂ ਨੁੰ ਅਪੀਲ ਕਰਦੀ ਹਾਂ ਕਿਜ ਦੋਂ ਵੀ ਕਾਂਗਰਸੀ ਆਗੂ ਵੋਟਾਂ ਮੰਗਣ ਆਉਣ ਤਾਂ ਨੌਜਵਾਨ ਸਭ ਤੋਂ ਪਹਿਲਾਂ ਨੌਕਰੀਆਂ, ਮੋਬਾਈਲ ਫੋਨ ਤੇ ਬੇਰੋਜ਼ਗਾਰੀ ਭੱਤਾ ਮੰਗਣ ਜਿਸਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਲੋਕਾਂ ਨੁੰ ਚਾਹ ਪੱਤੀ ਤੇ ਖੰਡ ਬਾਰੇ ਵੀ ਪੁੱਛਣਾ ਚਾਹੀਦਾ ਹੈ ਜੋ ਉਹਨਾਂ ਨੁੰ ਆਟਾ ਦਾਲ ਦੇ ਨਾਲ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਪੂਰਨ ਕਰਜ਼ਾ ਮੁਆਫੀ ਮੰਗਣੀ ਚਾਹੀਦੀ ਹੈ।

Install Punjabi Akhbar App

Install
×