ਕਵਿਤਾ ਦੀ ਜ਼ਰਖ਼ੇਜ਼ ਜ਼ਮੀਨ ਤੇ ਲਿਖਿਆ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ 

ਹਰਮੀਤ ਨੇ ਆਪਣੇ ਨਾਂ ਨਾਲ ‘ਵਿਦਿਆਰਥੀ’ ਸ਼ਬਦ ਜੋੜਿਆ ਹੈ ਪਰ ਕਵਿਤਾ ਦੇ ਖੇਤਰ ਦਾ ਉਹ ਵਿਦਿਆਰਥੀ ਨਾ ਹੋ ਕੇ ਕੋਈ ਉਸਤਾਦ ਲੱਗਦਾ ਹੈ। ਦੇਖਣ ਨੂੰ ਉਸ ਦਾ ਜੁੱਸਾ ਪਹਿਲਵਾਨਾਂ ਵਾਲਾ ਹੈ ਪਰ ਉਸ ਦੀਆਂ ਕਵਿਤਾਵਾਂ ਵਿਚ ਕੋਮਲ ਭਾਵੀ ਸ਼ਬਦਾਂ ਦਾ ਸਾਗਰ ਵਗਦਾ ਹੈ। ਉਸ ਦਾ ਕਾਵਿ ਸੰਗ੍ਰਿਹ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਦੇ ਆਧਾਰ ਤੇ ਮੈਂ ਉਸ ਦੀ ਕਾਵਿ ਕਲਾ ਸੰਬੰਧੀ ਕੁਝ ਸਿੱਟੇ ਕੱਢੇ ਹਨ। ਉਸ ਨੂੰ ਭਲੀ ਭਾਂਤ ਪਤਾ ਹੈ ਕਿ ਪਾਠਕਾਂ ਦੀ ਲੋਕ ਕਚਿਹਰੀ ਵਿਚ ਪ੍ਰਵਾਨ ਚੜ੍ਹਨ ਲਈ ਕਵੀ ਦੀ ਕਵਿਤਾ ਵਿੱਚ ਕਾਵਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਦੇਖਣ ਵਾਲੀ ਗੱਲ ਇਹ ਨਹੀਂ ਕਿ ਕਵਿਤਾ ਦਾ ਰੂਪਕ ਪੱਖ ਖੁੱਲ੍ਹੀ ਜਾਂ ਆਜ਼ਾਦ ਕਵਿਤਾ ਵਾਲਾ ਹੈ, ਤੋਲ-ਤੁਕਾਂਤ ਦਾ ਧਿਆਨ ਰੱਖਿਆ ਗਿਆ ਹੈ ਜਾਂ ਨਹੀਂ, ਗੀਤ ਲਿਖਿਆ ਜਾ ਰਿਹਾ ਹੈ ਜਾਂ ਗ਼ਜ਼ਲ। ਕਈ ਵਾਰ ਵਾਰਤਕ ਨੁਮਾ ਕਵਿਤਾ ਵਿੱਚੋਂ ਵੀ ਸੰਗੀਤ ਦੀਆਂ ਧੁਨਾਂ ਜਾਂ ਛਣਕਾਟਾ ਪੈਦਾ ਹੋ ਸਕਦਾ ਹੈ ਅਤੇ ਇਸ ਦੇ ਉਲਟ ਕਈ ਗੀਤ ਵੀ ਲੈਅ ਬੱਧ ਨਹੀਂ ਹੁੰਦੇ। ਤੋਲ-ਤੁਕਾਂਤ ਵਾਲੀ ਕਵਿਤਾ ਜਾਂ ਗ਼ਜ਼ਲ ਪੜ੍ਹ ਕੇ ਵੀ ਇਹ ਮਹਿਸੂਸ ਹੁੰਦੇ ਹੈ ਕਿ ਧੱਕੇ ਨਾਲ ਹੀ ਕਾਫ਼ੀਆ ਮਿਲਾਇਆ ਗਿਆ ਹੈ। ਪ੍ਰਸਤੁਤ ਪੁਸਤਕ ਪੜ੍ਹਦੇ ਹੋਏ ਮੈਂ ਮਹਿਸੂਸ ਕੀਤਾ ਹੈ ਕਿ ਹਰਮੀਤ ਕਵਿਤਾ ਦਾ ਨਵਾਂ ਮੁਹਾਵਰਾ ਸਿਰਜਣ ਦੀ ਕਲਾ ਦਾ ਉਸਤਾਦ ਹੈ, ਉਸ ਦੀਆਂ ਕਾਵਿ ਤੁਕਾਂ ਵਿੱਚ ਮਿਕਨਾਤਿਸੀ ਖਿੱਚ ਹੈ, ਉਹ ਕਵਿਤਾ ਨੂੰ ਨਾਹਰਾ ਨਹੀਂ ਬਣਾਉਂਦਾ ਸਗੋਂ ਇਕ ਸੂਖ਼ਮ ਕਲਾ ਦੇ ਤੌਰ ਤੇ ਲੈਂਦਾ ਹੈ। ਜਦੋਂ ਲੋੜ ਪੈਂਦੀ ਹੈ ਤਾਂ ਕਿਤੇ ਸੂਖ਼ਮ ਅਤੇ ਕਿਤੇ ਤਕੜਾ ਵਿਅੰਗ ਵੀ ਕਰ ਜਾਂਦਾ ਹੈ। ਉਸ ਦਾ ਵਿਅੰਗ ਪਾਠਕ ਨੂੰ ਝੰਜੋੜਦਾ ਵੀ ਹੈ ਅਤੇ ਆਪਣਾ ਮੰਤਵ ਵੀ ਪੂਰਾ ਕਰਦਾ ਹੈ, ਮਸਲਨ ਅਜੋਕੇ ਪੰਜਾਬੀ ਸਾਹਿਤਕ ਪਿੜ ਦੀ ਅਵਸਥਾ ਬਹੁਤੀ ਸੰਤੋਸ਼ਜਨਕ ਨਹੀਂ ਕਹੀ ਜਾ ਸਕਦੀ। ਕੁਝ ਵਿਦਵਾਨ ਸਾਹਿਤਕ ਪ੍ਰਦੂਸ਼ਨ, ਮਿਆਰ ਤੋਂ ਊਣੇ ਸਾਹਿਤ ਜਾਂ ਸਾਹਿਤਕ ਪਿੜ ਵਿਚ ਆਪਣੀ ਹਾਜ਼ਰੀ ਲਵਾਉਣ ਲਈ ਹੀ ਲਿਖਣ ਵੱਲ ਰੁਚਿਤ ਹੁੰਦੇ ਹਨ। ਸਾਹਿਤਕ ਖੇਤਰ ਵਿਚ ਵੀ ਕੁਝ ਵਿਅਕਤੀ ਵਿਸ਼ੇਸ਼ ਜਾਂ ਕਾਰੋਬਾਰੀ ਰੁਚੀਆਂ ਵਾਲੀਆਂ ਸਾਹਿਤਕ ਸੰਸਥਾਵਾਂ ਵੱਲੋਂ ਵੱਡੇ ਹੋਟਲਾਂ ਵਿਚ ਸਮਾਗਮ ਰਚਾਉਣ ਦੇ ਰੁਝਾਨ ਸੰਬੰਧੀ ਉਸ ਦੀ ਕਵਿਤਾ ‘ਅੱਜ ਕੱਲ੍ਹ’ ਦੀਆਂ ਇਹ ਤੁਕਾਂ ਵਿਚਾਰਨ ਯੋਗ ਹਨ; “ਕਵਿਤਾ ਫੈਸ਼ਨ ਵਜੋਂ ਲਿਖਦਾ ਹਾਂ/ ਕਿਸੇ ਵਧੀਆ ਹੋਟਲ ਵਿਚ ਸਮਾਗਮ ਹੋਵੇ/ ਜਾ ਆਉਂਦਾ ਹਾਂ।” ਇਸੇ ਕਵਿਤਾ ਵਿਚ ਹੀ ਉਹ ਕੁਝ ‘ਦਿਓ ਕੱਦ’ ਸਾਹਿਤਕ ਗੈਂਗਸਟਰਾਂ ਅਤੇ ਇਨਾਮਾਂ , ਸਨਮਾਨਾਂ ਲਈ ਭੱਜ-ਦੌੜ ਦੀ ਪ੍ਰਕਿਰਿਆ ਨੂੰ ਵੀ ਨੰਗਾ ਕਰਦਾ ਹੈ।(ਜੁਗਤ ਸਿੱਖ ਰਿਹਾ ਹਾਂ/ ਦਿਓ ਕੱਦ ਦਿਸਦੇ/ਬੌਣਿਆਂ ਦੀ ਨਿਗਾਹ ਵਿੱਚ ਕੱਦਾਵਰ ਬਣੇ ਰਹਿਣ ਦੀ; ਸਨਮਾਨਾਂ ਲਈ/ਹਰ ਕਿਸਮ ਦੀ/ਜ਼ਿਲੱਤ ਸਹਿਣ ਦੀ/ਤੇ ਹਰ ਹੀਲੇ/ਜੋ ਮੈਂ ਨਹੀਂ ਹਾਂ/ਉਹ ਦਿਸਦੇ ਰਹਿਣ ਦੀ।)

ਇਸ ਦੇ ਵਿਪਰੀਤ ਉਹ ਕਵਿਤਾ ਦੇ ਮੰਤਵ ਦੀ ਗੱਲ ਕਰਦਾ ਲਿਖਦਾ ਹੈ–“ਜਦੋਂ ਜਜ਼ਬਾ ਸੁੱਚਾ/ ਸਿਦਕ ਮੁਕੰਮਲ/ਬੰਦਾ ਨਿਰਭਓ ਨਿਰਵੈਰ ਹੋਵੇ/ਉਦੋਂ/ਕਵਿਤਾ/ਕਾਗਜ਼/ਕਲਮ/ਤੇ ਲਫ਼ਜ਼ਾਂ ਦੀ ਮੁਥਾਜ ਕਦ ਹੁੰਦੀ ਹੈ।”(ਲਿਖੀ ਜਾ ਰਹੀ ਹੈ ਕਵਿਤਾ)

ਹਰਮੀਤ ਕੋਲ ਹਰ ਵਰਤਾਰੇ ਨੂੰ ਦੇਖਣ ਦਾ ਆਪਣਾ ਅੰਦਾਜ ਹੈ। ਉਸ ਨੇ ਕਿਸਾਨ ਅੰਦੋਲਨ ਨੂੰ ਨੂੰ ਇਕ ਨਵੇਂ ਜ਼ਾਵੀਏ ਤੋਂ ਪੇਸ਼ ਕੀਤਾ ਹੈ ਜੋ ਪਾਠਕਾਂ ਦੇ ਦਿਲ ਨੂੰ ਛੂਹਣ ਵਾਲਾ ਹੈ। ਉਸ ਨੇ ਇਸ ਅੰਦੋਲਨ ਦੀ ਗੱਲ ਕਰਦੇ ਹੋਏ ਨਾ ਤਾਂ ਸਰਕਾਰੀ ਪੱਖ ਦੀ ਗੱਲ ਛੇੜੀ ਹੈ ਅਤੇ ਨਾ ਹੀ ਕਿਸਾਨਾ ਦੇ ਪੱਖ ਨੂੰ ਪੂਰਿਆ ਹੈ। ਇਹ ਅੰਦੋਲਨ ਕਿਵੇਂ ਲੋਕ ਲਹਿਰ ਦਾ ਰੂਪ ਅਖਤਿਆਰ ਕਰ ਗਿਆ, ਉਸ ਦਾ ਕਲਾਤਮਕ ਪ੍ਰਗਟਾ ਕੀਤਾ ਹੈ: “ਭੱਤਾ ਹੁਣ ਖੇਤਾਂ ਵਿਚ ਕੰਮ ਕਰਦੇ/ਕਿਰਤੀਆਂ ਲਈ ਨਹੀਂ/——–ਫ਼ਰਕਦੇ ਡੌਲਿਆਂ/ਤੇ ਲਲਕਾਰਦੀਆਂ ਆਵਾਜ਼ਾਂ ਕੋਲ/ਜੀ ਟੀ ਰੋਡ ਤੇ ਲੈ ਕੇ ਜਾਂਦੀਆਂ ਨੇ ਸਵਾਣੀਆਂ।” ਇਸੇ ਸੰਦਰਭ ਵਿਚ ਇਹ ਤੁਕਾਂ ਵੀ ਧਿਆਨ ਦੀ ਮੰਗ ਕਰਦਆਂ ਹਨ –“ਹਰੀਆਂ ਕਚੂਰ ਲਗਰਾਂ ਵਰਗੇ ਮੁੰਡੇ ਕੁੜੀਆਂ/ਆਪਣੀਆਂ ਜਮਾਤਾਂ ਲੈ ਆਏ ਹਨ/ਚੌਂਕ ਚੌਰਾਹਿਆਂ ਤੇ—-। ਇਹ ਕਵਿਤਾ ਕਿਸਾਨ ਅੰਦੋਲਨ ਸੰਬੰਧੀ ਲਿਖੀਆਂ ਕਵਿਤਾਵਾਂ ਵਿੱਚੋਂ  ਵਧੀਆ ਕਵਿਤਾਵਾਂ ਵਿੱਚ ਸ਼ੁਮਾਰ ਕੀਤੀ ਜਾ ਸਕਦੀ ਹੈ।

ਹਰਮੀਤ ਦੀਆਂ ਕਵਿਤਾਵਾਂ ਦੀ ਇਕ ਹੋਰ ਖ਼ੂਬੀ ਇਹ ਵੀ ਹੈ ਕਿ ਉਹ ਕੁਝ ਸ਼ਬਦਾਂ ਰਾਹੀਂ ਹੀ ਵੱਡੀ ਗੱਲ ਕਹਿਣ ਅਤੇ ਸ਼ਬਦੀ ਚਿੱਤਰ ਉਲੀਕਣ ਦੀ ਮੁਹਾਰਤ ਰੱਖਦਾ ਹੈ। ‘ਮੈਂ ਪੰਜਾਬ ਹਾਂ’ ਕਵਿਤਾ ਵਿਚ ਜਦੋਂ ਉਹ ਲਿਖਦਾ ਹੈ ” ਨਸਾਂ ਵਿਚ ਸਰਿੰਜ/ਛਾਤੀ ਵਿਚ ਤੀਰ/ਪਿੱਠ ਵਿਚ ਖ਼ੰਜਰ” ਤਾਂ ਇਹਨਾਂ ਨੌ ਸ਼ਬਦਾਂ ਰਾਹੀਂ ਉਸਨੇ ਅਜੋਕੀ ਪੰਜਾਬੀ ਪੀੜ੍ਹੀ ਦਾ ਨਸ਼ੇ ਵਿਚ ਗਲਤਾਨ ਹੋਣਾ, ਪੰਜਾਬੀਆਂ ਦੀ ਬਹਾਦਰੀ ਅਤੇ ਪੰਜਾਬੀਆਂ ਨਾਲ ਹੁੰਦੀ ਗੱਦਾਰੀ ਵਰਗੇ ਤਿੰਨ ਪਹਿਲੂਆਂ ਦਾ ਖਾਕਾ ਉਲੀਕ ਦਿੱਤਾ ਹੈ, ਪਰ ਇਸ ਦੇ ਨਾਲ ਹੀ ਉਸ ਨੂੰ ਇਹ ਵੀ ਪਤਾ ਹੈ ਕਿ ਪੰਜਾਬੀ ਕੁਕਨੂਸ ਦੀ ਤਰ੍ਹਾਂ ਆਪਣੀ ਰਾਖ ਵਿੱਚੋਂ ਹੀ ਮੁੜ ਜਨਮ ਲੈਣ ਵਾਂਗ ਸਮਾਂ ਬੀਤਣ ਤੇ ਫੇਰ ਆਪਣੇ ਪੈਰਾਂ ਤੇ ਖੜੇ ਹੋਣ ਦੇ ਸਮਰਥ ਹੋਣ ਜਾਂਦੇ ਹਨ। ‘ਕੁਕਨੂਸ’ ਕਵਿਤਾ ਵਿਚ ਉਹ ਲਿਖਦਾ ਹੈ “ਹਰ ਵਾਰ ਆਪਣੀ ਰਾਖ ‘ਚੋਂ ਉਦੇ ਹੁੰਦਾ ਹਾਂ/ ਹਾਂ ਹਾਂ/ ਮੈਂ ਪੰਜਾਬ ਹਾਂ।” ਪਰ ਆਪਣੀ ਇਸ ਵਿਚਾਰਧਾਰਾ ਦੇ ਉਲਟ ਜਾਂਦਾ ਹੋਇਆ ‘ਡੈਡ ਐਂਡ ਤੋਂ ਪਾਰ’ ਵਿੱਚ ਲਿਖਦਾ ਹੈ “ਕਿ ਹਾਰੇ ਰਾਜਿਆਂ ਨੂੰ/ਮਹਿਲਾਂ ਦੇ ਸੁਪਨੇ ਆਉਣਾ/ਕੋਈ ਚੰਗੀ ਗੱਲ ਨਹੀਂ ਹੁੰਦੀ।”

ਉਹ ਸਮੇਂ ਅਨੁਸਾਰ ਚੱਲਣ ਲਈ ਕਹਿੰਦਾ ਹੈ–ਵਕਤ ਜਿੱਦਾਂ ਦਾ ਵੀ ਹੈ/ਹਾਲ ਦੀ ਘੜੀ/ਗੁਜ਼ਾਰਨ ਦਾ ਵੱਲ ਸਿੱਖ”, ਪਰ ਇਸ ਦੇ ਨਾਲ ਹੀ ਉਹ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਵੱਲ ਇਸ਼ਾਰਾ ਵੀ ਕਰਦਾ ਹੈ “ਸਫ਼ਰ ਜੇ ਦੁਸ਼ਵਾਰ ਹੈ/ਤਾਂ ਕਿਸੇ ਗੀਤ ਨੂੰ/ਹਮਸਫ਼ਰ ਬਣਾ ਲਈਏ/ ਕੁਝ ਤੁਰ ਲਈਏ/ਕੁਝ ਗਾ ਲਈਏ ।” ਅਜਿਹੀ ਆਸ਼ਾਵਾਦੀ ਸੋਚ ਨਾਲ ਹੀ ਜ਼ਿੰਦਗੀ ਜਿਉਣ ਦਾ ਰਾਹ ਲੱਭਣਾ ਚਾਹੀਦਾ ਹੈ। ਇਸੇ ਹੀ ਤਰਾਂ ਦੀ ਇਕ ਹੋਰ ਕਵਿਤਾ ਦੀਆਂ ਸਤਰਾਂ ਹਨ–ਪੱਤੇ ਝੜਨ ਨਾਲ ਰੁੱਖ ਖਤਮ ਨਹੀਂ ਹੁੰਦਾ/ ਬੀਜ ਵੀ ਡਿੱਗਦੇ ਨੇ/ਕੋਈ ਨਾ ਕੋਈ ਬੀਜ ਪੁੰਗਰ ਹੀ ਪੈਂਦਾ ਹੈ/ਨਵਾਂ ਰੁੱਖ ਬਣਨ ਲਈ। 

ਜਿਵੇਂ ਉਪਰ ਕਿਹਾ ਸੀ ਕਿ ਹਰਮੀਤ ਦੀ ਕਵਿਤਾ ਵਿੱਚ ਕਾਵਿਕਤਾ ਦੀ ਭਰਮਾਰ ਹੈ। ਇਸ ਪੱਖੋਂ ਇਸ ਕਾਵਿ ਸੰਗ੍ਰਿਹ ਦੀ ਕਵਿਤਾ ‘ਰੂਹ ਦਾ ਚੋਲਾ’ ਪੜ੍ਹਨ ਯੋਗ ਕਵਿਤਾ ਹੈ। ਇਹ ਭਾਵੇਂ ਖੁੱਲ੍ਹੀ ਕਵਿਤਾ ਦੀ ਸ਼੍ਰੇਣੀ ਵਿੱਚ ਆਉਂਦੀ ਹੈ, ਪਰ ਇਸ  ਵਿੱਚ ਲੈਅ ਵੀ ਹੈ, ਸੰਗੀਤ ਵੀ ਹੈ ਅਤੇ ਗੀਤ ਵਰਗੀ ਰਵਾਨੀ ਵੀ। ਜਿਵੇਂ ਕਿਸੇ ਨਾਚ ਵਿੱਚ ਨਚਾਰਾਂ ਦੀ ਚਾਲ ਮੁੱਢ ਵਿਚ ਹੌਲੀ ਹੁੰਦੀ ਹੈ,  ਪਰ ਜਿਵੇਂ ਜਿਵੇਂ ਸੰਗੀਤ ਦੀ ਲੈਅ ਤੇਜ ਹੁੰਦੀ ਜਾਂਦੀ ਹੈ, ਨਚਾਰਾਂ ਦੇ ਪੈਰ ਦੀ ਗਤੀ ਵਿੱਚ ਵੀ ਲੋਹੜੇ ਦੀ ਤੇਜੀ ਆਈ ਜਾਂਦੀ ਹੈ। ਇਹ ਕਵਿਤਾ ਪੜ੍ਹਦੇ ਹੋਏ ਵੀ ਇਹੋ ਮਹਿਸੂਸ ਹੁੰਦਾ ਹੈ।

ਇਸ ਕਾਵਿ ਸੰਗ੍ਰਿਹ ਦੀਆਂ ਕੁਝ ਹੋਰ ਕਵਿਤਾਵਾਂ ਵਿੱਚੋਂ  ਕਵੀ ਦੀਆਂ ਕਈ ਕਾਵਿ ਉਡਾਰੀਆਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ:

1 ਘਰ ਦੀਆਂ ਮਹਿਫ਼ੂਜ ਕਿੱਲੀਆਂ ਤੇ/ਟੰਗੇ ਰਹਿਣ ਦੇਈਏ/ਰੂਹਾਂ/ਜ਼ਮੀਰਾਂ ਨੂੰ।(ਚਲੋ ਇੰਝ ਹੀ ਸਹੀ)

2  ਸ਼ਬਦ ਸਿੱਲੇ/ਖ਼ਿਆਲ ਬੋਦੇ/ਤਕਰੀਰ ਜਰਜ਼ਰੀ(ਖੜੋਤ ਤੋਂ ਬਾਅਦ)

3  ਕਾਨਸ ਤੇ ਪਏ ਸਨਮਾਨ ਚਿੰਨ੍ਹਾਂ ਨਾਲ/ਢੂਈ ਖੁਰਕੀ(ਖੜੋਤ ਤੋਂ ਬਾਅਦ)

4  ਵਸਤਾਂ ਨਾਲ ਭਰੇ ਘਰਾਂ ਵਿੱਚ/ਥੋਥੇ ਜਿਸਮ ਰਹਿੰਦੇ ਨੇ(ਪਾਪਾ ਮੈਂ ਕੈਨੇਡਾ ਜਾਣੈ)

5  ਅੱਖਾਂ ਚੋਂ ਅੱਥਰੂਆਂ ਦੀ ਤਤੀਰੀ ਫੁੱਟੀ/ਵਗਦੇ ਵਗਦੇ ਬੁੱਲ੍ਹਾਂ ਤੱਕ ਆਏ/ਅੱਥਰੂ ਮੂੰਹ ‘ਚ ਗਿਆ/ ਰੋਜ਼ਾ ਖੁੱਲ੍ਹ ਗਿਆ।(ਰੋਜ਼ਾ)

6  ਯਾਦਾਂ ਦੀ ਮੇਜ਼ ਤੇ/ਰੀਝਾਂ ਦਾ ਕੇਕ ਟਿਕਾਇਆ/ ਜ਼ਮਾਨੇ ਦੀ ਛੁਰੀ ਨਾਲ/ ਕੇਕ ‘ਚ ਭਰੇ ਸੁਪਨਿਆਂ ਨੂੰ ਕੱਟਿਆ(ਇਸ਼ਕ ਦੀ ਸਾਲ ਗਰਾਹ)

7  ਜੇ ਇਹ ਜੱਗ ਤੇਰਾ ਹੈ/ਤਾਂ ਇਕ ਗੱਲ ਸਮਝ ਲੈ/ਫ਼ਕੀਰੀ ਦਾ ਘਰ /ਤੇਰੇ ਤੋਂ ਬਹੁਤ ਦੂਰ ਹੈ।(ਹੁਜਰਾ)

ਵੈਸੇ ਤਾਂ ਇਸ ਕਾਵਿ ਸੰਗ੍ਰਿਹ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਹੀ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ ਪਰ ਮਕਤੂਲ ਬੋਲਦਾ ਹੈ, ਮੈਂ ਉਹ ਰਾਮ ਨਹੀਂ, ਸਭ ਤੋਂ ਵੱਡੀ ਅਦਾਕਾਰੀ,  ਕੁਝ ਅਜਿਹੀਆਂ ਕਵਿਤਾਵਾਂ ਹਨ ਜੋ ਸਮੇਂ ਦੀ ਪਕੜ ਤੋਂ ਬਾਹਰ ਸਦਾ ਬਹਾਰ ਕਵਿਤਾਵਾਂ ਹਨ। ਸਮੁੱਚੇ ਰੂਪ ਵਿਚ ਹਰਮੀਤ ਵਿਦਿਆਰਥੀ ਦਾ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ ‘ ਕਾਵਿ ਸੰਗ੍ਰਿਹ ਪੜ੍ਹਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਜਿਸ ਤਰਾਂ ਤਰੇਲ ਧੋਤੇ ਫੁੱਲਾਂ ਤੇ  ਸੂਰਜ ਦੀ ਰੌਸ਼ਨੀ ਨਾਲ ਜੋ ਸਤਰੰਗੀ ਵਰਗੀ ਆਭਾ ਲਿਸ਼ਕਾਰੇ ਮਾਰਦੀ ਹੈ, ਜੋ ਸੱਜਰੇ ਫੁੱਲਾਂ ਦੀ ਮਹਿਕ ਹੁੰਦੀ ਹੈ, ਉਹੀ ਆਭਾ, ਉਹੀ ਮਹਿਕ ਇਸ ‘ਹਲਫ਼ੀਆ ਬਿਆਨ’ ਦੀ ਹੈ। ਹੁਣ ਤੱਕ ਉਸ ਦੇ ਚਾਰ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਇਕ ਸੰਗ੍ਰਿਹ ਸ਼ਾਹਮੁਖੀ ਵਿਚ ਲਾਹੌਰ ਤੋਂ ਵੀ ਪ੍ਰਕਾਸ਼ਿਤ ਹੋਇਆ ਹੈ।ਹਰਮੀਤ ਵਿਦਿਆਰਥੀ ਦੀ ਕਲਮ ਪੰਜਾਬੀ ਕਾਵਿ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕਰਨ ਦੇ ਸਮਰੱਥ ਹੈ।

(ਰਵਿੰਦਰ ਸਿੰਘ ਸੋਢੀ)

001-604-369-2371