ਕੀਵੀ ਪਰਿਵਾਰ: ਮੈਂ ਹਾਂ ਸ਼ੁਕਰਗੁਜ਼ਾਰ – ਨਿਊਜ਼ੀਲੈਂਡ ਸਿੱਖ ਖੇਡਾਂ ਵਿਚ ਪੇਸ਼ਕਾਰੀ ਬਾਅਦ ਹਰਮਿੰਦਰ ਨੂਰਪੁਰੀ ਪੰਜਾਬ ਰਵਾਨਾ

ਨਿਊਜ਼ੀਲੈਂਡ ਸਿੱਖ ਖੇਡਾਂ ਦੀ ਮੈਨੇਜਮੈਂਟ ਵੱਲੋਂ ਟਾਈਟਲ ਗੀਤ ਗਾਉਣ ਵਾਲੇ ਗਾਇਕ ਕਲਾਕਾਰ ਨੂੰ ਨਿੱਘੀ ਵਿਦਾਇਗੀ

(ਔਕਲੈਂਡ):-‘ਨਿਊਜ਼ੀਲੈਂਡ ਸਿੱਖ ਖੇਡਾਂ’ ਦੀ ਮੈਨੇਜਮੈਂਟ ਵੱਲੋਂ ਟਾਈਟਲ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ’ ਦੀ ਦੇ ਗਾਇਕ ਹਰਮਿੰਦਰ ਨੂਰਪੁਰੀ ਨੂੰ ਵਤਨ ਵਾਪਸੀ ਵੇਲੇ ਨਿੱਘੀ ਵਿਦਾਇਗੀ ਦਿੱਤੀ ਗਈ। ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਭਾਗ ਲੈਣ ਲਈ ਉਹ ਪਿਛਲੇ ਮਹੀਨੇ ਇਥੇ ਪਹੁੰਚੇ ਸਨ। ਦੋ ਦਿਨਾਂ ਸਭਿਆਚਾਰਕ ਸਟੇਜ ਦੌਰਾਨ ਉਨ੍ਹਾਂ ਖੂਬ ਰੌਣਕਾਂ ਲਾਈਆਂ ਅਤੇ ਕੁਝ ਸਮਾਂ ਆਪਣੇ ਮਿੱਤਰਾਂ-ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਬਿਤਾਇਆ। ਅੱਜ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਸ. ਦਲਬੀਰ ਸਿੰਘ ਲਸਾੜਾ ਪਹੁੰਚੇ ਸਨ। ਸ. ਹਰਮਨਪ੍ਰੀਤ ਸਿੰਘ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਨੇ ਵੀ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਸ. ਤਾਰਾ ਸਿੰਘ ਬੈਂਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਇੰਦਰਜੀਤ ਸਿੰਘ ਕਾਲਕਟ, ਸ. ਬਲਿਹਾਰ ਸਿੰਘ ਮਾਹਿਲ ਅਤੇ ਸ੍ਰੀ ਮੁੰਨਣ ਬਾਈ ਨੇ ਵੀ ਉਨ੍ਹਾਂ ਨਾਲ ਸੰਖੇਪ ਮਿਲਣੀਆਂ ਕਰਕੇ ਇਥੇ ਪਹੁੰਚਣ ਲਈ ਧੰਨਵਾਦ ਕੀਤਾ। ਗਾਇਕ ਹਰਮਿੰਦਰ ਨੂਰਪੁਰੀ ਨੇ ਵੀ ਆਪਣੇ ਇਸ ਦੌਰੇ ਲਈ ਸਿੱਖ ਖੇਡਾਂ ਦੀ ਮੈਨੇਜਮੈਂਟ ਟੀਮ, ਮੀਡੀਆ ਅਦਾਰਿਆਂ, ਨਿੱਜੀ ਮਿੱਤਰਾਂ ਅਤੇ ਖੇਡ ਕਲੱਬਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਉਨ੍ਹਾਂ ਖਾਸ ਕਰ ਗੀਤ ‘ਧੀਆਂ’ ਦੀ ਪੇਸ਼ਕਾਰੀ ਮੌਕੇ ਮਾਤਾਵਾਂ ਅਤੇ ਭੈਣਾਂ ਵੱਲੋਂ ਦਿੱਤੇ ਪਿਆਰ ਲਈ ਧੰਨਵਾਦ ਕੀਤਾ ਹੈ। ਅੱਜ ਹਵਾਈ ਅੱਡੇ ਉਤੇ ਵਿਛੜਨ ਵੇਲੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵੇਖੇ ਗਏ।