ਮਾਹਿਲਪੁਰ ਦੀ ਅਥਲੀਟ ਹਰਮਿਲਨ ਬੈਂਸ ਨੇ 19 ਸਾਲ ਪੁਰਾਣਾ ਰਿਕਾਰਡ ਤੋੜਿਆ

ਮਾਹਿਲਪੁਰ ਦੀ ਸਟਾਰ ਅਥਲੀਟ ਹਰਮਿਲਨ ਬੈਂਸ ਨੇ 16 ਸਤੰਬਰ 2021 ਨੂੰ ਹੈਦਰਾਬਾਦ ਵਿਖੇ 60 ਵੀਂ ਨੈਸ਼ਨਲ ਉਪਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੁਨੀਤਾ ਰਾਣੀ ਦੁਆਰਾ ਬੂਸਾਨ ਏਸ਼ੀਅਨ ਖੇਡਾਂ ਵਿਚ ਬਣਾਇਆ 1500 ਮੀਟਰ ਰੇਸ ਦਾ ਰਿਕਾਰਡ ਤੋੜ ਕਿ ਇਤਿਹਾਸ ਸਿਰਜ ਦਿੱਤਾ।ਉਹ ਪਿਛਲੀਆ ਅੱਠ ਨੈਸਨਲ ਵਿਚ ਚੈਂਪੀਅਨ ਬਣਦੀ ਆ ਰਹੀ ਹੈ।ਉਸਨੇ 1500 ਮੀਟਰ ਦੀ ਰੇਸ ਵਿਚ 4:05.39 ਦਾ ਸਮਾਂ ਲਿਆ ਜਦਕਿ ਸੁਨੀਤਾ ਦਾ ਇਹ ਸਮਾਂ 4:06.03 ਸੀ।ਇਸ ਤੋਂ ਇਲਾਵਾ ਉਸਨੇ 2006 ਵਿਚ ਓ ਪੀ ਜੈਸ਼ਾ ਦੁਆਰਾ ਦਿੱਲੀ ਚੈਂਪੀਅਨਸ਼ਿਪ ਵਿਚ ਪ੍ਰਾਪਤ ਕੀਤਾ ਟਾਈਮ 4:11.83 ਵੀ ਬੜੀ ਅਸਾਨੀ ਨਾਲ ਪਾਰ ਕਰ ਲਿਆ।ਇਸ ਤਰ੍ਹਾਂ ਉਹ ਪਿਛਲੇ ਸਾਲਾਂ ਤੋਂ ਆਪਣੀ ਰੇਸ ਸਪੇਸ ਤੇ ਸਮੇਂ ਵਿਚ ਸੁਧਾਰ ਕਰਦੀ ਆ ਰਹੀ ਹੈ।ਖੇਲੋ ਇੰਡੀਆ ਵਿਚ 4:14.68,ਯੂਨੀਵਰਸਿਟੀ ਗੇਮਜ਼ ਵਿਚ 4:08.70,ਫੈਡਰੇਸ਼ਨ ਕੱਪ ਵਿਚ 4:08.27 ੳਤੇ ਹੁਣ ਰਿਕਾਰਡ ਤੋੜਦੀ ਹੋਈ 4:05.39 ਦੇ ਰਿਕਾਰਡ ਸਮੇਂ ਤੇ ਪੱਜ ਗਈ ਹੈ।ਪਰ ਉਹ ਟੋਕੀਓ ਉਲੰਪਿਕ ਵਿਚ ਜਾਣ ਤੋਂ ਬੜੇ ਥੋੜ੍ਹੇ ਫਰਕ ਨਾਲ ਪਿਛੜ ਗਈ ਸੀ।ਹੁਣ ਉਹ ਪੈਰਿਸ ਉਲੰਪਿਕ ਦੀ ਤਿਆਰੀ ਵਿਚ ਜੁਟੀ ਹੋਈ ਹੈ।
ਇਸੇ ਤਰ੍ਹਾਂ ਭੁਵਨੇਸ਼ਵਰ ਦਾ ਕਲਿੰਗਾ ਸਟੇਡੀਅਮ 29 ਫਰਵਰੀ 2020 ਨੂੰ ਪੰਜਾਬ ਦੀ ਹਰਮਿਲਨ ਬੈਂਸ ਦੇ ਨਾਮ ਨਾਲ ਉਦੋਂ ਗੂੰਜ ਉਠਿਆ ਜਦੋਂ ਉਸਨੇ ਇਕੱਲੀ ਨੇ ਪੰਦਰਾਂ ਸੌ ਅਤੇ ਅੱਠ ਸੌ ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤੇ।ਖੇਲੋ ਇੰਡੀਆ ਦੇ ਕੁਲ ਹਿੰਦ ਅੰਤਰ ਵਰਸਿਟੀ ਮੁਕਾਬਲਿਆਂ ਵਿਚ ਉਸਨੇ ਦੋ ਮੈਡਲ ਜਿੱਤ ਕੇ ਸੋਨ ਪਰੀ ਬਣਨ ਦਾ ਖਿਤਾਬ ਜਿੱਤ ਲਿਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਹ ਹਰ ਸਾਲ ਨਵੇਂ ਰਿਕਾਰਡ ਕਾਇਮ ਕਰਕੇ ਅੱਗੇ ਤੋਂ ਅਗੇਰੇ ਵਧਦੀ ਰਹੀ ਹੈ।ਭਾਵੇਂ ਮਾਹਿਲਪੁਰ ਦਾ ਨਾਂ ਪੂਰੀ ਦੁਨੀਆ ਵਿਚ ਫੁੱਟਬਾਲ ਕਰਕੇ ਮਸ਼ਹੂਰ ਹੈ ਪਰ ਕੁਝ ਸਾਲ ਪਹਿਲਾਂ ਇਥੋਂ ਦੀ ਬਹੂ ਮਾਧੁਰੀ ਏ ਸਿੰਘ ਨੇ ਟਰੈਕ ਦੇ ਖੇਤਰ ਵਿਚ ਸ਼ਾਨਦਾਰ ਮੱਲਾਂ ਮਾਰਕੇ ਖੇਡਾਂ ਦਾ ਸਰਵਉੇੱਚ ਸਨਮਾਨ ਅਰਜਨ ਐਵਾਰਡ ਵੀ ਹਾਸਿਲ ਕਰ ਲਿਆ।ਇਸ ਮਹਾਨ ਪ੍ਰਾਪਤੀ ਨਾਲ ਮਾਹਿਲਪੁਰ ਦੀ ਚਰਚਾ ਫੁੱਟਬਾਲ ਦੇ ਨਾਲ ਨਾਲ ਟਰੈਕ ਦੇ ਖੇਤਰ ਵਿਚ ਵੀ ਹੋਣ ਲੱਗ ਪਈ।ਟਰੈਕ ਦੇ ਖੇਤਰ ਵਿਚ ੳਸਦੀਆਂ ਮੱਲਾਂ ਦਾ ਗਰਾਫ ਮਾਰਕੇ ਵਾਲਾ ਹੈ।
2018 ਵਿਚ ਉਸਨੇ ਫੈਡਰੇਸ਼ਨ ਖੇਡਾਂ ਵਿਚ ਮੈਡਲ ਜਿਤਿਆ।ਮਈ 2016 ਵਿਚ ਬੰਗਲੁਰੂ ਵਿਖੇ ਕਰਵਾਏ 14 ਵੇਂ ਫੈਡਰੇਸ਼ਨ ਕੱਪ ਕੌਮੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਦੀ ਇਸ ਇਕੱਲੀ ਦੌੜਾਕ ਨੇ ਚਾਰ ਸੌ ਅਤੇ ਪੰਦਰਾਂ ਸੌ ਮੀਟਰ ਵਿਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਚਮਕਾਇਆ।ਇਥੇ ਉਸਨੇ 800 ਮੀਟਰ ਵਿਚ 2.11.73 ਮਿੰਟ ਅਤੇ 1500 ਮੀਟਰ ਵਿਚ 4.20.31 ਮਿੰਟ ਦੇ ਰਿਕਾਰਡ ਸਮੇਂ ਨਾਲ ਸਿਲਵਰ ਮੈਡਲ ਜਿੱਤਿਆ।ਸੀ ਬੀ ਐਸ ਈ ਸਕੂਲਾਂ ਦੀ ਰਾਏਪੁਰ (ਯੂ ਪੀ ) ਵਿਚ ਦਸੰਬਰ 2015 ਨੂੰ ਕਰਵਾਈ ਕੌਮੀ ਚੈਂਪੀਅਨਸ਼ਿਪ ਵਿਚ 1500 ਅਤੇ 800 ਮੀਟਰ ਦੀ ਦੌੜ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਬੈਸਟ ਅਥਲੀਟ ਬਣਨ ਦਾ ਮਾਣ ਹਾਸਲ ਕੀਤਾ।ਉਸਨੇ ਉੱਨੀ ਸਾਲ ਵਰਗ ਦੇ ਪੰਦਰਾਂ ਸੌ ਮੀਟਰ ਦੇ ਪੁਰਾਣੇ 4.57 ਸਕਿੰਟ ਦੇ ਰਿਕਾਰਡ ਨੂੰ 4.41 ਨਾਲ ਅਤੇ ਅੱਠ ਸੌ ਮੀਟਰ ਦੇ 2.46 ਦੇ ਰਿਕਾਰਡ ਨੂੰ 2.15 ਸਕਿੰਟ ਨਾਲ ਤੋੜ ਕੇ ਆਪਣੀ ਬੈਸਟ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਤੋਂ ਪਹਿਲਾਂ ਵੀ ਉਹ ਰਾਂਚੀ ਵਿਚ ਹੋਈ ਕੌਮੀ ਅਥਲੈਟਿਕਸ ਮੀਟ ਵਿਚ ਪੰਦਰਾਂ ਅਤੇ ਅੱਠ ਸੌ ਵਿਚ ਸਿਲਵਰ ਮੈਡਲ ਜਿੱਤ ਚੁੱਕੀ ਹੈ।ਇਸੇ ਸਾਲ ਜੁਨੀਅਰ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵੀ ਤੀਜੀ ਥਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਬੜੀ ਸ਼ਾਨ ਨਾਲ ਭਾਗ ਲਿਆ।

ਹਰਮਿਲਨ ਬੈਂਸ ਦਾ ਜਨਮ ਇਕ ਅਜਿਹੇ ਘਰ ਵਿਚ ਹੋਇਆ ਹੈ ਜਿੱਥੇ ਬਹੁਤੇ ਮੈਂਬਰਾ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰੀਆਂ ਹੋਈਆਂ ਨੇ।ਉਸਦੇ ਪਿਤਾ ਸ.ਅਮਨਦੀਪ ਸਿੰਘ ਬੈਂਸ ਬਿਜਲੀ ਬੋਰਡ ਦਾ ਇੰਟਰਨੈਸ਼ਨਲ ਅਥਲੀਟ ਰਹੇ ਹਨ।ਉਸਦੇ ਬਾਬਾ ਸਵਰਗਵਾਸੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਉੱਘੇ ਸਾਹਿਤਕਾਰ ਅਤੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਸਨ।ਇੱਥੇ ਹੀ ਬਸ ਨਹੀ ਹਰਮਿਲਨ ਨੂੰ ਟਰੈਕ ਦੀ ਲੀਹੇ ਤੋਰਨ ਵਾਲੀ ਉਸਦੀ ਦਾਦੀ ਗੁਰਮੀਂਤ ਕੌਰ ਬੈਂਸ ਰਿਟਾਇਰਡ ਸੈਂਟਰ ਹੱੈਡ ਟੀਚਰ ਅਤੇ ਨਗਰ ਕੌਂਸਲ ਦੀ ਪ੍ਰਧਾਨ ਵੀ ਰਹੀ ਹੈ।ਜਦੋਂ ਮਾਧੁਰੀ ਦੌੜਦੀ ਸੀ ਤਾਂ ਉਸਦਾ ਪਾਲਣ ਪੋਸ਼ਣ ਦਾਦੀ ਨੇ ਬੜੀ ਮਿਹਨਤ ਨਾਲ ਕਰਕੇ ਉਸਨੂੰ ਵੀ ਟਰੈਕ ਦੇ ਕਾਬਲ ਬਣਾ ਦਿੱਤਾ।ਦੋਆਬਾ ਪਬਲਿਕ ਸਕੂਲ ਦੋਹਲਰੋਂ ਚੋਂ ਦਸਵੀਂ ਜਮਾਤ ਪਾਸ ਕਰਕੇ ਅੱਠ ਸੌ ਅਤੇ ਪੰਦਰਾ ਸੌ ਮੀਟਰ ਦੀਆਂ ਦੋੜਾਂ ਵਿਚ ਰਿਕਾਰਡ ਬਨਾਉਣ ਲੱਗ ਪਈ।23 ਜੁਲਾਈ 1998 ਨੂੰ ਜਨਮ ਲੈਣ ਵਾਲੀ ਹਰਮਿਲਨ ਰੋਜ਼ਾਨਾ ਦੋ ਤੋਂ ਚਾਰ ਘੰਟੇ ਅਭਿਆਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੈਦਾਨਾਂ ਵਿਚ ਕਰਦੀ ਹੈ।ਅਕਾਲ ਅਕੈਡਮੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋਂ ਉਸਨੂੰ ਟਰੈਕ ਅੰਦਰ ਸ਼ਾਨਦਾਰ ਮੱਲਾਂ ਮਾਰਨ ਲਈ ਆਫਰ ਮਿਲੀ ਅਤੇ ਟਾਟਾ ਅਕੈਡਮੀ ਵਲੋਂ ਉਸਨੂੰ ਪਹਿਲਾਂ ਹੀ ਅਪਣਾੲਆ ਜਾ ਚੁੱਕਾ ਹੈ।
ਜੈਪੁਰ (ਰਾਜਸਥਾਨ) ਵਿਚ ਹੋਈ ਨੈਸ਼ਨਲ ਅਥਲੈਟਿਕਸ ਮੀਟ ਵਿਚ ਉਸਨੇ ਪੂਰੇ ਭਾਰਤ ਵਿਚੋਂ ਪਹਿਲੀ ਥਾਂ ਹਾਸਿਲ ਕੀਤੀ।ਪਿਛਲੇ ਚਾਰ ਸਾਲਾਂ ਤੋਂ ਉਸਨੇ ਰਾਜ ਅਤੇ ਅੰਤਰ ਰਾਜੀ ਪੱਧਰ ਦੇ ਅਨੇਕਾਂ ਮੁਕਾਬਲੇ ਜਿੱਤਕੇ ਆਪਣਾ ਗਲ਼ ਮੈਡਲਾਂ ਨਾਲ ਭਰਿਆ ਹੋਇਆ ਹੈ।ਉਸਨੇ 14 ਸਾਲ ਤੋਂ ਘੱਟ ਉਮਰ ਦੇ ਵਰਗ ਵਿਚ ਵੀ ਪੰਜਾਬ ਵਿਚੋਂ ਪਹਿਲੀ ਥਾਂ ਬਣਾਈ ਸੀ।85 ਵੀਂ ੳਪਨ ਪੰਜਾਬ ਅਥਲੈਟਿਕਸ ਮੀਟ ਵਿਚ ਉਸਨੇ ਪਹਿਲੀ ਅਤੇ 2007 ਵਿਚ ਜ਼ਿਲ੍ਹਾ ਪੱਧਰੀ ਕਰਾਸ ਕੰਟਰੀ ਦੋ ਕਿਲੋਮੀਟਰ ਦੌੜ ਵਿਚ ਪਹਿਲਾ ਥਾਂ ਹਾਸਿਲ ਕੀਤਾ ਸੀ।ਸੀ.ਬੀ.ਐਸ. ਈ. ਦੇ ਸਕੂਲਾਂ ਦੇ ਪੰਜਾਬ ਪੱਧਰੀ ਮੁਕਾਬਲੇ ਬਿਆਸ ਜਿਲ੍ਹਾ ਅੰਮ੍ਰਿਤਸਰ ਵਿਚ ਕਰਵਾਏ ਗਏ। ਇੱਥੇ ਹਰਮਿਲਨ ਨੇ 800 ਮੀਟਰ ਵਿਚ ਦੂਜੀ ਥਾਂ ਅਤੇ 400 ਮੀਟਰ ਵਿਚ ਤੀਜੀ ਥਾਂ ਹਾਸਿਲ ਕੀਤੀ।ਇੱਥੇ ਉਸਨੂੰ ਮੈਰਿਟ ਸਰਟੀਫਿਕੇਟ ਵੀ ਦਿੱਤਾ ਗਿਆ।ਜਨਵਰੀ 2009 ਨੂੰ ਕਰਵਾਏ ਗਏ ਅਮੈਚਿਉਰ ਅਥਲੈਟਿਕਸ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਜਿੱਤਾਂ ਨਾਲ ਧੰਨ ਧੰਨ ਕਰਾਈ।ਅਕਤੂਬਰ 2009 ਵਿਚ ਉਹ ਪੰਜਾਬ ਦੀ ਆਪਣੇ ਵਰਗ ਦੀ ਗੋਲਡਨ ਦੋੜਾਕ ਬਣ ਗਈ।
ਹਰਮਿਲਨ ਨੇ ਸਾਲ 2010 ਵਿਚ ਵੀ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣੇ ਗਲੇ ਨੂੰ ਗੋਲਡ ਮੈਡਲਾਂ ਨਾਲ ਸ਼ਿੰਗਾਰ ਲਿਆ।ਸੀ. ਬੀ. ਐਸ. ਈ. ਸਕੂਲਾਂ ਦੇ ਕਲੱਸਟਰ ਪੱਧਰ ਦੇ ਮੁਕਾਬਲੇ ਰਾੜਾ ਸਾਹਿਬ ਵਿਖੇ ਕਰਵਾਏ ਗਏ ਜਿੱਥੇ ਉਸਨੇ 400 ਤੇ 800 ਮੀਟਰ ਰੇਸ ਵਿਚ ਗੋਲਡ ਮੈਡਲ ਜਿੱਤਿਆ।ਲੁਧਿਆਣਾ ਵਿਖੇ ਹੋਈ ਰੂਰਲ ਪੰਜਾਬ ਅਥਲੈਟਿਕਸ ਵਿਚ 800 ਮੀਟਰ ਦਾ ਬੈਸਟ ਟਾਈਮ 2.26 ਮਿੰਟ ਕੱਡਕੇ ਸੋਨ ਤੱਗਮਾ ਜਿੱਤੀਆ।ਪੰਜਾਬ ਸਕੂਲਜ਼ ਖੇਡਾਂ 2010 ਦਾ ਲੁਧਿਆਣਾ ਵਿਖੇ 600 ਮੀਟਰ ਵਿਚ ਪਹਿਲੀ ਥਾਂ ਹਾਸਲ ਕੀਤੀ।ਇਥੋਂ ਉਸਦੀ ਚੋਣ ਨੈਸ਼ਨਲ ਸਕੂਲ ਅਤੇ ਨੈਸ਼ਨਲ ਰੂਰਲ ਵਾਸਤੇ ਵੀ ਕਰ ਲਈ ਗਈ।ਦਸੰਬਰ 2010 ਵਿਚ ਸੀ. ਬੀ .ਅੱੈਸ. ਈ . ਕੌਮੀ ਅਥਲੈਟਿਕਸ ਮੀਟ ਵਿਚ ਉਸਨੇ ੇਅੱਠ ਸੌ ਮੀਟਰ ਦਾ 2.25 ਮਿੰਟ ਦੇ ਰਿਕਾਰਡ ਨਾਲ ਮੈਡਲ ਜਿੱਤਕੇ ਮਾਹਿਲਪੁਰ ਦੀ ਬੱਲੇ ૶ਬੱਲੇ ਕਰਵਾ ਦਿੱਤੀ।ਸਾਲ 2011 ਵਿਚ ਸੈਂਟਰ ਬੋਰਡ ਦੇ ਪੰਜਾਬ ਪੱਧਰੀ ਸਕੂਲੀ ਮੁਕਾਬਲਿਆਂ ਵਿਚ ਅੱਠ ਸੌ ਮੀਟਰ ਦੀ ਦੌੜ ਦਾ ਗੋਲਡ ਜਿੱਤਕੇ ਕਲੱਸਟਰ ਦੀ ਵੀ ਜੇਤੂ ਬਣ ਗਈ।2012-13 ਵਿਚ ਜਲੰਧਰ ਵਿਖੇ ਕਰਾਈਆਂ ਪੰਜਾਬ ਸਕੂਲ ਖੇਡਾਂ ਵਿਚ ਛੇ ਸੌ ਮੀਟਰ ਦਾ ਸੋਨ ਤਗਮਾ ਜਿੱਤ ਗਈ।ਸੀ.ਬੀ.ਐਸ ਈ.ਸਕੁਲਾਂ ਦੇ ਕੌਮੀ ਮੁਕਾਬਲਿਆਂ ਵਿਚ ੳੇਸਨੇ 800 ਅਤੇ 600 ਵਿਚ ਬੜੇ ਵੱਡੇ ਫਰਕ ਨਾਲ ਗੋਲਡ ਮੈਡਲ ਜਿੱਤੇ।ਜਲੰਧਰ ਵਿਚ ਕਰਵਾਏ ਗਏ ਨੈਸ਼ਨਲ ਸਕੂਲ ਮੁਕਾਬਲਿਆਂ ਵਿਚ ਉਸਨੇ 600 ਮੀਟਰ ਦੌੜ 1.38.7 ਮਿੰਟ ਦੇ ਰਿਕਾਰਡ ਸਮੇ ਵਿਚ ਜਿੱਤੀ।
ਹਰਮਿਲਨ ਬੈਂਸ ਦਾ ਕਹਿਣਾ ਹੈ ਕਿ ਮੰਜ਼ਿਲ ਕੋਈ ਵੀ ਦੂਰ ਨਹੀਂ ਹੂੰਦੀ ਬਸ ਸਾਡੀ ਇੱਛਾ ਸ਼ਕਤੀ ਦੀ ਘਾਟ ਕਾਰਨ ਅਸੀਂ ਮੰਜ਼ਿਲ ਤਕ ਨਹੀਂ ਪੁੱਜਦੇ।ਇਸ ਲਈ ਮਨ ਚਾਹੀ ਮੰਜ਼ਿਲ ਪ੍ਰਾਪਤ ਕਰਨ ਲਈ ਮਿਹਨਤ ਅਤੇ ਲਗਨ ਨਾਲ ਕੀਤਾ ਅਭਿਆਸ ਸਹਾਈ ਹੁੰਦਾ ਹੈ।ਉਹ ਦ੍ਰਿੜ ਨਿਸ਼ਚੇ ਨਾਲ ਆਖਦੀ ਹੈ ਕਿ ਜੇਕਰ ਉਸਦੀ ਮੰਮੀ ਏਸ਼ੀਅਨ ਜੇਤੂ ਹੈ ਤਾਂ ਉਹ ਉਲੰਪਿਕ ਤੱਕ ਭਾਰਤ ਦਾ ਨਾਂ ਰੌਸ਼ਨ ਕਰੇਗੀ।ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਇਹ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਹ ਇਕ ਨਾ ਦਿਨ ਭਾਰਤ ਦੀ ਗੋਲਡਨ ਸਟਾਰ ਅਥਲੀਟ ਜ਼ਰੂਰ ਬਣੇਗੀ।

(ਬਲਜਿੰਦਰ ਮਾਨ) 98150-18947
karumblan1995@gmail.com

Install Punjabi Akhbar App

Install
×