ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ: ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

29gsc1ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨਾਂ ਹਿੰਮਤ ਯਾਰ ਬਣਾਈ ਪ੍ਰਸਿੱਧ ਕਿੱਸਾ ਕਾਰ ਹਾਸ਼ਮ ਸ਼ਾਹ ਦੀਆਂ ਇਸ ਪੰਕਤੀਆਂ ਨੂੰ ਸਾਦਿਕ ਨੇੜਲੇ ਪਿੰਡ ਮੁਕੰਦ ਸਿੰਘ ਵਾਲਾ ਦੇ ਉਤਸ਼ਾਹੀ ਤੇ ਹਿੰਮਤੀ ਅੰਮ੍ਰਿਤਧਾਰੀ ਨੌਜਵਾਨ ਹਰਮੀਤ ਸਿੰਘ ਨੇ ਉਸ ਵੇਲੇ ਸੱਚ ਕਰ ਵਿਖਾਇਆ ਜਦੋਂ ਉਸ ਨੇ ਪਿੰਡ ਝਬੇਲ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਤਾਰ  ਚੱਕਰੀ ਜੋ ਜਾਮ ਹੋ ਜਾਣ ਕਰਕੇ ਟੁੱਟ ਗਈ ਸੀ ਨੂੰ ਦੁਬਾਰਾ ਉੱਪਰ ਚੜ੍ਹ ਕੇ ਚਾਲੂ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਬੇਲ ਵਾਲੀ ਦੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਤਾਰ ਤਿੰਨ ਚਾਰ ਮਹੀਨੇ ਪਹਿਲਾ ਟੁੱਟ ਗਈ ਸੀ । ਪਿੰਡ ਵਾਸੀਆ ਨੇ ੮ ਇੰਚ ਮੋਟੀ ਪਾਈਪ ਪਾਕੇ ੧੦੫ ਫੁੱਟ ਉੱਚਾ ਨਿਸ਼ਾਨ ਸਾਹਿਬ ਚੜ੍ਹਾਇਆ ਹੋਇਆ ਸੀ । ਇਹ ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਕਰਕੇ ਸੰਗਤਾਂ ਚੋਲ੍ਹਾ ਸਾਹਿਬ ਦੀ ਸੇਵਾ ਤੋਂ ਵਾਂਝੀਆਂ ਸਨ । ਪਿੰਡ ਵਾਸੀਆ ਨੇ ਕਾਫੀ ਤਜਰਬੇਕਾਰ ਗੁਰਸਿੱਖਾਂ ਨੂੰ ਭਾਉਣੀ (ਚੱਕਰੀ) ਚਾਲੂ ਕਰਨ ਤੇ ਨਿਸ਼ਾਨ ਸਾਹਿਬ ਵਿੱਚ ਤਾਰ ਪਾਉਣ ਲਈ ਕਿਹਾ ਪਰ ਸਭ ਆਪੋ ਆਪਣਾ ਜੋਰ ਲਗਾ ਕੇ ਨਵਾਂ ਚੌਲਾ ਸਾਹਿਬ ਨਾ ਚੜਾ ਸਕੇ । ਇੱਕ ਦਿਨ ਅੰਮ੍ਰਿਤਧਾਰੀ ਨੌਜਵਾਨ ਹਰਮੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪਿੰਡ ਝਬੇਲ ਵਾਲੀ ਦੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ ਅਤੇ ਇਹ ਸੇਵਾ ਕਰਨ ਲਈ ਕਿਹਾ । ਕਮੇਟੀ ਦੀ ਸਹਿਮਤੀ ਮਿਲਦੇ ਹੀ ਹਰਮੀਤ ਸਿੰਘ ਨੇ ਜਾਮੁਨ ਵਾਲੀ ਚਾਲੀ ਫੁੱਟ ਉੱਚੀ ਪੌੜੀ ਲਗਾ ਕੇ ਨਿਸ਼ਾਨ ਸਾਹਿਬ ਤੇ ਚੜ੍ਹ ਗਿਆ ਤੇ ੬੫ ਫੁੱਟ ਕਲੰਪਾਂ ਦੇ ਸਹਾਰੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਿਸ਼ਾਨ ਸਾਹਿਬ ਤੇ ਚੜ ਕੇ ਭਾਉਣੀ (ਚੱਕਰੀ) ਠੀਕ ਕਰਕੇ ਨਵੀਂ ਤਾਰ ਪਾ ਦਿੱਤੀ । ਪਿੰਡ ਵਾਸੀ ਹਰਮੀਤ ਸਿੰਘ ਦੁਆਰਾ ਇਸ ਕਠਿਨ ਕੰਮ ਨੂੰ ਕੁਝ ਹੀ ਸਮੇਂ ਵਿੱਚ ਆਸਾਨੀ ਨਾਲ ਕਰ ਦੇਣ ਤੇ ਹੱਕੇ ਬੱਕੇ ਰਹਿ ਗਏ । ਪਿੰਡ ਵਾਸੀਆ ਨੇ ਦੱਸਿਆ ਕਿ ੧੦੫ ਫੁੱਟ ਦੀ ਉਚਾਈ ਆਸ ਪਾਸ ਕੋਈ ਸਹਾਰਾ ਨਾ ਹੋਣਾ ਤੇ ਐਨਾ ਉੱਚਾ ਜਾਣ ਲਈ ਕਿਸੇ ਸਾਧਨ ਦਾ ਨਾ ਹੋਣਾ ਅਤੇ ਮਾਮੂਲੀ ਜਿਹੀ ਲਾਪ੍ਰਵਾਹੀ ਦਾ ਅੰਜਾਮ ਖਤਰਨਾਕ ਹੋਣ ਦੇ ਡਰੋਂ ਕੋਈ ਵੀ ਇਹ ਸੇਵਾ ਕਰਨ ਲਈ ਤਿਆਰ ਨਹੀਂ ਸੀ । ਇੱਥੇ ਵਰਣਨ ਯੋਗ ਹੈ ਕਿ ਹਰਮੀਤ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਤੇ ਚਾਚਾ ਸੁਖਵੰਤ ਸਿੰਘ ਲੰਮੇ ਸਮੇਂ ਤੋ ਨਿਸ਼ਾਨ ਸਾਹਿਬ ਦੇ ਚੋਲਾ ਚੜਾਉਣ ਦੀ ਮੁਫਤ ਸੇਵਾ ਕਰਦੇ ਆ ਰਹੇ ਹਨ । ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨਾਂ ਨੇ ਵੀ ਐਨਾ ਉੱਚਾ ਚੋਲ੍ਹਾ ਸਾਹਿਬ ਕਦੇ ਨਹੀਂ ਚੜਾਇਆ ਸੀ । ਹਰਮੀਤ ਸਿੰਘ ਨੇ ਇਹ ਪਹਿਲੀ ਸੇਵਾ ਕੀਤੀ ਸੀ ਜੋ ਕਾਫੀ ਔਖੀ ਤੇ ਖਤਰਨਾਕ ਸੀ। ਪਰ ਉਸ ਨੇ ਪਹਿਲੀ ਵਾਰ ਹੀ ਜੋਖਮ ਭਰਿਆ ਕੰਮ ਕਰਕੇ ਹਿੰਮਤੀ ਤੇ ਨਿੱਡਰ ਹੋਣ ਦਾ ਸਬੂਤ ਦਿੱਤਾ । ਇਸ ਮੌਕੇ ਹਰਮੀਤ ਸਿੰਘ ਦਾ ਪਿੰਡ ਵਾਸੀਆ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਵਿਸੇਸ਼ ਸਨਮਾਨ ਕੀਤਾ ।

Install Punjabi Akhbar App

Install
×