ਕੁਰਬਾਨੀਆਂ ਦੀਆਂ ਸਿਰਫ ਗੱਲਾਂ ਕਰਨ ਵਾਲਿਓ! ਹਉਂਕੇ ਕਢਾਉਂਦੀ ਹੈ ਸਿੱਖ ਭੈਣ-ਭਰਾ ਦੀ ਇਹ ਕਹਾਣੀ

NZ PIC 16 June-2ਕਹਿੰਦੇ ਨੇ ਤੁਸੀਂ ਕਦੀ ਵੀ ਉਸ ਚੀਜ਼ ਨੂੰ ਅਟਕਾਅ ਨਹੀਂ ਦੇ ਸਕਦੇ ਜੋ ਤੁਹਾਨੂੰ ਧਰਤੀ ਦੇ ਉਤੇ ਇਕ ਵਚਿੱਤਰ ਇਨਸਾਨ ਬਣਾਉਂਦੀ ਹੈ ਕਿਉਂਕਿ ਪ੍ਰਮਾਤਮਾ ਨੇ ਤੁਹਾਡੇ ਅੰਦਰ ਪਤਾ ਨਹੀਂ ਕਿਹੜਾ ਗੁਣ ਪੈਦਾ ਕੀਤਾ ਹੋਇਆ ਹੈ। ਸਿੱਖ ਖਾੜਕੂ ਨੌਜਵਾਨਾਂ ਦੀਆਂ ਕੁਰਬਾਨੀਆਂ ਅਤੇ ਗੱਲਾਂ ਕਰ ਲੈਣੀਆਂ ਤਾਂ ਹਰ ਇਕ ਨੂੰ ਆਉਂਦੀਆਂ ਪਰ ਕਲੇਜ਼ਾ ਉਦੋਂ ਮੂੰਹ ਨੂੰ ਆਉਂਦਾ ਜਦੋਂ ਸ਼ਹੀਦੀ ਪਾ ਗਏ ਕਿਸੇ ਸਿੱਖ ਦੇ ਬੱਚੇ ਜਿਨ੍ਹਾਂ ਦੀ ਉਮਰ 3 ਸਾਲ ਅਤੇ 2 ਸਾਲ ਹੋਵੇ। ਨਿਊਜ਼ੀਲੈਂਡ ਪੜ੍ਹਨ ਆਈ ਹਰਮਨਪ੍ਰੀਤ ਕੌਰ (26) ਅਤੇ ਪਟਿਆਲਾ ਰਹਿੰਦੇ ਉਸਦੇ ਮਮੇਰੇ ਭਰਾ ਵਿਸ਼ਵਜੀਤ ਸਿੰਘ (27)  ਦੇ ਦੁੱਖਾਂ-ਸੁੱਖਾਂ, ਰੋਂਦੇ-ਹੱਸਦਿਆਂ, ਪਿਤਾ ਵੇਖਣ ਨੂੰ ਹੁਣ ਤੱਕ ਤਰਸ ਰਹੀਆਂ ਅੱਖਾਂ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ  ਹੈ ਕਿ ਹਰ ਪਾਠਕ ਇਹ ਸੋਚੇਗਾ ਕਿ ਵਾਹ! ਇਹੋ ਜਿਹੇ ਇਨਸਾਨ ਅਤੇ ਬੱਚੇ ਵੀ ਹੋਏ ਹਨ ਜਿਨ੍ਹਾਂ ਨੇ ਜ਼ਿੰਦਗੀ ਰੁਲਦੀ ਵੇਖੀ ਅਤੇ ਫਿਰ ਵਸਦੀ ਵੇਖੀ।
ਇਨ੍ਹਾਂ ਬੱਚਿਆਂ ਦਾ ਪਿਤਾ ਸ਼ਹੀਦ ਭਾਈ ਖੜਕ ਸਿੰਘ ਘਿੱਲੀ  ਪਿੰਡ ਕੋਟਲਾ ਮੁਗਲਾ ਨੇੜੇ ਕਲਾਨੌਰ (ਗੁਰਦਾਸਪੁਰ) 1980 ਦੇ ਦਹਾਕੇ ਤੋਂ ਲੈ ਕੇ 1992 ਤੱਕ ਸਿੱਖ ਸੰਘਰਸ਼ ਵਿਚ ਸ਼ਾਮਿਲ ਰਹੇ। 21 ਅਪ੍ਰੈਲ ਨੂੰ 1992 ਨੂੰ ਢੋਲੇਵਾਲ ਚੌਂਕ ਲੁਧਿਆਣਾ ਵਿਖੇ ਝੂਠੇ ਮੁਕਾਬਲੇ ਵਿਚ ਸ਼ਹੀਦੀ ਪਾ ਗਏ ਇਸ ਸ਼ਹੀਦ ਬਾਰੇ ਉਸਦੇ ਪਰਿਵਾਰ ਨੂੰ ਅਖਬਾਰਾਂ ਵਿਚ ਪਤਾ ਲੱਗਿਆ। ਇਸ ਸ਼ਹੀਦ ਦਾ ਮ੍ਰਿਤਕ ਸਰੀਰ ਪਰਿਵਾਰ ਨੂੰ ਨਹੀਂ ਸੀ ਸੌਂਪਿਆ ਗਿਆ। ਪਰਿਵਾਰ ਨੇ ਅੰਤਿਮ ਅਰਦਾਸ ਮੌਕੇ ਭੋਗ ਰੱਖਿਆ ਸੀ ਜਿਸ ਉਤੇ ਲੋਕਾਂ ਨੂੰ ਨਹੀਂ ਆਉਣ ਦਿੱਤਾ ਗਿਆ। ਇਸ ਤੋਂ ਬਾਅਦ ਇਸ ਪਰਿਵਾਰ ਉਤੇ ਦੁੱਖਾਂ ਦੇ ਪਹਾੜ ਇੰਝ ਡਿਗਣੇ ਸ਼ੁਰੂ ਹੋਏ ਜਿਵੇਂ ਸਾਰੇ ਪਰਿਵਾਰ ਨੂੰ ਜ਼ਿੰਦਾ ਦਫਨ ਕਰਨਾ ਹੋਵੇ।
ਕਾਕਾ ਵਿਸ਼ਵਜੀਤ ਉਸ ਸਮੇਂ 3 ਸਾਲ ਦਾ ਸੀ ਤੇ ਹਰਮਨਪ੍ਰੀਤ 2 ਸਾਲ ਦੀ। ਹਰਮਨਪ੍ਰੀਤ ਨੂੰ ਉਸਦੇ ਨਾਨਕੇ ਪਟਿਆਲਾ ਵਿਖੇ ਭੇਜਿਆ ਗਿਆ ਕਿਉਂਕਿ ਇਸਦੇ ਦਾਦਕਿਆਂ ਨੇ ਆਖਿਆ ਸੀ ਕਿ ਹਰਮਪ੍ਰੀਤ ਦੀ ਮਾਂ ਸ੍ਰੀਮਤੀ ਸੋਹਣਜੀਤ ਕੌਰ ਆਪਣੇ ਪੇਕੇ ਪਟਿਆਲਾ ਚਲੇ ਗਈ ਹੈ। ਪੁਲਿਸ ਨੇ ਆਪਣੀਆਂ ਵਹੀਰਾਂ ਪਟਿਆਲਾ ਵੱਲ ਘੱਤ ਦਿੱਤੀਆਂ।  ਉਥੇ ਉਸਦਾ ਮਮੇਰਾ ਭਰਾ ਵਿਸ਼ਵਜੀਤ ਉਸ ਸਮੇਂ 3 ਸਾਲ ਦਾ ਸੀ। ਪੁਲਿਸ ਨੇ ਬਿਨਾਂ ਵਜ਼ਾ ਹਰਮਨਪ੍ਰੀਤ ਦੇ ਮਾਮਾ-ਮਾਮੀ ਸ. ਗੁਰਬਚਨ ਸਿੰਘ ਅਤੇ ਰਾਜ ਕੌਰ ਨੂੰ ਬਿਨ੍ਹਾਂ ਵਜ਼ਾ ਚੁੱਕ ਲਿਆ। ਉਸ ਸਮੇਂ ਰਾਜ ਕੌਰ ਗਰਭਵਤੀ ਸੀ, ਪਰ ਕੋਈ ਤਰਸ ਨਾ ਕੀਤਾ ਗਿਆ। ਇਨ੍ਹਾਂ ਦੋਵਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਹੈ। ਪੁਲਿਸ ਨੇ ਕਿਸੀ ਤਰ੍ਹਾਂ ਹਰਮਨਪ੍ਰੀਤ ਦੀ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਬਹੁਤ ਕਠੋਰ ਪੁੱਛਗਿਛ ਕੀਤੀ। ਹਰਮਨ ਦੀ ਮਾਤਾ ਨੂੰ ਤਿੰਨ ਸਾਲ ਦੀ ਜ਼ੇਲ੍ਹ ਵੀ ਹੋਈ ਅਤੇ ਝੂਠਾ ਕੇਸ ਸਾਬਿਤ ਹੋਣ ‘ਤੇ ਉਹ ਬਾਹਰ ਆਏ। ਇਸ ਦੌਰਾਨ ਬਾਕੀ ਮਾਰੇ ਗਏ ਪਰਿਵਾਰ ਵਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਸੀ ਨਾ ਹੀ ਆਪਣੇ ਬੱਚਿਆਂ ਬਾਰੇ। ਆਪਣੇ ਬੱਚਿਆਂ ਨੂੰ ਲੱਭਣ ਲਈ ਉਸਨੇ ਸੁਪਰੀਮ ਕੌਰਟ ਦਾ ਦਰਵਾਜ਼ਾ ਖੜਕਾਇਆ। ਇਥੇ ਹੀ ਬੱਸ ਨਹੀਂ ਪੁਲਿਸ ਨੇ ਹਰਮਨਪ੍ਰੀਤ ਦੀ ਨਾਨੀ ਸ੍ਰੀਮਤੀ ਦਾਤੋ ਨੂੰ ਵੀ ਥਾਣੇ ਲੈ ਗਏ ਅਤੇ ਇਕ ਹੋਰ ਛੋਟੇ ਮਾਮੇ ਨੂੰ ਵੀ ਗ੍ਰਿਫਤਾਰ ਕਰ ਲਿਆ।
ਮਾਮਾ-ਮਾਮੀ ਨੂੰ ਜਦੋਂ ਪੁਲਿਸ ਨੇ ਚੁੱਕਿਆ ਸੀ ਤਾਂ ਉਨ੍ਹਾਂ ਦੀ ਨਿਗ੍ਹਾ ਬੱਚਿਆਂ ‘ਤੇ ਪਈ ਅਤੇ ਪੁਲਿਸ ਨੇ ਹਰਮਨਪ੍ਰੀਤ ਕੌਰ ਅਤੇ ਵਿਸ਼ਵਜੀਤ ਨੂੰ ਵੀ ਚੁੱਕ ਲਿਆ। ਇਨ੍ਹਾਂ ਬੱਚਿਆਂ ਦੀ ਵੱਡੀ ਮਾਸੀ ਵਾਰ-ਵਾਰ ਬੱਚਿਆਂ ਅਤੇ ਪਰਿਵਾਰ ਬਾਰੇ ਪੁੱਛਣ ਥਾਣੇ ਜਾਂਦੀ ਸੀ, ਪੁਲਿਸ ਨੇ ਉਸਨੂੰ ਸਬਕ ਸਿਖਾਉਣ ਲਈ ਰੌਸ਼ਨਦਾਨ ਦੇ ਰਾਹੀਂ ਅੱਧੀ ਰਾਤ 2 ਵਜੇ ਬੰਦੂਕਾਂ ਅੰਦਰ ਤਾਣੀਆਂ ਅਤੇ ਦਰਵਾਜ਼ਾ ਖੁਲ੍ਹਵਾਇਆ। ਇਸ ਤੋਂ ਬਾਅਦ ਉਹ ਹਰਮਨਪ੍ਰੀਤ ਦੀ ਮਾਸੀ ਨੂੰ ਗ੍ਰਿਫਤਾਰ ਕਰਕੇ ਲੈ ਗਏ ਜੋ ਅਜੇ ਤੱਕ ਵਾਪਿਸ ਨਹੀਂ ਪਰਤੀ। ਮਾਸੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵਾਲੇ ਬਾਹਰੋਂ ਦਰਵਾਜ਼ਾ ਵੀ ਲਾ ਗਏ। ਕਹਿਰ ਵਰਪਾਉਂਦੀ ਕਹਾਣੀ ਅਜੇ ਬਹੁਤ ਲੰਬੀ ਹੈ ਪਰ ਗੱਲ ਇਨ੍ਹਾਂ ਬੱਚਿਆਂ ਦੀ ਕਰਦੇ ਹਾਂ।
ਬੱਚਿਆਂ ਨੂੰ ਲਾਵਾਰਿਸ ਕਿੱਥੇ ਸੁੱਟਿਆ? ਇਨ੍ਹਾਂ ਮਾਸੂਮ ਬੱਚਿਆਂ ਨੂੰ ਫਿਰ ਪੁਲਿਸ ਨੇ ਇਕ ਦਿਨ ਜਲੰਧਰ ਬੱਸ ਅੱਡੇ ਉਤੇ ਲਾਵਾਰਿਸ ਹਾਲਤ ਵਿਚ ਛੱਡ ਦਿੱਤਾ। ਸੋਚ ਕੇ ਵੇਖੋ 3 ਸਾਲ ਦਾ ਮੁੰਡਾ ਅਤੇ 2 ਸਾਲ ਦੀ ਕੁੜੀ ਕਿਵੇਂ 15 ਦਿਨ ਤੱਕ ਬੱਸ ਅਡੇ ਲਾਗੇ ਹੀ ਇਕ ਮੰਦਿਰ ਵਿਚ ਸੌਂਦੇ ਰਹੇ। ਸਾਰਾ ਦਿਨ ਫੁੱਲੀਆਂ ਜਾਂ ਪ੍ਰਸ਼ਾਦਿ ਖਾ ਕੇ ਗੁਜ਼ਾਰਾ ਕਰਦੇ ਰਹੇ। ਕੁਲੀਆਂ ਅਤੇ ਕਈ ਰਿਕਸ਼ੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਬੱਚੇ ਕੋਈ ਇਥੇ ਛੱਡ ਗਿਆ ਹੈ। ਅੱਡੇ ਵਿਚ ਪੁਲਿਸ ਚੌਂਕੀ ਵਾਲੇ ਵੀ ਇਨ੍ਹਾਂ ਬੱਚਿਆਂ ਤੋਂ ਵਾਕਿਫ ਸਨ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੁਲਿਸ ਨੂੰ ਪੂਰੀ ਕਹਾਣੀ ਪਤਾ ਸੀ। ਕਰਤਾਰ ਬੱਸ ਵਾਲਿਆਂ ਦੇ ਇਕ ਕਰਮਚਾਰੀ ਦੇ ਸਹਿਯੋਗ ਸਦਕਾ ਇਕ ਰਿਕਸ਼ੇ ਵਾਲੇ (ਸ੍ਰੀ ਅਮਰ ਸਿੰਘ) ਜਿਸਦੇ ਔਲਾਦ ਨਹੀਂ ਸੀ, ਨੇ ਇਹ ਬੱਚੇ ਅਪਣਾ ਲਏ। ਉਸਨੇ ਗੁਰੂ ਨਾਨਕ ਪੁਰਾ ਫਾਟਕ ਲਾਗੇ ਜਿੱਥੇ ਉਹ ਆਪਣੀ ਪਤਨੀ ਵੀਨਾ ਦੇਵੀ ਦੇ ਨਾਲ ਆਪਣਾ ਗੁਜ਼ਾਰਾ ਕਰਦਾ ਸੀ, ਵਿਖੇ ਇਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਕੀਤਾ। ਇਕ ਦਿਨ ਗਿਆ ਦੋ ਦਿਨ ਗਏ ਇਹ ਬੱਚੇ ਉਥੇ ਪੜ੍ਹਨ ਲੱਗੇ ਅਤੇ ਕਦੇ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦੇ ਅਸਲ ਮਾਪੇ ਕੋਈ ਹੋਰ ਹਨ। ਇਹ ਗੱਲ ਅੱਜ ਵੀ ਜਿਉਂ ਦੀ ਤਿਉਂ ਬਰਕਰਾਰ ਹੈ।
ਅਸਲੀ ਮਾਂ ਨੇ ਆਪਣੇ ਬੱਚੇ ਕਿਵੇਂ ਲੱਭੇ? ਜਦੋਂ ਸੁਪਰੀਮ ਕੋਰਟ ਨੇ ਸਾਰੇ ਮਾਮਲੇ ਦੀ ਜਾਂਚ ਖੁਲ੍ਹਵਾਈ ਤਾਂ ਪੁਲਿਸ ਨੇ ਹਰਮਨਪ੍ਰੀਤ ਦੀ ਮਾਤਾ ਨੂੰ ਝੂਠਾ ਦਿਲਾਸਾ ਦਿੱਤਾ ਕਿ ਪੁਰਸ਼ ਮਾਰੇ ਗਏ ਹਨ ਜ਼ਨਾਨੀਆਂ ਅਤੇ ਤੁਹਾਡੇ ਬੱਚੇ ਤੁਹਾਨੂੰ ਵਾਪਿਸ ਕਰ ਦੇਵਾਂਗੇ ਸੋ ਕੇਸ ਵਾਪਿਸ ਲੈ ਲਓ। ਪਰਿਵਾਰ ਦੀ ਤਾਂਘ ਕਰਕੇ ਇਹ ਸ਼ਰਤ ਰੱਖੀ ਗਈ ਕਿ ਪਹਿਲਾਂ ਸਾਡੇ ਮੈਂਬਰ ਵਿਖਾਓ। ਫਿਰ ਪੁਲਿਸ ਨੇ ਜਲੰਧਰ ਇਸਦੀ ਮਾਤਾ ਨੂੰ ਲਿਜਾ ਕੇ ਸਕੂਲੋਂ ਘਰ ਜਾਂਦੇ ਬੱਚੇ ਦੂਰੋਂ ਵਿਖਾਏ। ਹਰਮਨ ਦੀ ਮਾਤਾ ਨੇ ਆਪਣੇ ਬੱਚੇ ਪਛਾਣ ਲਏ। ਪਰ ਮਿਲੇ ਨਹੀਂ। ਬੱਚਿਆਂ ਨੂੰ ਮੰਗਣਾ ਕਿਹਡੀ ਸੌਖੀ ਗੱਲ ਸੀ। ਪੁਲਿਸ ਨੇ ਵਿਚ ਪੈ ਕੇ ਜਦੋਂ ਰਿਕਸ਼ੇ ਵਾਲੇ ਸ੍ਰੀ ਅਮਰ ਸਿੰਘ ਅਤੇ ਉਸਦੀ ਪਤਨੀ ਵੀਨਾ ਦੇਵੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਕਲੇਜ਼ੇ ਧੂਹ ਪੈ ਗਈ। ਉਹ ਵੀ ਰੋਣ ਲੱਗੇ ਅਤੇ ਬੱਚੇ ਵੀ ਰੋਣ ਲੱਗੇ। ਬੱਚੇ ਇਸ ਕਰਕੇ ਰੋਣ ਲੱਗੇ ਕਿ ਸਾਡੇ ਮਾਤਾ-ਪਿਤਾ ਨੂੰ ਕੁਝ ਹੋ ਗਿਆ ਹੈ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਲੋਕ ਕੋਣ ਆਏ ਹੋਏ ਹਨ। ਕੁਝ ਲੋਕ ਕਹਿ ਰਹੇ ਸਨ ਕਿ ਬੱਚਿਆਂ ਦੀ ਅਸਲ ਮਾਂ ਆ ਗਈ ਹੈ, ਪਰ ਬੱਚਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਨਾਂ ਦੇ ਮਾਂ-ਪਿਉ ਤਾਂ ਇਹ ਹਨ ਲੋਕ ਕੀ ਕਹੀ ਜਾਂਦੇ ਹਨ। ਬੜੇ ਵੱਡੇ ਜਿਗਰੇ ਦੇ ਨਾਲ ਇਸ ਰਿਕਸ਼ੇ ਵਾਲੇ ਪਿਉ ਨੇ ਜਦੋਂ ਇਹ ਬੱਚੇ ਲਿਜਾਉਣ ਵਾਸਤੇ ਹਾਂ ਕੀਤੀ ਤਾਂ ਇਹ ਬੱਚੇ ਰਿਕਸ਼ੇ ਵਾਲੇ ਮਾਂ-ਪਿਉ ਦੇ ਨਾਲ ਚਿੰਬੜ ਗਏ ਅਤੇ ਜਾਣ ਲਈ ਤਿਆਰ ਨਾ ਹੋਏ। ਫਿਰ ਸਲਾਹ ਹੋਈ ਕਿ ਇਹ ਬੱਚੇ ਇਸ ਤਰ੍ਹਾਂ ਨਹੀਂ ਜਾਣਗੇ ਇਸ ਕਰਕੇ ਤੁਸੀਂ ਵੀ ਨਾਲ ਹੀ ਚੱਲੋ। ਫਿਰ ਰਿਕਸ਼ੇ ਵਾਲਾ ਪਿਉ ਅਤੇ ਮਾਂ ਹਰਮਨ ਦੇ ਨਾਨਕੇ ਪਿੰਡ ਗੁਲਜ਼ਾਰਪੁਰ ਠਰੂਆ ਨੇੜੇ ਖਨੌਰੀ ਵਿਖੇ ਚਲੇ ਗਏ।
ਇਥੇ ਪੁਹੰਚੇ ਤਾਂ ਸਾਰਾ ਪਿੰਡ ਉਨ੍ਹਾਂ ਨੂੰ ਵੇਖਣ ਆ ਗਿਆ। ਇਹ ਬੱਚੇ ਡੌਰੇ—ਭੌਰੇ ਹੋਏ ਵੇਖਣ। ਜਲੰਧਰ ਵਾਲੇ ਇਨ੍ਹਾਂ ਦੇ ਮਾਪੇ ਕਹਿਣ ਕਿ ਇਹ ਪਿੰਡ ਦੇ ਲੋਕ ਸੱਚ ਕਹਿੰਦੇ ਹਨ। ਖੁਸਰੇ ਵੀ ਇਸ ਮੌਕੇ ਨੱਚਣ ਆਏ। ਪੁਲਿਸ ਨੇ ਆਖਿਰ ਦੱਸ ਦਿਤਾ ਕਿ ਅਸੀਂ ਸਿਰਫ ਤੁਹਾਡੇ ਬੱਚੇ ਹੀ ਵਾਪਿਸ ਕਰ ਸਕਦੇ ਹਾਂ, ਬਾਕੀ ਤੁਹਾਡੀ ਭੈਣ, ਭਰਜਾਈ, ਤੇ ਭਰਾ ਵੀ ਮਾਰੇ ਗਏ ਹਨ। ਇਕ ਹੋਰ ਰਿਸ਼ਤੇਦਾਰ ਵੀ ਘਰ ਆਈ ਹੋਈ ਸੀ, ਉਹ ਵੀ ਉਂਜ ਹੀ ਚੁੱਕ ਕੇ ਮਾਰ ਦਿੱਤੀ।  ਹਰਮਨ ਦੇ ਮਮੇਰੇ ਭਰਾ ਵਿਸ਼ਵਜੀਤ ਜਿਸ ਦਾ ਨਾਂਅ ਜਲੰਧਰ ਵਿਖੇ ਅਮਿਤ ਰੱਖਿਆ ਸੀ, ਨੂੰ ਤਾਂ ਕੁਝ ਰਿਸ਼ਤੇਦਾਰ ਫੁਸਲਾ ਕੇ ਖੇਡਣ ਵਿਚ ਸ਼ਾਮਿਲ ਕਰ ਗਏ ਪਰ ਹਰਮਨ ਨੇ ਆਪਣੀ ਜਲੰਧਰ ਵਾਲੀ ਮਾਤਾ ਵੀਨਾ ਦੇਵੀ ਦੇ ਨਾਲ ਹੀ ਜਲੰਧਰ ਵਾਪਿਸ ਆਉਣ ਦੀ ਜਿੱਦ ਕੀਤੀ। ਫਿਰ ਹਰਮਨ ਦੀ ਅਸਲ ਮੰਮੀ ਜਲੰਧਰ ਆਉਣ ਲੱਗੀ ਤਾਂ ਕਿ ਉਸਦਾ ਮਨ ਅਸਲ ਮਾਂ ਵੱਲ ਝਕ ਜਾਵੇ ਪਰ ਹਰਮਨ ਆਪਣੀ ਮਾਂ ਨੂੰ ਜਾਦੂਗਰਨੀ ਸਮਝਣ ਲੱਗੀ ਕਿਉਂਕਿ ਉਸਦਾ ਭਰਾ ਉਹ ਲੈ ਗਈ ਸੀ। ਇਸਦੀ ਮਾਂ ਨੇ ਫਰੂਟ ਲੈ ਕੇ ਆਉਣਾ ਤਾਂ ਹਰਮਨ ਨੇ ਨਾਲੀ ਵਿਚ ਸੁੱਟ ਦੇਣਾ। ਹਰਮਨ ਨੂੰ ਵਾਪਿਸ ਕਿਸੀ ਤਰ੍ਹਾਂ ਬੱਸ ਅੱਡੇ ਤੋਂ ਸਾਰਿਆਂ ਨੇ ਰਲ-ਮਿਲ ਕੇ ਇਸਦੀ ਅਸਲ ਮਾਂ ਦੇ ਨਾਲ ਭੇਜ ਦਿੱਤਾ।  ਇਹ ਬੱਚੇ ਅੱਜ ਵੀ ਆਪਣੇ ਰਿਕਸ਼ੇ ਵਾਲੇ ਮਾਂ-ਪਿਉ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਸਮਝਦੇ ਹਨ। ਇਹ ਦੋਵੇਂ ਜੀਅ ਇਸ ਵੇਲੇ ਬਜ਼ੁਰਗ ਹਨ ਅਤੇ ਪਟਿਆਲਾ ਵਿਖੇ ਹਰਮਨਪ੍ਰੀਤ ਕੌਰ ਦੀ ਅਸਲ ਮਾਂ ਕੋਲ ਰਹਿ ਰਹੇ ਹਨ। ਇਸ ਵੇਲੇ ਸ੍ਰੀ ਅਮਰ ਸਿੰਘ ਬਿਮਾਰ ਹਨ ਅਤੇ ਰਜਿੰਦਰਾ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ।
ਬੱਚਿਆਂ ਦੀ ਅਸਲ ਮਾਂ ਨੇ ਫਿਰ ਕੀ ਕੀਤਾ? ਜਦੋਂ ਆਪਣੇ ਵਿਸਰ ਚੁੱਕੇ ਬੱਚੇ ਇਕ ਮਾਂ ਨੂੰ ਮਿਲੇ ਤਾਂ ਲੱਖਾਂ ਉਨ੍ਹਾਂ ਮਾਵਾਂ ਦੀ ਚੀਸ ਜਿਨ੍ਹਾਂ ਦੇ ਇਸ ਤਰ੍ਹਾਂ ਬੱਚੇ ਵਿਸਰੇ ਸਨ, ਇਸ ਭਾਗਸ਼ਾਲੀ ਮਾਂ ਦੇ ਦਿਲ ਅੰਦਰ ਉਠੀ। ਫਿਰ ਇਸ ਮਾਂ ਸੋਹਣਜੀਤ ਕੌਰ ਨੇ ਪਟਿਆਲਾ ਵਿਖੇ ਇਕ ਕਿਰਾਏ ਦਾ ਮਕਾਨ ਲੈ ਕੇ ਅਜਿਹੇ ਬੱਚੇ ਇਕੱਠੇ ਕਰਨੇ ਸ਼ੁਰੂ ਕੀਤੇ ਅਤੇ ਸੇਵਾ ਕਰਨ ਦਾ ਪ੍ਰਣ ਕੀਤਾ। ਬਹੁਤ ਜਲਦੀ ਬੱਚੇ ਜਿਆਦਾ ਹੋ ਗਏ ਅਤੇ ਗਿਣਤੀ 35 ਤੱਕ ਪਹੁੰਚ ਗਈ। ਇਕ ਦਿਨ ਰਾਸ਼ਣ-ਪਾਣੀ ਖਤਮ ਹੋ ਗਿਆ ਤਾਂ ਬੱਚਿਆਂ ਨੂੰ ਲਾਗਲੇ ਪਿੰਡ ਕਰਹਾਲੀ ਸਾਹਿਬ ਲੈ ਕੇ ਗਏ। ਵਾਪਿਸੀ ਉਤੇ ਗੁਰਦੁਆਰਾ ਦੁੱਖ ਭੰਜਣ ਸਾਹਿਬ ਰੁਕੇ ਤਾਂ ਕਿ ਚਾਹ ਪੀਤੀ ਜਾਵੇ। ਇਥੇ ਦੇ ਸੇਵਾਦਾਰ ਬਾਬਾ ਨਛੱਤਰ ਸਿੰਘ ਮੋਨੀ ਜੀ ਨੇ ਜਦੋਂ ਸਾਰਾ ਕੁਝ ਜਾਣਿਆ ਤਾਂ ਉਹ ਵੀ ਇਸ ਸੇਵਾ ਵਿਚ ਅੱਗੇ ਆ ਗਏ। ਉਨ੍ਹਾਂ ਸਾਰੇ ਬੱਚੇ ਇਥੇ ਰੱਖਣ ਦਾ ਫੈਸਲਾ ਕੀਤਾ। ਇਕ ਸਟੇਜ ਆਈ ਜਦੋਂ ਖਾੜਕੂਆਂ ਦੇ ਹੀ 400 ਬੱਚੇ ਹੋ ਗਏ ਜਿਨ੍ਹਾਂ ਵਿਚ 40 ਵਿਧਵਾਂ ਬੀਬੀਆਂ ਵੀ ਸਨ। ਸਕੂਲ ਨਾ ਹੋਣ ਕਰਕੇ ਫਿਰ ਸਕੂਲ ਵੀ ਖੋਲ੍ਹਿਆ ਗਿਆ। ਅੱਜ ਉਸ ਸਕੂਲ ਦਾ ਨਾਂਅ ਸੰਤ ਕਿਰਪਾਲ ਸਿੰਘ ਅਕਾਲ ਰੈਜੀਮੈਂਟ ਪਬਲਿਕ ਅਕੈਡਮੀ ਦੇ ਨਾਂਅ ‘ਤੇ ਹੈ। ਮਾਤਾ ਸੋਹਣਜੀਤ ਕੌਰ ਹੋਰਾਂ ਨੇ ਮਾਤਾ ਗੁਜਰੀ ਸਹਾਰਾ ਟਰੱਸਟ (ਫੋਨ ਨੰਬਰ 0091 98159 71765) ਦੀ ਸਥਾਪਨਾ ਕੀਤੀ ਸੀ। ਹਰਮਨਪ੍ਰੀਤ ਕੌਰ ਇਸੇ ਟਰੱਸਟ ਦੇ ਵਿਚੋਂ ਸਾਲ 2015 ਦੇ ਵਿਚ ਇਥੇ ਬਿਜ਼ਨਸ ਮੈਨੇਜਮੈਂਟ ਲੈਵਲ 7 ਦਾ ਕੋਰਸ ਕਰਨ ਆਈ ਸੀ। ਜੇਕਰ ਕਿਸੇ ਨੂੰ ਹਰਮਨਪ੍ਰੀਤ ਕੌਰ ਦਾ ਫੋਨ ਨੰਬਰ ਚਾਹੀਦਾ ਹੋਵੇ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਭਾਈ ਸਰਵਣ ਸਿੰਘ ਦਾ ਧੰਨਵਾਦ? ਹਰਮਨਪ੍ਰੀਤ ਕੌਰ ਹੋਰਾਂ ਨਿਊਜ਼ੀਲੈਂਡ ਵਸਦੇ ਭਾਈ ਸਰਵਣ ਸਿੰਘ ਅਗਵਾਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਉਹ ਕਾਮਯਾਬੀ ਵੱਲ ਵੱਧ ਰਹੀ ਹੈ।

 

Install Punjabi Akhbar App

Install
×