ਪਿਛਲੀ ਦਿਨੀਂ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਵਿਚ ਛਾਏ ਰਹੇ ਸਿੱਖ ਨੌਜਵਾਨ ਹਰਮਨਪ੍ਰੀਤ ਸਿੰਘ ਜੋ ਕਿ ਇਥੇ ਪੜ੍ਹਾਈ ਕਰ ਰਹੇ ਹਨ, ਨੂੰ ਵੱਖ-ਵੱਖ ਲੋਕਾਂ ਅਤੇ ਅਦਾਰਿਆਂ ਵੱਲੋਂ ਸ਼ਾਬਾਸ਼ ਆਖੀ ਗਈ ਹੈ ਅਤੇ ਉਸਦੀ ਤਾਰੀਫ ਕੀਤੀ ਗਈ ਹੈ ਕਿਉਂਕਿ ਉਸਨੇ ਇਕ ਪੰਜ ਸਾਲਾ ਜ਼ਖਮੀ ਬੱਚੇ ਦੇ ਸਿਰ ਥੱਲੇ ਆਪਣੀ ਛੋਟੀ ਦਸਤਾਰ ਉਤਾਰ ਕੇ ਸਹਾਇਤਾ ਵਜੋਂ ਰੱਖ ਦਿੱਤੀ ਸੀ। ਜਗਜੀਤ ਸਿੰਘ ਸਿੱਧੂ ਇਮੀਗ੍ਰੇਸ਼ਨ ਅਡਵਾਈਜ਼ਰ ਨੇ ਵੀ ਉਸਦੇ ਕੰਮ ਤੋਂ ਖੁਸ਼ ਹੋ ਕੇ ਉਸਨੂੰ ਫ੍ਰੀ ਇਮੀਗ੍ਰੇਸ਼ਨ ਸਰਵਸਿ ਦੀ ਆਫਰ ਦਿੱਤੀ ਸੀ। ਇਸ ਤੋਂ ਬਾਅਦ ਅਗਲਾ ਕਦਮ ਕਾਹਲੀ ਵਿਚ ਕਹੋ ਜਾਂ ਠੀਕ ਸਮਾਂ ਸਮਝਦੇ ਹੋਏ ਉਨ੍ਹਾਂ ਇਸ ਨੌਜਵਾਨ ਦਾ ਭਵਿੱਖ ਇਥੇ ਪੱਕੇ ਤੌਰ ‘ਤੇ ਸੰਵਾਰਨ ਲਈ ਉਸਦੀ ਪੀ. ਆਰ. ਲਾਉਣ ਦੀ ਸੋਚੀ ਹੈ। ਇਸ ਸਬੰਧੀ ਉਨ੍ਹਾਂ ਦਾ ਵਿਚਾਰ ਸੀ ਕਿ ਇਕ ਵਿਸ਼ੇਸ਼ ਪਟੀਸ਼ਨ ਮੰਤਰਾਲੇ ਨੂੰ ਪਾਈ ਜਾਵੇ ਤਾਂ ਕਿ ਇਹੋ ਜਿਹੇ ਨੌਜਵਾਨ ਇਥੇ ਦੇ ਪੱਕੇ ਬਾਸ਼ਿੰਦੇ ਬਣ ਸਕਣ।
ਗੱਲ ਵਿਚਾਰਨ ਦੀ ਵੀ: ਇਹ ਗੱਲ ਭਾਵੇਂ ਬਹੁਤ ਚੰਗੀ ਲਗਦੀ ਹੈ ਪਰ ਜਦੋਂ ਇਸ ਗੱਲ ਦਾ ਸਥਾਨਿਕ ਤੇ ਬਾਹਰਲੇ ਅੰਗਰੇਜ਼ੀ ਮੀਡੀਆ ਨੂੰ ਪਤਾ ਲੱਗੇਗਾ ਤਾਂ ਇਹੀ ਪ੍ਰਸ਼ਨ ਉਠੇਗਾ ਕਿ ਕੀ ਇਹ ਸਭ ਕੁਝ ਪੀ. ਆਰ. ਵਾਸਤੇ ਤਾਂ ਨਹੀਂ ਸੀ? ਆਪਣਾ ਭਾਈਚਾਰਾ ਵੀ ਸੋਚੇਗਾ ਕਿ ਦਸਤਾਰ ਦੀ ਸ਼ਾਨ ਵਧਾ ਕੇ ਪੀ.ਆਰ. ਲਈ ਪ੍ਰਾਰਥਨਾ ਕਰਨਾ ਸ਼ੋਭਾ ਨਹੀਂ ਦਿੰਦਾ ਜਾਂ ਕਹੇਗਾ ਮਾੜੀ ਵੀ ਕੀ ਹੈ ਜੇਕਰ ਹੋ ਜਾਏ?
ਇਥੇ ਚਾਹੀਦਾ ਤਾਂ ਇਹ ਸੀ ਕਿ ਇਮੀਗ੍ਰੇਸ਼ਨ ਮੰਤਰਾਲਾ ਖੁਦ ਹੀ ਇਸ ਕੇਸ ਨੂੰ ਨੇੜੇ ਹੋ ਕੇ ਪਰਖ ਲੈਂਦਾ ਅਤੇ ਇਸ ਕੂਲ ਨੌਜਵਾਨ ਨੂੰ ਪੀ. ਆਰ. ਦੀ ਪ੍ਰਾਪਤੀ ਲਈ ਸਹਾਇਤਾ ਪੱਖੋਂ ਆਪਣੇ ਕਾਨੂੰਨ ਦੀ ਇਕ ਖਿੜਕੀ ਖੋਲ੍ਹ ਠੰਡੀ ਹਵਾ ਦਾ ਬੁੱਲ੍ਹਾ ਦੇ ਦਿੰਦਾ। ਜਗਜੀਤ ਸਿੰਘ ਸਿੱਧੂ ਨੇ ਅਗਲੇਰੀ ਕਾਰਵਾਈ ਲਈ ਸੰਸਥਾਵਾਂ ਕੋਲੋਂ ਸੁਪਰੋਟ ਲੈਟਰ ਮੰਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਹੁ ਗਿਣਤੀ ਚਾਹੁੰਦੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਪੀ.ਆਰ. ਸਬੰਧੀ ਪ੍ਰਾਰਥਨਾ ਪੱਤਰ ਲਿਖਿਆ ਜਾਵੇ ਤਾਂ ਉਹ ਅਗਲੀ ਕਾਰਵਾਈ ਪਾਉਣਗੇ।