ਸਿੱਖੀ ਸਰੂਪ ਵਾਲਾ ਪੰਜਾਬੀ ਨੌਜਵਾਨ ਹਰਕਿਰਤ ਸਿੰਘ ਬਾਜਵਾ ਆਸਟ੍ਰੇਲੀਆਈ ਕ੍ਰਿਕਟ ਟੀਮ (ਅੰਡਰ-19) ਵਿੱਚ ਸ਼ਾਮਿਲ

ਵੈਸਟ ਇੰਡੀਜ਼ ਵਿੱਚ ਹੋਣ ਵਾਲੇ ਵਰਲਡ ਕੱਪ ਦੀ ਟੀਮ ਵਿੱਚ ਕਰੇਗਾ ਸ਼ਮੂਲੀਅਤ


ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਹੋਈ ਵਰਲਡ ਕੱਪ (ਅੰਡਰ-19) ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਚੋਣ ਸਮੇਂ, ਭਾਰਤੀ ਮੂਲ ਦੇ ਨੌਜਵਾਨ ਪੰਜਾਬੀ ਖਿਡਾਰੀ ਹਰਕਿਰਤ ਸਿੰਘ ਬਾਜਵਾ ਨੂੰ ਉਸਦੀ ਚੰਗੀ ਖੇਡ ਕਾਰਨ, ਆਸਟ੍ਰੇਲੀਆਈ ਅੰਡਰ 19 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਟੀਮ ਹੁਣ ਅਲਗੇ ਮਹੀਨੇ ਵੈਸਟ-ਇੰਡੀਜ਼ ਵਿੱਚ ਹੋਣ ਵਾਲੇ ਅੰਡਰ-19 ਵਰਲਡ ਕੱਪ ਲਈ ਖੇਡੇਗੀ।
ਹੁਣੇ ਹੁਣੇ ਸਤੰਬਰ ਦੇ ਮਹੀਨੇ ਵਿੱਚ 17 ਸਾਲ ਦੇ ਹੋਏ ਹਰਕਿਰਤ ਲਈ ਇਸ ਵਰਲਡ ਕੱਪ ਵਿੱਚ ਖੇਡਣ ਦੇ ਨਾਲ ਨਾਲ ਅਗਲੇ ਵਰਲਡ ਕੱਪ ਦੇ ਦੁਆਰ ਵੀ ਖੁੱਲ੍ਹੇ ਰਹਿਣਗੇ।
ਜ਼ਿਕਰਯੋਗ ਹੈ ਕਿ ਹਰਕਿਰਤ ਨੂੰ ਖੇਡ ਜਗਤ ਦੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਪੂਰਨ ਤੌਰ ਤੇ ਪਰਿਵਾਰਿਕ ਸਹਿਯੋਗ ਰਿਹਾ ਹੈ। ਪੰਜਾਬੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਪਿਤਾ ਸ. ਬਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਰਕੀਰਤ ਬਚਪਨ ਤੋਂ ਹੀ ਕ੍ਰਿਕਟ ਨਾਲ ਲਗਾਵ ਰੱਖਦਾ ਸੀ ਜਿਸ ਕਰਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਖੇਡ ਵਿੱਚ ਹੀ ਹਰਕੀਰਤ ਦਾ ਚੰਗਾ ਭਵਿੱਖ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਆਪ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਉਹ ਫੇਰ ਵੀ ਇਸੇ ਵਾਸਤੇ ਟੈਕਸੀ ਚਲਾਉਂਦੇ ਹਨ ਤਾਂ ਕਿ ਉਹ ਆਪਣੇ ਬੱਚੇ ਨੂੰ ਇਸ ਖੇਡ ਵਿੱਚ ਬਣਦਾ ਸਮਾਂ ਦੇ ਸਕਣ।
ਹਰਕਿਰਤ ਦੀ 5 ਸਾਲਾਂ ਦੀ ਇੱਕ ਛੋਟੀ ਭੈਣ ਵੀ ਹੈ।

(ਹਰਕਿਰਤ ਆਪਣੇ ਪਿਤਾ ਸ. ਬਲਜੀਤ ਸਿੰਘ ਬਾਜਵਾ ਨਾਲ)

ਬਾਜਵਾ ਪਰਿਵਾਰ 2012 ਵਿੱਚ ਜਦੋਂ ਪਰਿਵਾਰ ਸਮੇਤ ਆਸਟ੍ਰੇਲੀਆ ਆਪਣੇ ਵਧੀਆ ਭਵਿੱਖ ਲਈ ਆਇਆ ਤਾਂ ਉਸ ਵਕਤ ਹਰਕਿਰਤ ਦੀ ਉਮਰ ਮਹਿਜ਼ 7 ਸਾਲ ਸੀ ਅਤੇ 9 ਕੁ ਸਾਲ ਦੀ ਉਮਰ ਵਿੱਚ ਹਰਕਿਰਤ ਨੇ ਕ੍ਰਿਕਟ ਨੂੰ ਆਪਣੇ ਭਵਿੱਖ ਵੱਜੋਂ ਚੁਣਿਆ ਅਤੇ ਆਫ ਸਪਿੰਨਰ ਦੇ ਤੌਰ ਤੇ ਸਿਖਲਾਈ ਪ੍ਰਾਪਤ ਕੀਤੀ।
ਚੋਣ ਪ੍ਰਿਕਿਰਿਆ ਦੌਰਾਨ ਭਾਵੇਂ ਹਰਕੀਰਤ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ ਪਰ ਉਸਦੀ ਆਫ ਸਪਿੰਨਰ ਗੇਂਦਬਾਜ਼ੀ ਨੇ ਚੋਣ ਕਰਤਾਵਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਵਰਲਡ ਕੱਪ ਦੀ ਟੀਮ ਲਈ ਚੁਣਿਆ ਗਿਆ।
ਹਰਕਿਰਤ ਦੀ ਮਾਤਾ ਸਰਦਾਰਨੀ ਕਰਮਜੀਤ ਕੌਰ ਬਾਜਵਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਉਤਸਾਹਿਤ ਹਨ ਪਰ ਹਰਕਿਰਤ ਬਹੁਤ ਹੀ ਜ਼ਮੀਨ ਨਾਲ ਜੁੜਿਆ ਹੋਇਆ ਬੱਚਾ ਹੈ ਅਤੇ ਉਸਦਾ ਕਹਿਣਾ ਹੈ ਕਿ ਹਾਲੇ ਤਾਂ ਸ਼ੁਰੂਆਤ ਹੈ…..
ਉਨ੍ਹਾਂ ਉਮੀਦ ਪ੍ਰਗਟਾਈ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਹਰਕੀਰਤ ਇੱਕ ਦਿਨ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਕੇ ਸਾਡਾ ਅਤੇ ਸਾਡੇ ਭਾਈਚਾਰੇ ਦਾ ਮਾਣ ਹੋਰ ਵਧਾਵੇਗਾ ।

Install Punjabi Akhbar App

Install
×