‘ਧੀਆਂ ਇੰਨੀਆਂ ਨੀ ਮਾੜੀਆਂ’ ਨਾਲ ਹਾਜ਼ਰ, ਬਹੁ- ਕਲਾਵਾਂ ਦਾ ਜਾਨਦਾਰ ਸੁਮੇਲ: ਹਰੀ ਦੱਤ ਸ਼ਰਮਾ

ਸਾਹਿਤ, ਸੱਭਿਆਚਾਰ ਅਤੇ ਸਮਾਜ ਲਈ ਨਿੱਗਰ ਅਤੇ ਯਾਦਗਾਰੀ ਪੈੜਾਂ ਛੱਡਣ ਵਾਲੀਆਂ ਸਖਸ਼ੀਅਤਾਂ ਵਿਚੋਂ ਹਰੀ ਦੱਤ ਸ਼ਰਮਾ ਧਰੂ ਤਾਰੇ ਦੀ ਨਿਆਂਈ ਚਮਕਦਾ-ਦਮਕਦਾ ਇਕ ਖੂਬਸੂਰਤ ਨਾਂ ਹੈ। ਕਈ ਦਹਾਕਿਆਂ ਤੋਂ ਸਾਹਿਤਕ ਅਤੇ ਸੱਭਿਆਚਾਰਕ ਸਫ਼ਰ ਤੇ ਚੱਲਦਿਆਂ ਉਨਾਂ ਨੇ ਜਿੱਥੇ ਆਪਣੀ ਕਲਮ ਦੀ ਧਾਂਕ ਜਮਾ ਰੱਖੀ ਹੈ, ਉਥੇ ਸੁਰੀਲੇ ਅਤੇ ਦਮਦਾਰ ਗਾਇਕ ਵਜੋਂ ਵੀ ਉਨਾਂ ਦਾ ਨਾਂ ਸੂਝਵਾਨ ਸਰੋਤਿਆਂ -ਦਰਸ਼ਕਾਂ ਦੇ ਕੰਨਾਂ ਵਿਚ ਗੂੰਜਦਾ, ਰਸ ਘੋਲਦਾ ਆ ਰਿਹਾ ਹੈ। ਹੁਣ ਹਰੀ ਦੱਤ ਸ਼ਰਮਾ ਜੀ, ‘‘ਧੀਆਂ ਇੰਨੀਆਂ ਨੀ ਮਾੜੀਆਂ‘‘ ਲੈਕੇ ਸਰੋਤਿਆਂ-ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਹੋਏ ਹਨ। ਐਸੇ ਪਰਿਵਾਰਕ ਤੇ ਸੱਭਿਆਚਾਰਕ ਗੀਤ ਲਿਖਣ ਅਤੇ ਗਾਉਣ ਲਈ ਬਿਨਾਂ ਸ਼ੱਕ ਭਾਗਾਂ ਵਾਲੀਆਂ ਸੂਝਵਾਨ ਰੂਹਾਂ ਦੇ ਹਿੱਸੇ ਹੀ ਆਇਆ ਕਰਦੇ ਹਨ, ਜਿਨਾਂ ਨਾਲ ਉਹ ਲੋਕਾਂ ਦੀ ਜੁਬਾਨ ਉਤੇ ਚੜਕੇ ਲੋਕ-ਦਿਲਾਂ ਉਤੇ ਰਾਜ ਕਰਿਆ ਕਰਦੇ ਹਨ। ‘‘ਸਿਟੀਜਨ ਮਿਊਜ਼ਕ ਕੰਪਨੀ‘‘ ਅਤੇ ਮਣੀ ਸ਼ਰਮਾ ਦੀ ਪੇਸ਼ਕਸ਼ ਇਸ ਗੀਤ ਦੇ ਗੀਤਕਾਰ ਹਨ ਲਾਭ ਨਿਮਾਣਾ ਜੀ। ਇਸ ਨੂੰ ਲਾ-ਜੁਵਾਬ ਸੰਗੀਤਕ ਧੁਨਾਂ ਦਿੱਤੀਆਂ ਹਨ, ਸੰਗੀਤਕਾਰ ਸੱਗੂ ਪਰਿੰਸ ਨੇ ਅਤੇ ਇਸਦੇ ਪਰਡਿਊਸਰ ਹਨ ਸੁਖਦੇਵ ਸੋਢੀ ਜੀ।

ਅਨੇਕਾਂ ਧਾਰਮਿਕ, ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ, ਮੰਚਾਂ ਤੇ ਸਭਾਵਾਂ ਵਿਚ ਵੱਖ-ਵੱਖ ਅਹੁੱਦਿਆਂ ਦੀਆਂ ਜਿੰਮੇਵਾਰੀਆਂ ਨੂੰ ਸੰਭਾਲਦਿਆਂ ਅਤੇ ਠੋਸ ਅਗਵਾਈ ਦਿੰਦਿਆਂ ਹਰੀ ਦੱਤ ਸ਼ਰਮਾ ਜੀ ਨੂੰ ਚਾਅ ਚੜ ਜਾਂਦਾ ਹੈ। ਵੇਖੀਦਾ ਹੈ ਕਿ ਕਿੱਧਰੇ ਉਹ ਸ਼ਹੀਦ ਭਗਤ ਸਿੰਘ ਪੈਰਿਸ ਐਸੋਸੀਏਸ਼ਨ ਲੁਧਿਆਣਾ ਯੂਨਿਟ ਦੇ ਚੇਅਰਮੈਨ ਵੱਜੋਂ ਸੇਵਾਵਾਂ ਨਿਭਾ ਰਹੇ ਹਨ, ਕਿੱਧਰੇ ਉਹ ਇੰਟਰਨੈਸ਼ਨਲ ਲੋਕ-ਗਾਇਕ ਕਲਾ ਮੰਚ (ਰਜਿ:) ਹਾਕਮ ਬਖਤੜੀ ਵਾਲਾ) ਨੂੰ ਬੁਲੰਦੀਆਂ ਵੱਲ ਲਿਜਾਣ ਦੀਆਂ ਸਕੀਮਾਂ ਘੜ ਰਹੇ ਹਨ। ਕਿੱਧਰੇ ਉਹ ਸੀਨੀਅਰ ਪੱਤਰਕਾਰ ਦਾ ਰੋਲ ਨਿਭਾ ਰਹੇ ਹਨ ਅਤੇ ਕਿੱਧਰੇ ਸੁਰੀਲੇ ਦਮਦਾਰ ਗਾਇਕ ਦੇ ਤੌਰ ਤੇ ਗਾਇਕੀ ਵਿਚ ਧੁੰਮ ਮਚਾ ਰਹੇ ਹਨ। ਇਨਾਂ ਸਭਨਾ ਤੋਂ ਵੀ ਨਿਵੇਕਲੀ ਅਤੇ ਹੋਰ ਵੀ ਸ਼ਲਾਘਾ-ਯੋਗ ਭੂਮਿਕਾ ਹੈ ਉਨਾਂ ਦੀ ‘‘ਲਿਸ਼ਕਾਰਾ ਟਾਈਮਜ‘‘ ਦੇ ਮੁੱਖ ਸੰਪਾਦਕ ਦੀ : ਜਿਸ ਦੁਆਰਾ ਉਹ ਹਜ਼ਾਰਾਂ ਨਵੀਆਂ ਕਲਮਾਂ, ਅਵਾਜ਼ਾਂ ਅਤੇ ਸੁਰਾਂ ਨੂੰ ਆਪਣੇ ਪੇਪਰ ਵਿਚ ਜਗਾ ਦੇਕੇ ਉਭਾਰਨ ਅਤੇ ਸਥਾਪਤ ਕਰਨ ਦਾ ਨਾਮਨਾ ਖੱਟ ਚੁੱਕੇ ਹਨ। . . . ਸ਼ਰਮਾ ਜੀ ਦੀਆਂ ਸਮਾਜ-ਸੇਵੀ ਗਤੀ-ਵਿਧੀਆਂ ਵੱਲ ਨਜ਼ਰ ਮਾਰੀਏ ਤਾਂ ਕਰੋਨਾ ਮਹਾਂਮਾਰੀ ਦੌਰਾਨ ਉਹ ਇਕ ਸਿਰਕੱਢ ਸਮਾਜ-ਸੇਵਕ ਵਜੋਂ ਉਭਰਕੇ ਸਾਹਮਣੇ ਆਏ ਹਨ। 

ਇਨਾਂ ਸਾਰੀਆਂ ਗਤੀ-ਵਿਧੀਆਂ ਨੂੰ ਦੇਖਦਿਆਂ ਇੰਝ ਲੱਗਦੈ ਜਿਉਂ ਹਰੀ ਦੱਤ ਸ਼ਰਮਾ ਕਿਸੇ ਇਕ ਵਿਅੱਕਤੀ ਦਾ ਨਾਂ ਨਾ ਹੋਕੇ ਕਿਸੇ ਇਕ ਚੱਲਦੀ-ਫਿਰਦੀ ਨਰੋਈ ਅਤੇ ਮਿਆਰੀ ਸੰਸਥਾ ਦਾ ਨਾਂਓਂ ਹੋਵੇ।  ਛੋਟੇ-ਤੋਂ -ਛੋਟੇ ਸਖ਼ਸ਼ ਤੋਂ ਲੈਕੇ, ਵੱਡੇ-ਤੋਂ -ਵੱਡੇ ਸਖ਼ਸ਼ ਦੇ ਕੰਮ ਆਉਣ ਵਾਲੇ ਬਹੁ-ਕਲਾਵਾਂ ਦੇ ਸੁਮੇਲ, ਲੁਧਿਆਣਾ ਵਾਸੀ ਇਸ ਹਰੀ ਦੱਤ ਸ਼ਰਮਾ ਜੀ ਲਈ ਮੇਰੇ ਕੋਲ ਢੁੱਕਵੇਂ ਸ਼ਬਦਾਂ ਦੀ ਬਹੁਤ ਘਾਟ ਪੈ ਰਹੀ ਹੈ, ਜਿਨਾਂ ਨਾਲ ਮੈਂ ਉਨਾਂ ਦੀਆਂ ਕਲਾਵਾਂ ਅਤੇ ਗੁਣਾਂ ਦੀ ਸਿਫਤ-ਸਲਾਹ ਗਾਇਨ ਕਰ ਸਕਾਂ।  ਬਸ ਇਹੀ ਕਹਾਂਗਾ ਕਿ ਬਹੁ-ਕਲਾਵਾਂ ਦਾ ਕਲ-ਕਲ ਵਗਦਾ ਇਹ ਚਸ਼ਮਾ ਯੁੱਗਾਂ ਦੇ ਹਾਣ ਦਾ ਹੋਵੇ ਤਾਂ ਕਿ ਅਸੀਂ ਇਸ ਚਸ਼ਮੇ ਦਾ ਲਗਾਤਾਰ ਇਵੇਂ ਹੀ ਲਾਹਾ ਖੱਟਦੇ ਅਨੰਦ ਮਾਣਦੇ ਰਹੀਏ।

  (ਪ੍ਰੀਤਮ ਲੁਧਿਆਣਵੀ) +91 9876428641

Install Punjabi Akhbar App

Install
×