ਵੈਨਕੂਵਰ ਵਿਚਾਰ ਮੰਚ ਵੱਲੋਂ ਭਾਰਤੀ ਕੁਸ਼ਤੀ ਦੇ ਚੀਫ ਕੋਚ ਹਰਗੋਬਿੰਦ ਸਿੰਘ ਸੰਧੂ ਨਾਲ ਸੰਖੇਪ ਮਿਲਣੀ

(ਸਰੀ)-ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਭਾਰਤੀ ਕੁਸ਼ਤੀ ਦੇ ਚੀਫ ਕੋਚ ਹਰਗੋਬਿੰਦ ਸਿੰਘ ਸੰਧੂ ਨਾਲ ਸੰਖੇਪ ਮਿਲਣੀ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਾਂਝੇ ਹਾਲ ਵਿਚ ਜਰਨੈਲ ਸਿੰਘ ਆਰਟਿਸਟ ਨੇ ਹਰਗੋਬਿੰਦ ਸਿੰਘ ਸੰਧੂ ਨੂੰ ਜੀ ਆਇਆਂ ਕਿਹਾ ਅਤੇ ਵੈਨਕੂਵਰ ਵਿਚਾਰ ਮੰਚ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਅੰਗਰੇਜ਼ ਬਰਾੜ ਨੇ ਹਰਗੋਬਿੰਦ ਸਿੰਘ ਨਾਲ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਉਹ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਇਕੱਠੇ ਪੜ੍ਹੇ ਹਨ। ਹਰਗੋਬਿੰਦ ਸਿੰਘ ਨੇ ਪਹਿਲਵਾਨੀ ਦੇ ਖੇਤਰ ਵਿਚ ਕੌਮੀ ਪੱਧਰ ਤੱਕ ਵਿਸ਼ੇਸ਼ ਨਾਮਣਾ ਖੱਟਿਆ ਹੇ ਅਤੇ ਆਪਣੇ ਇਲਾਕੇ, ਕਾਲਜ ਅਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਅੱਜ ਕੱਲ੍ਹ ਵੀ ਉਹ ਭਾਰਤੀ ਕੁਸ਼ਤੀ ਦੇ ਹੈੱਡ ਕੋਚ ਹਨ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਸੇਵਾ-ਮੁਕਤੀ ਤੋਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਬਤੌਰ ਕੋਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

ਹਰਗੋਬਿੰਦ ਸਿੰਘ ਸੰਧੂ ਨੇ ਵੈਨਕੂਵਰ ਵਿਚਾਰ ਮੰਚ ਵੱਲੋਂ ਦਿੱਤੇ ਇਸ ਮਾਣ ਲਈ ਮੰਚ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਅਤੇ ਅਪਣੱਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਅੰਗਰੇਜ਼ ਬਰਾੜ ਦਾ ਧੰਨਵਾਦ ਕੀਤਾ ਕਿ ਉਸ ਨੇ ਮੰਚ ਦੇ ਨਿੱਘੇ ਦੋਸਤਾਂ ਨਾਲ ਮਿਲ ਬੈਠਣ ਦਾ ਸਾਰਥਿਕ ਕਾਰਜ ਕੀਤਾ ਹੈ।  

ਸ਼ਾਇਰ ਮੋਹਨ ਗਿੱਲ, ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਹਰਦਮ ਸਿੰਘ ਮਾਨ ਨੇ ਵੀ ਹਰਗੋਬਿੰਦ ਸਿੰਘ ਨਾਲ ਕੁਝ ਪਲ ਬਿਤਾਉਣ, ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਅਤੇ ਉਨ੍ਹਾਂ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਮੰਚ ਦੇ ਆਗੂਆਂ ਵੱਲੋਂ ਹਰਗੋਬਿੰਦ ਸਿੰਘ ਨੂੰ ਜਰਨੈਲ ਸਿੰਘ ਸੇਖਾ ਦਾ ਨਾਵਲ ‘ਬੇਗਾਨੇ’ ਅਤੇ ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਭੇਂਟ ਕੀਤਾ ਗਿਆ।

(ਹਰਦਮ ਮਾਨ) +1 604 308 6663

maanbabushahi@gmail.com