ਪਹਿਲੀ ਸੰਸਾਰ ਜੰਗ ਵੇਲੇ ਤਕਰੀਬਨ 13 ਲੱਖ ਭਾਰਤੀ ਫੌਜੀ ਬ੍ਰਿਟਿਸ਼ ਆਰਮੀ ਵੱਲੋਂ ਲੜੇ ਸਨ ਜਿਨਾ੍ਹਂ ਵਿੱਚੋਂ ਕੁੱਝ ਕੁ ਹਵਾਈ ਸੈਨਾ ਵਿੱਚ ਜੰਗੀ ਜਹਾਜ਼ਾਂ ਤੇ ਵੀ ਸਨ ਪਰੰਤੂ ਬਦਕਿਸਮਤੀ ਨਾਲ ਉਨਾ੍ਹਂ ਬਾਰੇ ਸਾਡੇ ਕੋਲ ਕੋਈ ਰਿਕਾਰਡ ਨਹੀਂ। ਸਰਦਾਰ ਹਰਦਿੱਤ ਸਿੰਘ ਮਲਿਕ ਪਹਿਲਾ ਭਾਰਤੀ ਜਾਂ ਸ਼ਾਇਦ ਪਹਿਲਾ ਏਸ਼ੀਅਨ ਸੀ ਜਿਹੜਾ ਕਿ ਰਾਇਲ ਫਲਾਇੰਗ ਕੋਰਪਸ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਅਤੇ ਬਤੌਰ ਜੰਗੀ ਜਹਾਜ਼ ਦੇ ਪਾਇਲਟ ਉਹ ਜਰਮਨੀ ਦੇ ਕਈ ਜਹਾਜ਼ਾਂ ਨੂੰ ਡੇਗਣ ਵਿੱਚ ਕਾਮਯਾਬ ਵੀ ਹੋਇਆ।
ਮਲਿਕ 23 ਨਵੰਬਰ 1892 ਨੂੰ ਰਾਵਲਪਿੰਡੀ (ਪੰਜਾਬ) ਵਿੱਚ ਇੱਕ ਸਿੱਖ ਪਰਿਵਾਰ ਦੇ ਘਰ ਵਿੱਚ ਪੈਦਾ ਹੋਇਆ। ਹਰਦਿੱਤ ਸਿੰਘ 14 ਦੀ ਉਮਰ ਵਿੱਚ ਹੀ ਇੰਗਲੈਂਡ ਚਲਾ ਗਿਆ ਅਤੇ ਉਥੇ ਹੀ ਇੰਗਲਿਸ਼ ਪਬਲਿਕ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਈਸਟਬਾਰਨ ਕਾਲਜ ਵਿੱਚ ਅਤੇ ਫੇਰ ਆਕਸਫੋਰਡ ਵਿਖੇ ਬੈਲੀਅਲ ਕਾਲਜ ਵਿੱਚ ਪੜ੍ਹਿਆ। ਆਪਣੀ ਸਨਾਤਕ ਡਿਗਰੀ ਕਰਨ ਦੇ ਦੌਰਾਨ ਉਹ ਪੜ੍ਹਾਈ ਤੋਂ ਇਲਾਵਾ ਕ੍ਰਿਕਟ ਅਤੇ ਗੋਲਫ ਦਾ ਵਧੀਆ ਖਿਡਾਰੀ ਵੀ ਬਣ ਚੁਕਿਆ ਸੀ।
1914 ਦੌਰਾਨ ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਉਹ ਆਕਸਫੋਰਡ ਵਿੱਚ ਆਪਣੇ ਸਨਾਤਕ ਦੇ ਦੂਜੇ ਵਰ੍ਹੇ ਵਿੱਚ ਸੀ ਅਤੇ ਉਸਦੇ ਬਹੁਤ ਸਾਰੇ ਸਾਥੀ ਬ੍ਰਿਟਿਸ਼ ਸਰਕਾਰ ਵੱਲੋਂ ਲੜਾਕੂ ਕਾਰਵਾਈਆਂ ਵਿੱਚ ਵਲੰਟੀਅਰਾਂ ਦੇ ਤੌਰ ਤੇ ਦਾਖਲਾ ਲੈ ਚੁਕੇ ਸਨ। ਸਰਦਾਰ ਹਰਦਿੱਤ ਸਿੰਘ ਮਲਿਕ ਵੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰੰਤੂ ਨਸਲੀ ਵਖਰੇਵਾਂ ਹੋਣ ਕਰਕੇ ਉਸਦੀ ਇਹ ਇਛਾ ਪੂਰੀ ਨਾ ਹੋ ਸਕੀ ਅਤੇ ਉਸਨੂੰ ਪਹਿਲਾਂ ਭਾਰਤੀ ਮਿਲਟਰੀ ਹਸਪਤਾਲ ਵਿੱਚ ਸੇਵਾ ਕਰਨ ਲਈ ਕਿਹਾ ਗਿਆ। ਪਰ ਉਸਨੇ ਆਪਣੀ ਹੋਂਦ ਨੂੰ ਸਾਬਤ ਕਰਨ ਲਈ ਪੱਕਾ ਇਰਾਦਾ ਰੱਖਿਆ ਅਤੇ ਬ੍ਰਿਟਿਸ਼ ਏਅਰ ਫੋਰਸ ਵਿੱਚ ਜੰਗੀ ਜਹਾਜ਼ੀ ਬਣ ਕੇ ਹੀ ਦਮ ਲਿਆ ਅਤੇ ਬਾਅਦ ਵਿੱਚ ਉਸਨੂੰ ਜਰਮਨਾਂ ਦੇ ਖਿਲਾਫ਼ ਲੜਾਈ ਲਈ ਭੇਜਿਆ ਗਿਆ।
ਪਹਿਲਾਂ ਜਦੋਂ ਹਰਦਿੱਤ ਨੂੰ ਫੌਜੀ ਸੇਵਾ ਵਾਸਤੇ ਮਨਾ੍ਹਂ ਕਰ ਦਿੱਤਾ ਗਿਆ ਤਾਂ ਉਹ ਉਦਾਸ ਹੋ ਗਿਆ ਤੇ ਮਦਦ ਵਾਸਤੇ ਫਰਾਂਸ ਚਲਾ ਗਿਆ ਜਿੱਥੇ ਉਸਦੀ ਕਾਬਲਿਅਤ ਦੇਖਣ ਵਾਸਤੇ ਉਸਨੂੰ ਇੱਕ ਐਂਬੂਲੈਂਸ ਦਾ ਡਰਾਈਵਰ ਲਗਾ ਦਿੱਤਾ ਗਿਆ ਅਤੇ ਅਧਿਕਾਰੀਆਂ ਨੂੰ ਪਰਖਣ ਲਈ ਕਿਹਾ ਗਿਆ ਕਿ ਇਹ ਵਿਅੱਕਤੀ ਸੱਚਮੁੱਚ ਹੀ ਏਅਰ ਫੋਰਸ ਵਿੱਚ ਨੌਕਰੀ ਕਰ ਸਕਦਾ ਹੈ…. ਫਰਾਂਸ ਦੇ ਅਧਿਕਾਰੀਆਂ ਨੇ ਉਸਦੀ ਗੁਣਵੱਤਾ ਨੂੰ ਪਰਖਿਆ ਅਤੇ ਸਹੀ ਰਿਪੋਰਟ ਉਸਦੇ ਹੱਕ ਵਿੱਚ ਦਿੱਤੀ। ਮਲਿਕ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਉਸਨੇ ਆਪਣੇ ਅਧਿਆਪਕ ਨੂੰ ਆਕਸਫੋਰਡ ਵਿਖੇ ਚਿੱਠੀ ਲਿੱਖੀ ਅਤੇ ਖੁਸ਼ਖ਼ਬਰੀ ਸੁਣਾਈ… ਅਤੇ ਉਸ ਅਧਿਆਪਕ ਨੇ ਆਰ.ਐਫ਼.ਸੀ. ਦੇ ਮੁਖੀ ਨੂੰ ਚਿੱਠੀ ਲਿੱਖ ਕੇ ਅਫਸੋਸ ਪਰਗਟ ਕੀਤਾ ਕਿ ਇੱਕ ਬ੍ਰਿਟਿਸ਼ ਰਾਜ ਦਾ ਬੰਦਾ ਫਰਾਂਸ ਵਿਚ ਜਾ ਕੇ ਫਰਾਂਸ ਵਾਸਤੇ ਨੌਕਰੀ ਕਰੇ….. ਇੱਕ ਲੰਬੇ ਸੰਘਰਸ਼ ਤੋਂ ਬਾਅਦ ਮਲਿਕ ਨੂੰ ਆਰ.ਐਫ਼.ਸੀ. ਵਿੱਚ ਕਮਿਸ਼ਨ ਦਿੱਤਾ ਗਿਆ ਅਤੇ ਉਹ ਪਹਿਲਾ ਭਾਰਤੀ ਜੰਗੀ ਜਹਾਜ਼ੀ ਬਣਨ ਦੀ ਸਿਖਲਾਈ ਲੈਣ ਲੱਗਾ। ਆਰ.ਐਫ਼.ਸੀ. ਥੋੜੇ ਸਮੇਂ ਵਿੱਚ ਹੀ ਰਾਇਲ ਏਅਰ ਫੋਰਸ ਬਣਨ ਜਾ ਰਿਹਾ ਸੀ ਅਤੇ ਇਹ ਹਰਦਿੱਤ ਸਿੰਘ ਦਾ ਕਮਿਸ਼ਨਡ ਹੋਣਾ ਹੀ ਸੀ ਕਿ ਹੋਰ ਭਾਰਤੀਆਂ ਲਈ ਵੀ ਦਰਵਾਜ਼ੇ ਖੋਲ੍ਹ ਦਿੱਤੇ ਗਏ।
ਜਿਵੇਂ ਹੀ ਇਹ ਸਿਲਸਿਲਾ ਅੱਗੇ ਤੁਰਿਆ ਮਲਿਕ ਬਹੁਤ ਹੀ ਵਧੀਆ ਪਾਇਲਟ ਸਿੱਧ ਹੋਇਆ ਜਿਸਨੇ ਜਰਮਨਾਂ ਦੇ ਛੇ ਲੜਾਕੂ ਜਹਾਜ਼ਾਂ ਨੂੰ ਮਾਰ ਗਿਰਾਇਆ। ਉਨਾ੍ਹਂ ਦਿਨਾਂ ਵਿੱਚ ਜਹਾਜਾਂ ਦੇ ਲੜਾਕੂ ਪਾਇਲਟ ਆਪਸ ਵਿੱਚ ਇੱਕ ਦੂਜੇ ਤੇ ਪਿਸਤੋਲਾਂ ਅਤੇ ਰਾਈਫ਼ਲਾਂ ਨਾਲ ਹਮਲਾ ਕਰਦੇ ਸਨ ਜਦੋਂ ਉਹ ਇੱਕ ਦੂਜੇ ਦੀ ਮਾਰ ਅੰਦਰ ਆਉਂਦੇ ਸਨ। ਵੈਸੇ ਉਨਾ੍ਹਂ ਦਿਨਾਂ ਵਿੱਚ ਲੜਾਕੂ ਪਾਇਲਟਾਂ ਦੀ ਉਮਰ ਜ਼ਿਆਦਾ ਨਹੀਂ ਸੀ ਹੁੰਦੀ….. ਬਸ ਸਿਰਫ ਦਸ ਕੁ ਦਿਨ… ਪਰ ਸਰਦਾਰ ਮਲਿਕ ਇੱਕ ਬਹੁਤ ਹੀ ਕੁਸ਼ਲ ਲੜਾਕੂ ਸਾਬਤ ਹੋ ਚੁਕਿਆ ਸੀ ਜਿਸਨੇ ਸਾਰੀ ਪਹਿਲੀ ਸੰਸਾਰ ਜੰਗ ਦੌਰਾਨ ਹਿੱਸਾ ਲਿਆ। ਬੇਸ਼ਕ ਉਹ ਜ਼ਖ਼ਮੀ ਵੀ ਹੋ ਜਾਂਦਾ ਸੀ ਪਰੰਤੂ ਫੇਰ ਪਹਿਲਾਂ ਤੋਂ ਵੀ ਤਰੋ ਤਾਜ਼ਾ ਹੋ ਕੇ ਅਗਲੀ ਲੜਾਈ ਲਈ ਤਿਆਰ ਹੋ ਜਾਂਦਾ ਸੀ।
ਉਨਾ੍ਹਂ ਦਿਨਾਂ ਵਿੱਚ ਉਹ ਪਹਿਲਾ ਨਵਾਂ ਨਵਾਂ ਸਕੁਆਰਡਨ ਅਧਿਕਾਰੀ ਬਣਿਆ ਸੀ ਤੇ ਰਾਵਲਪਿੰਡੀ ਦੇ ਸਿੱਖ ਵਜੋਂ ਮਸ਼ਹੂਰ ਹੋ ਗਿਆ ਸੀ। ਮਲਿਕ ਨੇ ਪਾਇਲਟ ਹੁੰਦਿਆਂ ਹੋਇਆਂ ਕਦੇ ਵੀ ਆਪਣੀ ਦਸਤਾਰ ਨਹੀਂ ਉਤਾਰੀ ਅਤੇ ਆਪਣਾ ਹੈਲਮੇਟ ਵੀ ਖਾਸ ਤੌਰ ਤੇ ਤਿਆਰ ਕਰਵਾ ਕੇ ਪਗੜੀ ਦੇ ਉਪਰੋਂ ਪਹਿਨਿਆ। ਧਰਤੀ ਦੇ ਲੋਕ ਉਸਨੂੰ -ਫਲਾਇੰਗ ਹੋਬਗੋਬਲਿਨ, ਕਹਿ ਕੇ ਪੁਕਾਰਨ ਲੱਗੇ। ਬਦਕਿਸਮਤੀ ਨਾਲ ਉਸਨੂੰ ਸਿਰਫ ਦੋ ਹੀ ਜਹਾਜ਼ਾਂ ਨੂੰ ਗਿਰਾਉਣ ਲਈ ਸਨਮਾਨਿਤ ਕੀਤਾ ਗਿਆ ਪਰੰਤੂ ਇਹ ਉਸਦੀ ਹਾਰ ਨਹੀਂ ਸੀ।
ਬਾਅਦ ਵਿੱਚ 1934 ਤੋਂ 1937 ਤੱਕ ਮਲਿਕ, ਭਾਰਤੀ ਸਰਕਾਰ ਦਾ ਜਾਇੰਟ ਸੈਕਟਰੀ ਰਿਹਾ ਅਤੇ ਬਾਅਦ ਵਿੱਚ 1938 ਤੋਂ 1943 ਤੱਕ ਉਹ ਅਮਰੀਕਾ ਵਿੱਖੇ ਯੁਨਾਇਟਿਡ ਸਟੇਟਸ ਆਫ਼ ਕੈਨੇਡਾ ਦਾ ਵਪਾਰ ਕਮਿਸ਼ਨਰ ਰਿਹਾ। ਇਸਤੋਂ ਇਲਾਵਾ ਉਹ 1943 ਤੋਂ 1947 ਤੱਕ ਪਟਿਆਲਾ ਰਿਆਸਤ ਦਾ ਪਰੀਮਿਅਰ ਵੀ ਰਿਹਾ।
1949 ਵਿੱਚ ਮਲਿਕ ਫਰਾਂਸ ਵਿੱਖੇ ਭਾਰਤੀ ਦੂਤ ਵੀ ਰਿਹਾ ਅਤੇ 1956 ਵਿੱਚ ਸੇਵਾ ਮੁਕਤ ਹੋ ਗਿਆ।
ਆਪਣੀ ਸੇਵਾ ਮੁਕਤੀ ਤੋਂ ਬਾਅਦ ਉਸਨੇ ਗੋਲਫ -ਜੋ ਕਿ ਉਸਦਾ ਪਹਿਲਾ ਪਿਆਰ ਦੀ ਤਰਾ੍ਹਂ ਸੀ, ਨੂੰ ਅਪਣਾ ਲਿਆ ਬਾਵਜੂਦ ਇਸਦੇ ਕਿ ਉਸਦੀ ਲੱਤ ਵਿੱਚ ਦੋ ਜਰਮਨ ਗੋਲੀਆਂ ਦੀ ਸੱਟ ਹਾਲੇ ਵੀ ਕਾਇਮ ਸੀ।
ਸਰਦਾਰ ਹਰਦਿੱਤ ਸਿੰਘ ਮਲਿਕ 91 ਸਾਲ ਦੀ ਉਮਰ ਭੋਗ ਕੇ ਅਖੀਰ 31 ਅਕਤੂਬਰ 1985 ਨੂੰ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।
(ਧੰਨਵਾਦ ਸਹਿਤ – ਟਾਇਮਜ਼ ਆਫ ਇੰਡੀਆ)