ਨਿਊਜ਼ੀਲੈਂਡ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਹੋਏ ਸੈਮੀਨਾਰ ਨੇ ਇਨਕਲਾਬੀ ਮਾਹੌਲ ਸਿਰਜਿਆ

NZ PIC 29 Sep-1
ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਅੱਜ ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਵੱਲੋਂ ਸ਼ਹੀਦ ਭਗਤ ਸਿੰਘ ਜਾ ਜਨਮ ਦਿਵਸ ਇਕ ਵਿਸ਼ੇਸ਼ ਸੈਮੀਨਾਰ ਅਤੇ ਨਾਟਕ ਖੇਡ ਕੇ ਮਨਾਇਆ ਗਿਆ। ਇਹ ਪੂਰਾ ਸਮਾਗਮ ਕਾਮਾਗਾਟਾ ਮਾਰੂ ਘਟਨਾ ਦੀ ਮਨਾਈ ਜਾ ਰਹੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਸੀ। ਟਰੱਸਟ ਦੇ ਪ੍ਰਧਾਨ ਰਾਜੂ ਹੋਰਾਂ ਜੀ ਆਇਆਂ ਆਖਿਆ। ਸੈਮੀਨਾਰ ਦੀ ਸ਼ੁਰੂਆਤ ‘ਕਾਮਾਗਾਟਾ ਮਾਰੂ’ ਘਟਨਾ ਬਾਰੇ ਇਕ ਦਸਤਾਵੇਜ਼ੀ ਫਿਲਮ ਸਕਰੀਨ ਉਤੇ ਵਿਖਾ ਕੇ ਆਜ਼ਾਦੀ ਵੇਲੇ ਘਾਲੀ ਘਾਲਣਾ ਦਾ ਇਕ ਨਮੂਨਾ ਪੇਸ਼ ਕੀਤਾ ਤੇ ਇਨਕਲਾਬੀ ਮਾਹੌਲ ਸਿਰਜਿਆ। ਬੁਲਾਰਿਆਂ ਦੀ ਸ਼ੁਰੂਆਤ ਨਿਸ਼ਾਂਤ ਦੇ ‘ਅਸਲ ਆਜ਼ਾਦੀ ਅਤੇ ਇਨਕਾਲਬ’ ਸਬੰਧੀ ਦਿੱਤੇ ਵਿਚਾਰਾਂ ਨਾਲ ਹੋਈ। ਨੇਹਾ ਅਤੇ ਮਾਨਵੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬਲਜਿੰਦਰ ਹੋਰਾਂ ਨੇ ‘ਸੌਰੀ’ ਗੀਤ ਪੇਸ਼ ਕਰਕੇ ਭਰੂਣ ਹੱਤਿਆ ‘ਤੇ ਟਕੋਰ ਕੀਤੀ। ਹਰਦੀਪ ਨੇ ਸੰਤ ਰਾਮ ਉਦਾਸੀ ਦੀ ਰਚਨਾ ਗਾਇਨ ਕੀਤੀ। ਨਿਊਜ਼ੀਲੈਂਡ ਦੇ ਵਿਚ ਵਸਦੇ ਗਰੀਬ ਬੱਚਿਆਂ ਦੀ ਗਰੀਬੀ ਦਾ ਮੁੱਦਾ ਉਠਾਉਂਦਿਆਂ ਜੈਨਫਰੀ ਮੈਡਮ ਨੇ ਪ੍ਰਭਾਵਸ਼ਾਲੀ ਤਕਰੀਰ ਪੇਸ਼ ਕੀਤੀ। ਬਲਜਿੰਦਰ ਅਤੇ ਮਨਦੀਪ ਨੇ ਨਾਟਕ ‘ਕਾਲਾ ਲਹੂ’ ਖੇਡਦਿਆਂ ਜਿੱਥੇ ਵਧੀਆ ਅਭਿਨੈ ਕਰਨ ਦਾ ਨਮੂਨਾ ਪੇਸ਼ ਕੀਤਾ ਅਤੇ ਕਈ ਸਮਾਜਿਕ ਸੇਧ ਦਿੰਦੇ ਸੁਨੇਹੇ ਵੀ ਛੱਡੇ। ਪ੍ਰਸਿੱਧ ਲੋਕ ਗਾਇਕ ਹਰਦੇਵ ਮਾਹੀਨੰਗਲ ਦਾ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਸਤਿੰਦਰ ਪੱਪੀ ਨੇ ਤੂੰਬੀ ਦੇ ਨਾਲ ਸ. ਭਗਤ ਸਿੰਘ ਦੀ ਵਾਰ ਗਾਈ।
ਸਾਥੀ ਮੁਖਤਿਆਰ ਨੇ ਮੁੱਖ ਬੁਲਾਰੇ ਸ੍ਰੀ ਬੂਟਾ ਸਿੰਘ ਹੋਰਾਂ ਨੂੰ ਸਟੇਜ ‘ਤੇ ਸੱਦਾ ਦਿੰਦਿਆ ਹਾਜਿਰ ਦਰਸ਼ਕਾਂ ਦੇ ਰੂਬਰੂ ਕੀਤਾ। ਸ੍ਰੀ ਬੂਟਾ ਸਿੰਘ ਨੇ ਆਰਥਿਕ ਅਤੇ ਰਾਜਨੀਤਿਕ ਮੁੱਦਿਆਂ ਦੇ ਉਤੇ ਬਹੁਤ ਹੀ ਦਲੀਲ ਭਰਪੂਰ ਭਾਸ਼ਣ ਦਿੱਤਾ। ਸਵਾਲ ਜਵਾਬ ਦਾ ਦੌਰ ਵੀ ਚੱਲਿਆ। ਟਰੱਸਟ ਦੇ ਮੈਂਬਰਾਂ ਵੱਲੋਂ ਮੁੱਖ ਬੁਲਾਰੇ ਦਾ ਧੰਨਵਾਦ ਅਤੇ ਮਾਨ ਸਨਮਾਨ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਮੈਡਮ ਅਨੁਕਲੋਟੀ ਹੋਰਾਂ ਬਾਖੂਬੀ ਨਿਭਾਈ। ਅਵਤਾਰ ਤਰਕਸ਼ੀਲ ਹੋਰਾਂ ਕਿਤਾਬਾਂ ਦੀ ਹੱਟ ਲਗਾਈ ਹੋਈ ਸੀ। ਸਥਾਨਕ ਪੰਜਾਬੀ ਮੀਡੀਆ ਤੋਂ ਰੇਡੀਓ ਸਪਾਈਸ, ਨੱਚਦਾ ਪੰਜਾਬ ਰੇਡੀਓ ਅਤੇ ਐਨ. ਜ਼ੈਡ ਤਸਵੀਰ ਅਖਬਾਰ ਦੇ ਨਮਾਇੰਦੇ ਹਾਜ਼ਿਰ ਸਨ। ਅੰਤ ਇਹ ਸੈਮੀਨਾਰ ਵਿਦੇਸ਼ੀ ਵਸੇ ਭਾਰਤੀਆਂ ਦੇ ਦਿਲਾਂ ਵਿਚ ਸ਼ਹੀਦ ਭਗਤ ਸਿੰਘ ਪ੍ਰਤੀ ਹੋਰ ਮਾਨ-ਸਨਮਾਨ ਵਧਾਉਣ ਦੇ ਵਿਚ ਕਾਮਯਾਬ ਰਿਹਾ।

Install Punjabi Akhbar App

Install
×