(ਸਰੀ)- ਵੈਨਕੂਵਰ ਵਿਚਾਰ ਮੰਚ ਵੱਲੋਂ ਨਾਮਵਰ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਪੱਤਕਾਰਤਾ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਮੰਚ ਵੱਲੋਂ ਇਸ ਸੰਬੰਧ ਵਿਚ ਕੀਤੀ ਗਈ ਸ਼ੋਕ ਮੀਟਿੰਗ ਵਿਚ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬਹੁਤ ਹੀ ਗੂੜ੍ਹੇ ਮਿੱਤਰ ਅਤੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਅਧਿਆਪਨ ਸਮੇਂ ਤੋਂ ਸ਼ੁਰੂ ਹੋਈ ਦੋਸਤੀ, ਸਾਹਿਤਕ ਅਤੇ ਪਰਿਵਾਰਕ ਸਾਂਝ ਬਾਰੇ ਸੰਖੇਪ ਵਿਚ ਦਸਦਿਆਂ ਕਿਹਾ ਕਿ ਹਰਬੀਰ ਸਿੰਘ ਭੰਵਰ ਇਕ ਵਧੀਆ ਅਧਿਆਪਕ, ਇਕ ਵਧੀਆ ਚਿੱਤਰਕਾਰ, ਲੇਖਕ ਅਤੇ ਪੱਤਰਕਾਰ ਸੀ ਅਤੇ ਵਿਸ਼ੇਸ਼ ਕਰਕੇ ਉਸ ਨੇ ਪੰਜਾਬ ਦੇ ਕਾਲੇ ਦੌਰ ਵਿਚ ਪੁਲਿਸ ਦੇ ਦਬਾਅ ਅਤੇ ਖਾੜਕੂਆਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ‘ਤੇ ਖੇਡ ਕੇ ਪੱਤਰਕਾਰੀ ਦੇ ਫਰਜ਼ ਨੂੰ ਨਿੱਡਰਤਾ ਅਤੇ ਈਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਨੂੰ ਸਿੱਖ ਇਤਿਹਾਸ, ਸੱਭਿਆਚਾਰ, ਕਲਾ ਅਤੇ ਪੰਜਾਬ ਦੀ ਰਾਜਨੀਤੀ ਦੀ ਡੂੰਘੀ ਸੋਝੀ ਸੀ।
ਜਰਨੈਲ ਸਿੰਘ ਆਰਟਿਸਟ ਨੇ ਵੀ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਮਾਣ ਦੱਸਿਆ। ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨੇ ਉਨ੍ਹਾਂ ਨਾਲ ਲੁਧਿਆਣਾ ਵਿਖੇ ਆਪਣੇ ਮੇਲ ਮਿਲਾਪ ਦੀ ਗੱਲ ਕੀਤੀ ਅਤੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀਆਂ ਉਨ੍ਹਾਂ ਦੀਆਂ ਤਿੰਨ ਪੁਸਤਕਾਂ (ਸੋਭਾ ਸਿੰਘ ਚਿੱਤਰਕਾਰ ਸਿਮਰਤੀ ਗਰੰਥ, ਤੀਜਾ ਘੱਲੂਘਾਰਾ, ਅਭਿਨੰਦਨ ਗਰੰਥ) ਬਾਰੇ ਜਾਣਕਾਰੀ ਸਾਂਝੀ ਕੀਤੀ। ਮੋਹਨ ਗਿੱਲ, ਅੰਗਰੇਜ਼ ਬਰਾੜ ਅਤੇ ਹਰਦਮ ਮਾਨ ਨੇ ਕਿਹਾ ਹਰਬੀਰ ਸਿੰਘ ਭੰਵਰ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਪਾਏ ਨਿੱਗਰ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।
ਮੰਚ ਵੱਲੋਂ ਇਸ ਮੌਕੇ ਪਾਸ ਕੀਤੇ ਸ਼ੋਕ ਮਤੇ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।
(ਹਰਦਮ ਮਾਨ) +1 604 308 6663