ਪੋਰਟ ਹਾਰਡੀ ਵਿਚ ਇਕ ਫਲੋਟ ਜਹਾਜ਼ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਤ

(ਸਰੀ)- ਬੀ.ਸੀ. ਵਿਚ ਪੋਰਟ ਹਾਰਡੀ ਦੇ ਉੱਤਰ-ਪੱਛਮ ਵਿਚ ਬੁੱਧਵਾਰ ਨੂੰ ਇਕ ਫਲੋਟ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਚ ਸਵਾਰ ਪਾਇਲਟ ਸਮੇਤ ਤਿੰਨ ਜਣਿਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ।

ਮੈਰੀਟਾਈਮ ਫੋਰਸਿਜ਼ ਪੈਸੀਫਿਕ ਦੇ ਬੁਲਾਰੇ ਕੈਪਟਨ ਚੈਲਸੀ ਡੁਬਿਊ ਅਨੁਸਾਰ, ਇਸ ਹਾਦਸੇ ਦੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਹਾਜ਼ ਦੁਪਹਿਰ 12:52 ਵਜੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਸਟ੍ਰੈਚਨ-ਬੇ ਵਿੱਚ ਹਾਦਸਾਗ੍ਰਸਤ ਹੋ ਗਿਆ।

ਆਰਸੀਐਮਪੀ ਦਾ ਕਹਿਣਾ ਹੈ ਕਿ ਜਦੋਂ ਜਹਾਜ਼ ਡਿੱਗਿਆ ਤਾਂ ਉਸ ਵਿੱਚ ਇਕ ਪਾਇਲਟ ਅਤੇ ਦੋ ਯਾਤਰੀ ਸਵਾਰ ਸਨ। ਜਾਇੰਟ ਰਸਕਿਊ ਕੋਆਰਡੀਨੇਸ਼ਨ ਸੈਂਟਰ ਤੋਂ ਇਹ ਜਹਾਜ਼ ਖਾੜੀ ਵਿੱਚ ਡਿੱਗਣ ਸੰਬੰਧੀ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਦੁਪਹਿਰ 1:20 ਵਜੇ ਮਾਊਂਟੀਜ਼ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਕਈ ਹੈਲੀਕਾਪਟਰਾਂ ਨਾਲ ਇਸ ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।

 ਆਰਸੀਐਮਪੀ ਬੀ ਸੀ ਦੇ ਬੁਲਾਰੇ ਕਾਰਪੋਰਲ ਐਲੇਕਸ ਬੇਰੂਬੇ ਨੇ ਵੀਰਵਾਰ ਸਵੇਰੇ ਇਕ ਰਿਲੀਜ਼ ਵਿਚ ਦੱਸਿਆ ਹੈ ਕਿ ਇਹ ਮੰਨਿਆਂ ਜਾ ਰਿਹਾ ਹੈ ਕਿ ਜਹਾਜ਼ ਡੁੱਬ ਗਿਆ ਹੈ ਅਤੇ ਇਸ ਵਿਚਲਾ ਕੋਈ ਵੀ ਸਵਾਰ ਜ਼ਿੰਦਾ ਨਹੀਂ ਬਚਿਆ।

ਇਸੇ ਦੌਰਾਨ ਆਰਸੀਐਮਪੀ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਹ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਜਹਾਜ਼ ਦੇ ਹੇਠਾਂ ਡਿੱਗਣ ਦਾ ਕਾਰਨ ਕੀ ਹੋ ਸਕਦਾ ਹੈ?

(ਹਰਦਮ ਮਾਨ) +1 604 308 6663

maanbabushahi@gmail.com