ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਪ੍ਰਚੱਲਿਤ ਅਯੋਗ ਮਹੀਨੇ ਕੱਤਕ ਤੋਂ ਮੱਘਰ ਮਹੀਨੇ ਵਿਚ ਮਨਾਉਣਾ ਸਿੱਖ ਜਗਤ ਲਈ ਉਲਝਣ : ਪੰਥਕ ਤਾਲਮੇਲ ਸੰਗਠਨ

ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜ੍ਹਾ 24 ਨਵੰਬਰ 2020 ਵੀ ਨਹੀਂ ਮਨਾਇਆ ਗਿਆ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਚੰਦਰਮਾ ਅਧਾਰਤ ਬਿਕਰਮੀ ਕੈਲੰਡਰ ਕਰਕੇ ਹਰ ਸਾਲ ਗੁਰਪੁਰਬ, ਸ਼ਹੀਦੀ ਦਿਹਾੜ੍ਹਿਆਂ ਅਤੇ ਹੋਰ ਇਤਿਹਾਸਕ ਦਿਨਾਂ ਦੀਆਂ ਤਰੀਕਾਂ ਵਿਚ ਫਰਕ ਪੈਂਦਾ ਹੈ। ਇਸ ਅਯੋਗ ਪ੍ਰਣਾਲੀ ਤਹਿਤ ਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦਾ ਸਿਲਸਲਾ ਪ੍ਰਚੱਲਿਤ ਹੈ। ਚਿੰਤਾ ਦਾ ਵਿਸ਼ਾ ਕਿ ਯੋਗ ਅਤੇ ਦਰੁਸਤ ਦਿਸ਼ਾ ਵੱਲ ਵਧਣ ਦੀ ਥਾਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮੱਘਰ ਮਹੀਨੇ ਦੀ 30 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਸੰਨ 2019 ਵਿਚ 12 ਨਵੰਬਰ ਨੂੰ ਮਨਾਇਆ ਗਿਆ ਸੀ। ਸੰਨ 2021 ਵਿਚ 19 ਨਵੰਬਰ ਨੂੰ ਅਤੇ 2028 ਵਿਚ 2 ਦਸੰਬਰ ਨੂੰ ਮਨਾਇਆ ਜਾਵੇਗਾ। ਅਜਿਹੇ ਹਾਲਾਤਾਂ ਵਿਚ ਪੂਰੇ ਸਿੱਖ ਜਗਤ ਸਾਹਮਣੇ ਵਾਰ-ਵਾਰ ਉਲਝਣਾਂ ਪੈਦਾ ਹੁੰਦੀਆਂ ਹਨ। ਪਰ ਕਿਸੇ ਮਨੁੱਖ ਦੇ ਜਨਮ ਦਿਨ ਦੀ ਤਰੀਕ ਵਿਚ ਕੋਈ ਬਦਲੀ ਪ੍ਰਵਾਨ ਨਹੀਂ ਕੀਤੀ ਜਾਂਦੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਗੂਗਲ ਵਿਕੀਪੀਡੀਆ 15 ਅਪ੍ਰੈਲ ਦਾ ਗੁਰਪੁਰਬ ਦਰਸਾਂਦਾ ਹੈ। ਹਰ ਵਿਦਿਆਰਥੀ ਵਿਦਿਅਕ ਪੁਸਤਕਾਂ ਵਿਚ ਪੜ੍ਹਦਾ ਆਇਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਇਤਿਹਾਸਕ ਪੁਸਤਕਾਂ ਵਿਚ ਵੈਸਾਖ ਸੁਦੀ 3 ਸੰਮਤ 1526, 15 ਅਪ੍ਰੈਲ 1469 ਦਰਜ ਹੈ।
ਸੰਗਠਨ ਨੇ ਹਵਾਲਾ ਦਿੱਤਾ ਕਿ ਮੁਸਲਮਾਨ ਅਤੇ ਇਸਾਈ ਸਭ ਕੌਮਾਂ ਨੇ ਆਪਣੇ ਇਤਿਹਾਸਕ ਦਿਨਾਂ ਤੇ ਤਿਉਹਾਰਾਂ ਦੀਆਂ ਤਰੀਕਾਂ ਪੱਕੀਆਂ ਰੱਖੀਆਂ ਹੋਈਆਂ ਹਨ। ਕ੍ਰਿਸਮਿਸ ਦੀ ਤਰੀਕ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਤ੍ਰਾਸਦੀ ਹੈ ਕਿ ਸਿੱਖ ਜਗਤ ਨੂੰ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦੀਆਂ ਤਰੀਕਾਂ ਤੋਂ ਅਨਜਾਣ ਰੱਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੇ ਸਾਲ ਵਿਚ ਦੋ ਵਾਰੀ ਮਨਾਇਆ ਜਾਂਦਾ ਹੈ ਅਤੇ ਕਦੇ ਇਕ ਵਾਰੀ ਵੀ ਨਹੀਂ ਮਨਾਇਆ ਜਾਂਦਾ।
ਇਸ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ 2003 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਪੰਥ-ਦੋਖੀ ਤਾਕਤਾਂ ਦੇ ਦਬਾਅ ਹੇਠ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਬਿਕਰਮੀ ਕੈਲੰਡਰ ਦਾ ਹੀ ਪ੍ਰਚੱਲਨ ਕਰਵਾ ਦਿੱਤਾ ਹੋਇਆ ਹੈ। ਨਤੀਜਾ ਕੌਮ ਭੰਬਲਭੂਸੇ ਵਿਚ ਹੈ। ਜਿਸ ਲਈ ਸਿੱਖ ਕੌਮ ਨੂੰ ਆਪਣੇ ਨਿੱਜ ਅਤੇ ਧੜ੍ਹੇਬੰਦੀਆਂ ਤੋਂ ਉੱਪਰ ਉੱਠ ਕੇ ਗੁਰਪੁਰਬਾਂ ਦੀਆਂ ਪੱਕੀਆਂ ਤਰੀਕਾਂ ਲਈ ਫੈਸਲਾ ਲੈਣਾ ਚਾਹੀਦਾ ਹੈ।

Install Punjabi Akhbar App

Install
×