ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਜੀ: ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਭਾਰੀ ਰੌਣਕਾਂ-ਤਿੰਨ ਸੰਸਦ ਮੈਂਬਰਾਂ ਨੇ ਦਿੱਤੀਆਂ ਵਧਾਈਆਂ

NZ-PIC-8-FEB-1ਅੱਜ ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਰਵਿਦਾਸ ਜੀ ਦਾ 638ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਭਾਰੀ ਰੌਣਕ ਵੇਖਣ ਨੂੰ ਮਿਲੀ। ਸੱਤ ਅਖੰਠ ਪਾਠਾਂ ਦੀ ਲੜੀ ਅੱਜ ਸਵੇਰੇ ਸਮਾਪਤ ਹੋਈ ਉਪਰੰਤ ਨਿਸ਼ਾਨ ਸਾਹਿਬ ਦਾ ਚੰਦੋਆ ਬਦਲਿਆ ਗਿਆ। ਸਜੇ ਦੀਵਾਨ ਦੇ ਵਿਚ ਭਾਈ ਪਰਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਤੇ ਭਾਈ ਪਰਦੀਪ ਸਿੰਘ  ਹੁਸ਼ਿਆਰਪੁਰ ਵਾਲਿਆਂ ਦੇ ਜਥੇ ਨੇ ਅਤੇ ਹੇਸਟਿੰਗ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਰਾਗੀ ਭਾਈ ਕੁਲਵਿੰਦਰ ਸਿੰਘ ਤੇ ਭਾਈ ਜੋਗਿੰਦਰ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਖਾਸ ਸਮਾਗਮ ਦੇ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਸੰਤ ਜਸਪਾਲ ਸਿੰਘ ਓਡਰਾ ਬੰਗਾਲੀਪੁਰ ਦਸੂਹਾ ਵਾਲੇ ਛੇਵੀਂ ਵਾਰ ਕਥਾ-ਵਿਚਾਰ ਕਰਨ ਪਹੁੰਚੇ। ਉਨ੍ਹਾਂ ਸ਼ਬਦ ਕੀਰਤਨ ਦੇ ਨਾਲ-ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਪ੍ਰਸੰਗ ਅਤੇ ਸਿਖਿਆਵਾਂ ਨੂੰ ਸੰਗਤਾਂ ਦੇ ਸਨਮੁੱਖ ਰੱਖਿਆ।
ਅੱਜ ਦੇ ਇਸ ਸਮਾਗਮ ਦੇ ਵਿਚ ਤਿੰਨ ਸੰਸਦ ਮੈਂਬਰਾਂ ਸ੍ਰੀ ਐਂਡਰਿਊ ਬੈਲੀਅ, ਡਾ. ਪਰਮਜੀਤ ਕੌਰ ਪਰਮਾਰ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਹਾਜ਼ਰੀ ਭਰੀ ਅਤੇ ਵਾਰੋ-ਵਾਰੀ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਡਾ. ਪਰਮਜੀਤ ਪਰਮਾਰ ਨੇ ਨੈਸ਼ਨਲ ਸਰਕਾਰ ਦੀਆਂ ਨੀਤੀਆਂ ਅਤੇ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੇ ਯੋਗਦਾਨ ਸਬੰਧੀ ਅੰਕੜੇ ਪੇਸ਼ ਕੀਤੇ। ਸਟੇਜ ਸਕੱਤਰ ਮਲਕੀਅਤ ਸਿੰਘ ਸਹੋਤਾ ਨੇ ਆਏ ਬੁਲਾਰਿਆਂ ਨੂੰ ਸੰਗਤਾਂ ਦੇ ਸਨਮੁੱਖ ਕੀਤਾ, ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਅੰਤ ਇਕ ਸ਼ਬਦ ਨਾਲ ਹਾਜ਼ਰੀ ਵੀ ਲਗਵਾਈ। ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾਂ ਵਾਲਿਆਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਪਰਮਜੀਤ ਮਹਿਮੀ ਹੋਰਾਂ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਅਤੇ ਇਕ ਕਵਿਤਾ ਸਰਵਣ ਕਰਵਾਈ। ਇਕ ਹੋਰ ਨੌਜਵਾਨ ਪਲਵਿੰਦਰ ਸਿੰਘ ਨੇ ਧਾਰਮਿਕ ਰਚਨਾ ਪੇਸ਼ ਕੀਤੀ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪੰਥ ਲਾਲ ਦਰੋਚ ਨੇ ਸਮੁੱਚੀ ਮੈਨੇਜਮੈਂਟ ਵੱਲੋਂਂ ਤਿੰਨਾਂ ਸੰਸਦ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਦੋ ਨੌਜਵਾਨਾਂ ਕਰਨ ਮਾਰਕ ਬੱਧਣ ਅਤੇ ਸਰਬਜੀਤ ਸਿੰਘ ਝੱਮਟ ਨੂੰ ਗੁਰਦੁਆਰਾ ਸਾਹਿਬ ਵੱਲੋਂ ਲਾਈਫ ਮੈਂਬਰਸ਼ਿੱਪ ਭੇਟ ਕੀਤੀ ਗਈ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਲੰਗਰ ਦੀ ਸੇਵਾ ਸ੍ਰੀ ਸੱਤਪਾਲ ਬੈਂਸ ਪੁੱਕੀਕੁਈ ਦੇ ਪਰਿਵਾਰ ਵੱਲੋਂ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਬੀਬੀ ਸੁਰਿੰਦਰ ਕੌਰ ਭੱਟੀ ਮੈਨੁਕਾਓ ਵੱਲੋਂ ਕਰਵਾਈ ਗਈ।

Install Punjabi Akhbar App

Install
×