ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ

unnamed

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਪੁਰਖਾਂ ਨੂੰ ਖੁਆਇਆ ਜੋ ਵਾਕਿਆ ਹੀ ਭੁੱਖੇ ਸਨ, ਜਿਹਨਾਂ ਕੋਲ ਨਾਮ ਅਤੇ ਭਗਤੀ ਤੋਂ ਇਲਾਵਾ ਹੋਰ ਕੋਈ ਦੌਲਤ ਨਹੀਂ ਸੀ, ਮਹਿਲ ਮਾੜੀਆਂ ਨਹੀਂ ਸਨ। ਵੈਸੇ ਸੱਚੇ ਨਾਮ ਦੇ ਧਾਰਨੀਆਂ ਅਤੇ ਭਗਤਾਂ ਦੀ ਕੋਈ ਦੁਨਿਆਵੀ ਲੋੜ ਵੀ ਨਹੀਂ ਹੁੰਦੀ।

ਹੁਣ ਆਉਨੇ ਹਾਂ ਅਜੋਕੇ ਵਰਤਾਰੇ ਵੱਲ। ਅੱਜ ਦਾ ਸੰਤ(ਸਵੈ-ਘੋਸ਼ਿਤ) ਕੀ ਕਰ ਰਿਹਾ ਹੈ? ਪਹਿਲਾਂ ਤਾਂ ਗੁਰਮਤਿ ਤੋਂ ਉਲਟ ਹੋ ਜਿਉਂਦੇ ਜੀ ਆਪ ਹੀ ਸੰਤ ਕਹਾਉਂਦਾ ਹੈ ਹਾਲਾਂਕਿ ਇਸਾਈ ਧਰਮ ਵਿੱਚ ਸੰਤ ਦੀ ਉਪਾਧੀ ਮੌਤ ਤੋਂ ਸੈਂਕੜੇ ਸਾਲ ਬਾਅਦ ਦਿੱਤੀ ਜਾਂਦੀ ਹੈ। ਇਸਦਾ ਕਾਰਨ ਕਿ ਜਿਉਂਦੇ ਉਪਾਧੀ ਲੈ ਕੇ ਕੋਈ ਵੀ ਮਾਨੁੱਖੀ ਗਲਤੀ ਹੋ ਸਕਦੀ ਹੈ ਜਾਂ ਪੰਧ ਤੋਂ ਡੋਲ ਵੀ ਹੋ ਸਕਦਾ ਹੈ ਜਿਸ ਕਾਰਨ ਸਮੁੱਚਾ ਧਰਮ ਬਦਨਾਮ ਹੋ ਸਕਦਾ ਹੈ। ਇਸਤੇ ਸ਼੍ਰੀ ਅਕਾਲ ਤਖਤ ਸਹਿਬ ਤੇ ਵਿਚਾਰ ਅਤੇ ਕਾਇਦੇ ਬਨਣੇ ਚਾਹੀਦੇ ਹਨ। ਫਿਰ ਇਹ ਬੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੈਸੇ, ਮਾਇਆ ਇਕੱਤਰ ਕਰਦੇ ਦੇਖੇ ਗਏ ਹਨ। ਮੌਜੂਦਾ ਗੁਰੂ ਸ਼ੀ ਗੁਰੂ ਗਰੰਥ ਸਾਹਿਬ ਜੀ ਇਹਨਾਂ ਬਾਰੇ ਕੀ ਫਰੁਮਾਨ ਕਰਦੇ ਹਨ;

ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥

ਇਹ ਬੰਦੇ ਇਸ ਦਾ ਸਪਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ, “ਸੰਗਤਾਂ ਮਲੋ-ਮੱਲੀ ਭੇਂਟ ਕਰਦੀਆਂ ਹਨ”। ਚਲੋ ਸੰਗਤਾਂ ਤਾਂ ਅਜੇ ਗੁਰਮਤ ਨੂੰ ਪੂਰਾ ਸਮਝਦੀਆਂ ਨਹੀਂ, ਉਹ ਤਾਂ ਗੁਰਮਤ ਤੋਂ ਜਾਣੂ ਹਨ।

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥

ਫਿਰ ਸਿਧਾਂਤ ਨੂੰ ਜਾਣਦਿਆਂ ਹੋਏ ਮਨਮੁਖਤ ਕਿਉਂ? ਤੁਸੀਂ ਸੰਗਤਾਂ ਨੂੰ ਇਸ ਗਲਤੀ ਦਾ ਅਹਿਸਾਸ ਕਿਉਂ ਨਹੀਂ ਕਰਵਾਉਂਦੇ? ਤੁਸੀਂ ਇਸ ਭੇਖ ਦੀਆਂ ਅਤੇ ਗੁਰਮਤ ਦੀਆਂ ਜੁੰਮੇਵਾਰੀਆਂ ਤੋਂ ਮੁਨਕਰ ਕਿਉਂ ਹੋ ਜਾਂਦੇ ਹੋ? ਉਪਰੋਕਤ ਸਿਧਾਂਤ ਅਧੀਨ ਤੁਸੀਂ ਤਾਂ ਸਿਰਫ ਸੰਗਤ ਤੋਂ ਲਿਆ ਹੀ ਹੈ, ਆਪਣੀ ਕਮਾਈ ਵਿੱਚੋਂ ਹਥੋਂ ਕੀ ਦਿੱਤਾ ਹੈ? ਸੰਗਤ ਤਾਂ ਅਣਜਾਣ ਹੈ। ਜੇ ਰਿਸ਼ਵਤ ਦੇਣਾ ਗੁਨਾਹ ਹੈ ਤਾਂ ਲੈਣਾ ਵੀ ਤਾਂ ਜੁਰਮ ਹੈ।

ਇਸ ਦੋਸ਼ ਨੂੰ ਢੱਕਣ ਲਈ ਇਹ ਬੰਦੇ ਕੋਈ ਹਸਤਪਤਾਲ ਖੋਲ ਲੈਂਦੇ ਹਨ, ਕੋਈ ਸਕੂਲ। “ਸੰਗਤ ਜੀ, ਇਹ ਤੁਹਾਡੀ ਕਮਾਈ ਅਸੀ ਉੱਥੇ ਲਾ ਦੇਣੀ ਹੈ”। ਜੋ ਕੰਮ ਸਰਕਾਰਾਂ ਦੇ ਹਨ ਉਹ ਇਹਨਾਂ ਨੇ ਕਰਨੇ ਹੁੰਦੇ ਹਨ, ਸਰਕਾਰ ਹੋਰ ਖੇਸਲ਼ ਮਾਰ ਲੈਂਦੀ ਹੈ। ਸੰਗਤਾਂ ਦਾ ਵੀ ਸੁਣ ਲਉ। ਜਿੱਥੇ ਇਹ ਰਹਿੰਦੇ ਹਨ, ਉੱਥੇ ਕੋਈ ਨਵੇਂ ਗੁਰੂਘਰ ਲਈ, ਬੱਚਿਆਂ(ਇਹਨਾ ਦੇ ਆਪਣੇ ਹੀ) ਦੀ ਖੇਡਾਂ ਲਈ ਜਾਂ ਹੋਰ ਭਾਈਚਾਰੇ ਦੇ ਕੰਮਾਂ ਲਈ ਢਾਲ਼ ਲੈਣ ਆ ਜਾਵੇ ਤਾਂ ਬੂਹਾ ਹੀ ਨਹੀਂ ਖੋਲਦੇ, ਫੋਨ ਹੀ ਨਹੀਂ ਚੁੱਕਦੇ, ਚੈਕ ਦੇ ਕੇ ਕੈਂਸਲ ਕਰਵਾ ਦਿੰਦੇ ਨੇ ਜਾਂ ਆਈ ਨੂੰ ਪਜਾਂਹ ਡਾਲਰਾਂ ਨਾਲ ਸਾਰਨ ਦੀ ਕੋਸ਼ਿਸ਼ ਕਰਦੇ ਨੇ(ਸਾਰੇ ਨਹੀਂ ਪਰ ਬਹੁਤਾਤ) ਤੇ ਫਿਰ ਕਈ ਸਾਲ ਹਿਸਾਬ ਮੰਗੀ ਜਾਣਗੇ। ਦੂਸਰੇ ਪਾਸੇ, ਮਾਹਾਂਪੁਰਖਾਂ ਨੂੰ ਘਰ ਸੱਦ-ਸੱਦ ਕੇ ਲਫਾਫੇ ਵਿੱਚ ਹਜਾਰਾਂ ਡਾਲਰ ਪਾ ਕੇ ਦੇ ਦਿੰਦੇ ਹਨ ਅਤੇ ਫਿਰ ਕੋਈ ਹਿਸਾਬ ਨਹੀਂ।

ਜੇ ਗੁਰੂ ਸਾਹਿਬ ਅਜੋਕੇ ਸਿਧਾਂਤਾਂ ਤੇ ਚੱਲਦੇ ਤਾਂ ਚਾਰ ਉਦਾਸੀਆਂ ਵਿੱਚ ਗੁਰੂ ਜੀ ਬੇਅੰਤ ਮਾਇਆ, ਧੰਨ, ਦੌਲਤ, ਜ਼ਮੀਨ ਅਤੇ ਮਹਿਲ ਖੜੇ ਕਰ ਲੈਂਦੇ। ਆਪਣੇ ਹੀ ਗੁਰੂਦੁਆਰੇ ਬਣਾ ਛੱਡਦੇ ਅੱਜ ਦੇ ਡੇਰਿਆਂ ਵਾਂਗ। ਆਪਣੀਆਂ ਹੀ ਦੁਕਾਨਾ ਹੁੰਦੀਆਂ ਅਤੇ ਆਪਣਾ ਹੀ ਵਪਾਰ, ਸੰਗਤਾਂ ਮੁਫੱਤ ਵਿੱਚ ਕੰਮ ਕਰੀ ਜਾਂਦੀਆਂ। ਗੱਦੀ ਆਪਣੇ ਹੀ ਬੇਟਿਆਂ ਨੂੰ ਦਿੰਦੇ।

ਗੁਰਬਾਣੀ ਦੇ ਸਿਧਾਂਤ ਅਨੁਸਾਰ ਅੱਜ ਦੇ ਸਮੇਂ ਵਿੱਚ ਕਿਸ ਤਰਾਂ ਪ੍ਰਭਾਵਿਤ ਪਰਚਾਰ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਸਿੱਖਾਂ ਨੂੰ ਪੁਜਾਰੀ ਬਿਰਤੀ ਤਿਆਗ ਦੇਣੀ ਚਾਹੀਦੀ ਹੈ। ਪੇਟ ਅਤੇ ਪਰਵਾਰ ਪਾਲਣ ਲਈ ਗੁਰੂ ਸਾਹਿਬ ਵਾਂਗ ਕੋਈ ਕਿਰਤ ਕਰਨੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦਾ ਪਰਚਾਰ ਆਪਣੀ ਕਮਾਈ ਵਿੱਚੋਂ ਕਰਨਾ ਚਾਹੀਦਾ ਹੈ।ਹੱਥੋਂ ਦੇਣਾ ਹੈ, ਲੈਣਾ ਨਹੀਂ। ਧੰਨ ਹੈ ਨਾਨਕ।

Written by Amandeep Singh Sidhu

(Director – Harman Radio)

Welcome to Punjabi Akhbar

Install Punjabi Akhbar
×
Enable Notifications    OK No thanks