ਮਲੇਸ਼ੀਆ ਦੇ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਹੜ੍ਹਾਂ ਦੇ ਪਾਣੀ ‘ਚ ਡੁੱਬੀ

ਮਲੇਸ਼ੀਆ ਵਿਚ ਇਕ ਦਹਾਕੇ ਦੇ ਆਏ ਸਭ ਤੋਂ ਭਿਆਨਕ ਹੜ੍ਹਾਂ ਦੇ ਵਿਚ ਇਥੋਂ ਦੇ ਕੁਆਲਾ ਕਰਾਏ ਇਲਾਕੇ ਵਿਚ ਸਥਿਤ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਕਰੀਬ 40 ਫੁੱਟ ਹੜ੍ਹ ਦੇ ਪਾਣੀ ਦੇ ਵਿਚ ਡੁੱਬ ਗਈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੂਸਰੀ ਮੰਜ਼ਿਲ ‘ਤੇ ਹੋਣ ਕਰਕੇ ਸੁਰੱਖਿਅਤ ਹਨ, ਪ੍ਰੰਤੂ ਉਨ੍ਹਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਿਆ। ਦੱਸਣਯੋਗ ਹੈ ਕਿ 80 ਸਾਲ ਪੁਰਾਣੇ ਇਸ ਗੁਰਦੁਆਰੇ ਦੀ ਸਾਂਭ ਸੰਭਾਲ 3 ਸਿੱਖ ਪਰਿਵਾਰ ਅਤੇ ਇਥੇ ਪੰਜਾਬ ਤੋਂ ਕੰਮ ਕਰਨ ਆਏ ਲੋਕ ਕਰਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੀ ਇਮਾਰਤ ਵਿਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਅਤੇ ਅਸੀ ਸਾਰੇ ਸਾਮਾਨ ਸਮੇਤ ਦੂਸਰੀ ਮੰਜ਼ਿਲ ‘ਤੇ ਚਲੇ ਗਏ। ਰਾਤ ਨੂੰ ਅਸੀ ਕਿਸ਼ਤੀ ਰਾਹੀ ਕੁਝ ਜਾਣੇ ਬਾਹਰ ਆਏ ਜਦਕਿ ਅਜੇ ਵੀ ਕੁਝ ਲੋਕ ਉਥੇ ਫਸੇ ਹੋਏ ਹਨ। ਇਸ ਤੋਂ ਇਲਾਵਾ ਕੋਟਾ ਬਾਹਰੂ ਅਤੇ ਥੰਪਟ ਵਿਚ ਸਥਿਤ ਦੋਵੇਂ ਗੁਰਦੁਆਰੇ ਹੜ੍ਹ ਤੋਂ ਸੁਰੱਖਿਅਤ ਹਨ। ਥੰਪਟ ਦੇ ਗੁਰਦੁਆਰਾ ਸਾਹਿਬ ‘ਚ ਹੜ੍ਹ ਦੇ ਪਾਣੀ ਦਾ ਪੱਧਰ 2 ਫੁੱਟ ਸੀ, ਸੇਵਾਦਾਰਾਂ ਵੱਲੋਂ ਇਸ ਗੁਰੂ ਘਰ ਦੀ ਇਮਾਰਤ ‘ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਬਾਹਰ ਲਿਆਂਦੇ ਗਏ ਹਨ। ਦੂਸਰੇ ਪਾਸੇ ਯੂਨਾਈਟਡ ਸਿੱਖਜ਼ ਦੇ ਪ੍ਰਤੀਨਿਧ ਰਿਸ਼ੀਵੰਤ ਸਿੰਘ ਰੰਧਾਵਾ ਅਨੁਸਾਰ ਹੜ੍ਹ ਪੀੜਤਾਂ ਦੇ ਲਈ ਹੈਲੀਕਾਪਟਰ ਰਾਹੀਂ ਖਾਣ ਪੀਣ ਦੀਆਂ ਵਸਤਾਂ, ਬਿਸਕੁਟ ਮੁਹੱਈਆ ਕਰਵਾਏ ਜਾ ਰਹੇ ਹਨ।

Install Punjabi Akhbar App

Install
×