ਹੁਸੈਨੀਵਾਲਾ- ਸ਼ਹੀਦ ਭਗਤ ਸਿੰਘ ਦੀ ਸਮਾਧ ਤੋਂ ਗੁਰਦੁਆਰੇ ਤੱਕ

160418 Mandeep Khurmi Himmatpura -  Art- Bhagat singh Gurdwaraਜਿਹੜੀਆਂ ”ਤਾਕਤਾਂ” ਨੂੰ ਕਿਤਾਬ ਤੋਂ ਬੰਬ ਵਾਂਗ ਡਰ ਲੱਗਦਾ ਹੋਵੇ, ਜਿਨ੍ਹਾਂ ਦਾ ਸਾਰਾ ਜ਼ੋਰ ਲੋਕਾਂ ਨੂੰ ਪੜ੍ਹਨੋਂ ਰੋਕਣ ‘ਤੇ ਲੱਗਾ ਹੋਵੇ, ਜਿਨ੍ਹਾਂ ਨੂੰ ਆਪਣੇ ਸਥਾਪਿਤ ਕੀਤੇ ਲੁੱਟ ਦੇ ਸਾਮਰਾਜ ਨੂੰ ਬਰਕਰਾਰ ਰੱਖਣ ਦਾ ਫ਼ਿਕਰ ਹੋਵੇ, ਜਿਨ੍ਹਾਂ ਨੂੰ ਇਹ ਡਰ ਹੋਵੇ ਕਿ ਮਿਹਨਤਕਸ਼ ਲੋਕ ਆਪਣੇ ਹੱਕਾਂ ਲਈ ਉੱਠ ਖੜ੍ਹੇ ਨਾ ਹੋਣ, ਉਹ ਤਾਕਤਾਂ ਆਪਣਾ ਹਰ ਹੀਲਾ ਵਰਤਦੀਆਂ ਹਨ ਕਿ ਆਮ ਜਨਤਾ ਨੂੰ ਕਿਤਾਬਾਂ ਤੋਂ ਦੂਰ ਰੱਖਿਆ ਜਾਵੇ। ਜੇ ਲੋਕ ਪੜ੍ਹਨਗੇ ਤਾਂ ਜਾਗਰੂਕ ਹੋਣਗੇ। ਜੇ ਜਾਗਰੂਕ ਹੋਣਗੇ ਤਾਂ ਆਪਣਾ ਭਲਾ-ਬੁਰਾ ਵਿਚਾਰਨਗੇ। ਜੇ ਪੜ੍ਹਨਗੇ ਤਾਂ ਨਿਸ਼ਾਨਦੇਹੀ ਕਰਨ ਜੋਕਰੇ ਹੋਣਗੇ ਕਿ ਖ਼ੂਨ ਪਸੀਨਾ ਇੱਕ ਕੀਤਿਆਂ ਵੀ ਸਿਰਫ਼ ਰੋਟੀ ਮਸਾਂ ਜੁੜਦੀ ਹੈ ਪਰ ਇੱਕ ਬਿਨਾਂ ਕੁੱਝ ਕੀਤਿਆਂ ਹੀ ਦੁਨੀਆ ਦੀ ਤਮਾਮ ਐਸ਼ ਮਾਣ ਰਿਹਾ ਹੈ? ਕਿਰਤੀ ਜਮਾਤ ਦੀ ਲੁੱਟ ਲਈ ਅੱਜ ਦੀ ਘੜੀ ਸਭ ਤੋਂ ਵੱਡਾ ਦੁਸ਼ਮਣ ਭਗਤ ਸਿੰਘ ਦੀ ਤਸਵੀਰ ਹੈ, ਭਗਤ ਸਿੰਘ ਦੀ ਸੋਚ ਹੈ, ਭਗਤ ਸਿੰਘ ਦੇ ਰਾਹ ਤੁਰਦੇ ਲੋਕ ਹਨ। ਜਿੱਥੇ ਉਸ ਜਮਾਤ ਨੇ ਆਪਣੇ ਲੁੱਟ ਤੰਤਰ ਦਾ ਪਹੀਆ ਚੱਲਦਾ ਰੱਖਣਾ ਹੈ ਉੱਥੇ ਉਸ ਨੇ ਆਪਣੀ ਪੂਰੀ ਵਾਹ ਲਾਉਣੀ ਹੈ ਕਿ ਭਗਤ ਸਿੰਘ ਦੀ ਤਸਵੀਰ ਨੂੰ ਕਿਸ ਢੰਗ ਨਾਲ ਬਦਲਿਆ ਜਾਵੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਅਤੇ ਭਗਤ ਸਿੰਘ ਦੀ ਛਵੀ ਵੀ ਬਦਲ ਦਿੱਤੀ ਜਾਵੇ। ਇਹ ਹੋਇਆ ਵੀ ਹੈ ਤੇ ਹੋ ਵੀ ਰਿਹਾ ਹੈ ਕਿ ਭਗਤ ਸਿੰਘ ਨੂੰ ਪਗੜੀ, ਟੋਪੀ ਜਾਂ ਧਰਮਾਂ ਦੇ ਮਸਲਿਆਂ ‘ਚ ਉਲਝਾ ਕੇ ਇੱਕ ਅਜਿਹੇ ਦਹਿਸ਼ਤਪਸੰਦ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦਾ ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਸਰਾ ਪਿਸਤੌਲ ਦੇ ਘੋੜੇ ਉੱਪਰ ਹੈ। ਭਗਤ ਸਿੰਘ ਦੀ ”ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ” ਦੀ ਸੋਚ ਜਦ ਅਜਿਹੀਆਂ ਤਾਕਤਾਂ ਨੂੰ ਬਦਹਜ਼ਮੀ ਕਰਦੀ ਹੈ ਤਾਂ ਕਦੇ ਪ੍ਰਚਾਰਿਆ ਜਾਂਦੈ ਕਿ ਭਗਤ ਸਿੰਘ ਫਲਾਣੇ ਧਰਮ ਦਾ ਪੈਰੋਕਾਰ ਸੀ ਤੇ ਕਦੇ ਕਿਸੇ ਧਰਮ ਦਾ। ਪਰ ਇਹ ਕਿਉਂ ਨਹੀਂ ਪ੍ਰਚਾਰਿਆ ਜਾਂਦਾ ਕਿ ਭਗਤ ਸਿੰਘ ਨੇ ਕੁੱਝ ਕਾਰਨ ਵੀ ਦੱਸੇ ਸਨ ਕਿ ”ਮੈਂ ਨਾਸਤਿਕ ਕਿਉਂ ਹਾਂ?” ਜੇ ਇਹ ਦੱਸ ਦਿੱਤਾ ਤਾਂ ਆਮ ਲੋਕ ਸਿਆਣੇ ਹੋਣਗੇ ਪਰ ਲੋਕਾਂ ਨੂੰ ਲਕੀਰ ਦੇ ਫ਼ਕੀਰ ਬਣਾ ਕੇ, ਬੁੱਧੂ ਬਣੇ ਰਹਿਣ ‘ਚ ਹੀ ਤਾਂ ਉਨ੍ਹਾਂ ਦੀ ਭਲਾਈ ਹੈ। ਤਾਂ ਹੀ ਤਾਂ ਨਿਰੰਤਰ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਸਕਦੈ।ઠ
ਹੁਣ ਗੱਲ ਕਰੀਏ ਭਗਤ ਸਿੰਘ ਦੇ ਰਾਹ ਤੁਰਦੇ ਲੋਕਾਂ ਦਾ ਰਾਹ ਬਦਲਣ ਦੀ। ਭਗਤ ਸਿੰਘ ਦੀ ਵਿਚਾਰਧਾਰਾ ਵੀ ਤਾਂ ਤਰਕਵਾਦੀ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੋਕੇ ਨੂੰ ਅੱਗੇ ਤੋਰਦੀ ਹੈ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਹੈ। ਕਿਰਤ ਕਰਨੀ ਹੈ ਪਰ ਕਿਰਤ ਦੀ ਲੁੱਟ ਨਹੀਂ ਹੋਣ ਦੇਣੀ। ਉਹ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਾ ਕੁਰਬਾਨ ਕਰਨ ਦੇ ਜਜ਼ਬੇ ਵਾਲੀ ਪਿਰਤ ਨੂੰ ਹੀ ਤਾਂ ਅੱਗੇ ਤੋਰਦੀ ਹੈ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ”ਨਾ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ” ਦੇ ਸੁਨੇਹੇ ਨੂੰ ਅੱਗੇ ਤੋਰਦੀ ਹੈ। ਜਦੋਂ ਭਗਤ ਸਿੰਘ ਦੇ ਮਨੁੱਖਤਾ ਲਈ ਲੜਨ, ਕੁਰਬਾਨ ਹੋਣ ਉੱਪਰ ਕੋਈ ਸ਼ੱਕ ਸੰਦੇਹ ਹੀ ਨਹੀਂ ਰਹਿ ਜਾਂਦਾ ਤਾਂ ਉਹ ਨਾਸਤਿਕ ਸੀ ਜਾਂ ਆਸਤਿਕ ਸੀ। ਸਭ ਤੋਂ ਵੱਡੀ ਗੱਲ ਕਿ ਉਹ ਸੱਚਾ ਸੁੱਚਾ ਇਨਸਾਨ ਸੀ। ਜੋ ਦੇਸ਼ ਦੇ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਮਨੁੱਖਾਂ ਦੀ ਬਿਹਤਰ ਜ਼ਿੰਦਗੀ ਲਈ ਆਸਵੰਦ ਸੀ। ਉਹ ਵਿਸ਼ਵ ਭਰ ਦੇ ਕਿਰਤੀ ਹੱਥਾਂ ਦੀ ਕਲਿੰਗੜੀ ਪਈ ਦੇਖਣੀ ਚਾਹੁੰਦਾ ਸੀ। ਪਰ ਕਿਹੜੀ ਵਜ੍ਹਾ ਹੈ ਕਿ ਉਸ ਇਨਸਾਨੀਅਤ ਦੇ ਆਸ਼ਕ ਨੂੰ ਕਦੇ ਨਾਸਤਿਕਤਾ ਵਾਲੀ ਐਨਕ ਥਾਈਂ ਦੇਖਿਆ ਜਾਂਦੈ ਤੇ ਕਦੇ ਆਸਤਿਕਤਾ ਵਾਲੀ ਨਾਲ। ਲੋਕਾਂ ਵਿਚ ਭੰਬਲਭੂਸਾ ਪੈਦਾ ਕੀਤਾ ਜਾ ਰਿਹੈ। ਭਗਤ ਸਿੰਘ ਦੇ ਮਗਰ ਮਗਰ ਵਿਚਾਰਧਾਰਕ ਰਾਹ ਵੱਲ ਜਾਂਦੇ ਅਤੇ ਜਾਣ ਲਈ ਤਿਆਰ ਬੈਠੇ ਲੋਕਾਂ ਦਾ ਮੁਹਾਣ ਠੱਲ੍ਹਣ ਲਈ ਇੱਕ ਬਹੁਤ ਵੱਡਾ ਹੱਲਾ ਹੁਸੈਨੀਵਾਲਾ ਦੀ ਧਰਤੀ ਤੋਂ ਹੀ ਬੋਲਿਆ ਜਾ ਰਿਹੈ, ਜਿੱਥੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਹੈ। ਹੈਰਾਨ ਹੋਵੋਗੇ ਇਹ ਜਾਣ ਕੇ ਕਿ ਹੁਸੈਨੀਵਾਲਾ ਵਿਖੇ ਸ਼ਹੀਦ ਏ ਆਜ਼ਮ ਸ੍ਰ: ਭਗਤ ਸਿੰਘ ਦੇ ਨਾਮ ‘ਤੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਸੜਕ ਕਿਨਾਰੇ ਬੋਰਡ ਲਗਾ ਕੇ ਉਸਾਰੀ ਜਾ ਰਹੀ ਇਮਾਰਤ ਲਈ ”ਸੇਵਾ ਪਾਓ” ਦਾ ਹੋਕਾ ਦਿੱਤਾ ਗਿਆ ਹੈ। ਬੇਸ਼ੱਕ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਨੂੰ ਇੱਕੋ ਵਾਰ ਫਾਸੀ ਦਿੱਤੀ ਸੀ ਪਰ ਹੁਣ ਭਗਤ ਸਿੰਘ ਦੇਸ਼ ਦੇ ”ਆਪਣੇ ਅੰਗਰੇਜ਼ਾਂ” ਹੱਥੋਂ ਪਲ ਪਲ ਫਾਸੀ ਚੜ੍ਹਿਆ ਕਰੇਗਾ, ਇਸ ਸੜਕ ਕਿਨਾਰੇ ਖੜ੍ਹੇ ਬੋਰਡ ਨੂੰ ਜੇ ਫਾਸੀ ਵਾਲਾ ਤਖ਼ਤਾ ਮੰਨ ਲਿਆ ਜਾਵੇ ਤਾਂ। ਉਸਾਰੀ ਲਈ ”ਸੇਵਾ ਪਾਓ” ਦੇ ਹੋਕੇ ਤੋਂ ਲੈ ਕੇ ਗੋਲਕ ‘ਚ ਮੱਥੇ ਟਿਕਵਾਉਣ, ਅਰਦਾਸਾਂ ਹੋਣ, ਮੰਨਤਾਂ ਮੰਗਣ ਤੱਕ ਦਾ ਸਫ਼ਰ ਅਜੇ ਬਾਕੀ ਹੈ। ਭਗਤ ਸਿੰਘ ਦੀ ਸੋਚ ਨਾਲ ਇੱਕ ਧਾਰਮਿਕ ਅਸਥਾਨ ਦੀ ਉਸਾਰੀ ਦੀ ਆੜ ਹੇਠ ਬਲਾਤਕਾਰ ਹੋਵੇਗਾ। ਉਸ ਦਾ ਮੂੰਹ ਚਿੜਾਇਆ ਜਾਵੇਗਾ ਕਿ ”ਕਿਉਂ ਹੁਣ ਖ਼ੁਸ਼ ਐਂ, ਲੋਕਾਂ ਲਈ ਸ਼ਹੀਦ ਹੋ ਕੇ? ਅਸੀਂ ਤਾਂ ਤੈਨੂੰ ਵੀ ਬਾਬਾ ਭਗਤ ਸਿੰਘ ਬਣਾ ਧਰਿਆ ਹੈ। ਓਹ ਬਾਬਾ, ਜਿਸ ਅੱਗੇ ਲੋਕ ਮੱਥੇ ਰਗੜਨਗੇ, ਸੁੱਖਾਂ ਸੁੱਖਣਗੇ, ਖ਼ੂਨ ਪਸੀਨੇ ਦੀ ਕਮਾਈ ਭੇਟਾ ਕਰਨਗੇ ਤੇ ਉਸ ਕਮਾਈ ਦੇ ਸਿਰ ‘ਤੇ ਅਸੀਂ ਗੋਗੜਾਂ ਵਧਾਵਾਂਗੇ।”ઠ
ਨਾਸਤਿਕ ਭਗਤ ਸਿੰਘ ਦੇ ਨਾਮ ‘ਤੇ ਗੁਰਦੁਆਰੇ ਦੀ ਉਸਾਰੀ ਕੀ ਸੰਕੇਤ ਦਿੰਦੀ ਐ? ਇਸ ਬਾਰੇ ਸੋਚਣ ਲਈ ਹਰ ਆਸਤਿਕ ਨਾਸਤਿਕ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿੱਥੇ ਇਸ ਬਾਰੇ ਪਾਖੰਡਵਾਦ ਖ਼ਿਲਾਫ਼ ਜੂਝ ਰਹੀਆਂ ਧਾਰਮਿਕ ਸੰਸਥਾਵਾਂ ਨੂੰ ਬੋਲਣ ਦੀ ਲੋੜ ਹੈ, ਉੱਥੇ ਇਨਸਾਨੀਅਤ ਦੇ ਪੱਖ ‘ਚ ਸੋਚਦੇ ਹਰ ਸ਼ਖ਼ਸ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋਂ ਰੋਕਣ ਲਈ ਅੱਗੇ ਆਈਏ। ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ ।

Welcome to Punjabi Akhbar

Install Punjabi Akhbar
×
Enable Notifications    OK No thanks