ਗੁਰਅਸਥਾਨ : ਗੱਲ ਧਰਮ ਅਤੇ ਸਿਆਸਤ ਦੀ – ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਾਪਾਕੁਰਾ ਵਿਖੇ ਸਾਂਸਦ ਮਾਈਕਲ ਵੁੱਡ ਅਤੇ ਲੋਕਲ ਬੋਰਡ ਦੇ ਭਾਰਤੀ ਉਮੀਦਵਾਰ ਪਹੁੰਚੇ

  • ਫ੍ਰੈਕਲਿਨ ਹਲਕੇ ਤੋਂ ਬਲਜੀਤ ਕੌਰ, ਪਾਪਾਕੁਰਾ ਤੋਂ ਭੁਪਿੰਦਰ ਸਿੰਘ ਪਾਬਲਾ ਤੇ ਬੌਟਨੀ ਹਲਕੇ ਤੋਂ ਸ. ਖੜਗ ਸਿੰਘ ਪਹੁੰਚੇ
NZ PIC 11 Aug-2
(ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਸਾਂਸਦ ਮਾਈਕਲ ਵੁੱਡ ਅਤੇ ਹੋਰ ਕਮਿਊਨਿਟੀ ਮੈਂਬਰ)

ਔਕਲੈਂਡ 11 ਅਗਸਤ – ਹਲਕਾ ਮਾਉਂਟ ਰੌਸਕਿਲ ਤੋਂ ਦਸੰਬਰ 2016 ਦੇ ਵਿਚ ਹੋਈ ਜ਼ਿਮਨੀ ਚੋਣ ‘ਚ ਦੋ ਭਾਰਤੀ ਉਮੀਦਵਾਰਾਂ (ਡਾ. ਪਰਮਜੀਤ ਪਰਮਾਰ ਅਤੇ ਸ੍ਰੀ ਰੌਸ਼ਨ ਨੋਹਰੀਆ) ਨੂੰ ਹਰਾ ਕੇ ਪਾਰਲੀਮੈਂਟ ਪਹੁੰਚੇ ਸਾਂਸਦ ਸ੍ਰੀ ਮਾਈਕਲ ਫਿਲਿਪ ਵੁੱਡ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਲੋਕਲ ਬੋਰਡ ਦੇ ਭਾਰਤੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ। ਅਕਤੂਬਰ ਮਹੀਨੇ ਸਿਟੀ ਕੌਂਸਿਲ ਅਤੇ ਵੱਖ-ਵੱਖ ਹੋਰ ਥਾਵਾਂ ਦੇ ਲੋਕਲ ਬੋਰਡ  ਮੈਂਬਰਾਂ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਵਾਰ ਅੱਧੀ ਦਰਜਨ ਤੋਂ ਵੱਧ ਭਾਰਤੀ ਉਮੀਦਵਾਰ ਵੱਖ-ਵੱਖ ਹਲਕਿਆਂ ਤੋਂ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ। ਅੱਜ ਮਾਈਕਲ ਵੁੱਡ ਦੇ ਨਾਲ ਹਲਕਾ ਫ੍ਰੈਂਕਲਨ ਹਲਕੇ ਤੋਂ ਉਮੀਦਵਾਰ ਬੀਬੀ ਬਲਜੀਤ ਕੌਰ ਪੰਨੂ, ਪਾਪਾਕੁਰਾ ਤੋਂ ਸ. ਭੁਪਿੰਦਰ ਸਿੰਘ ਪਾਬਲਾ, ਬੌਟਨੀ ਤੋਂ ਸ. ਖੜਗ ਸਿੰਘ ਅਤੇ ਸੋਫੀ ਪੈਰਿਸ਼ ਪੀ.ਏ (ਅਨਾਹੀਲਾ ਕਾਨੋਨਗਾਟਾ ਪਾਪਾਕੁਰਾ ਲਿਸਟ ਐਮ.ਪੀ.) ਪਹੁੰਚੇ ਹੋਏ ਸਨ। ਮਾਈਕਲ ਵੁੱਡ ਨੇ ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਕਮਿਊਨਿਟੀ ਮੈਂਬਰਾਂ ਦੇ ਨਾਲ ਸਭਿਆਚਾਰਕ ਕਦਰਾਂ ਕੀਮਤਾਂ, ਨਸਲਵਾਦ ਉਤੇ ਸਰਕਾਰ ਦੀ ਨਿਰਪੱਖ ਨੀਤੀ ਅਤੇ ਇਮੀਗ੍ਰੇਸ਼ਨ ਦੇ ਉਠ ਰਹੇ ਮਾਮਲਿਆਂ ਉਤੇ ਵਿਚਾਰਾਂ ਕੀਤੀਆਂ। ਇਥੇ ਰਹਿ ਰਹੇ ਵੱਖ-ਵੱਖ ਕੌਮਾਂ ਦੇ ਲੋਕਾਂ ਦੇ ਦੇਸ਼ਾਂ ਦੀ ਆਜ਼ਾਦੀ ਦਿਵਸ ਨੂੰ ਇਕ ਸਾਂਝੇ ਰੂਪ ਵਿਚ ਮਨਾਉਣ ਉਤੇ ਵੀ ਵਿਚਾਰ ਹੋਈ।  ਗੁਰਦੁਆਰਾ ਸਾਹਿਬ ਜਿੱਥੇ ਧਰਮ ਦੀ ਗੱਲ ਹੁੰਦੀ ਹੈ ਉਥੇ ਸਿਆਸਤ ਦੀ ਵੀ ਹੁੰਦੀ ਹੈ। ਮਾਈਕਲ ਵੁੱਡ ਨੇ ਗੁਰਦੁਆਰਾ ਸਾਹਿਬ ਦੀਵਾਨ ਦੇ ਵਿਚ ਜਾ ਕੇ ਕੁਝ ਸਮਾਂ ਬਿਤਾਇਆ, ਅਰਦਾਸ  ਸੁਣੀ ਅਤੇ ਬਾਅਦ ਵਿਚ ਸੰਗਤ ਨੂੰ ਸੰਖੇਪ ਰੂਪ ਵਿਚ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਬਲਜੀਤ ਕੌਰ ਪੰਨੂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸ. ਗੁਰਿੰਦਰ ਸਿੰਘ ਸ਼ਾਦੀਪੁਰ ਅਤੇ ਸ. ਵਰਪਾਲ ਸਿੰਘ ਨੇ ਸੰਟੇਜ ਸੰਚਾਲਨ ਕੀਤਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਦੀਵਾਨ ਦੀ ਸਮਾਪਤੀ ਉਪਰੰਤ ਸੰਗਤ ਨੇ ਨਿੱਜੀ ਰੂਪ ਵਿਚ  ਸ੍ਰੀ ਮਾਈਕਲ ਵੁੱਡ ਦੇ ਧਿਆਨ ਵਿਚ ਕੁਝ ਮਾਮਲੇ ਲਿਆਂਦੇ।

Install Punjabi Akhbar App

Install
×