ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਜੇਲ੍ਹ ਚਿੱਠੀਆਂ ਦੀ ਅਰੰਭਤਾ ਦਾ ਸ਼ਤਾਬਦੀ ਸਮਾਗਮ

(ਸਰੀ) – ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋਂ ਲਿਖੀਆਂ ਜੇਲ੍ਹ ਚਿੱਠੀਆਂ ਦੀ ਅਰੰਭਤਾ ਦੀ ਸ਼ਤਾਬਦੀ ਦੇ ਸੰਬੰਧ ਵਿਚ ਦੀਵਾਨ ਸਜਾਏ ਗਏ। ਸਿੱਖ ਸੋਚ, ਸਿੱਖ ਵਿਰਸਾ ਤੇ ਵਿਰਾਸਤ ਉੱਤੇ ਲਗਾਤਾਰ ਪਹਿਰਾ ਦੇ ਰਹੇ ਸਿੱਖ ਜਗਤ ਵਿਚ ਜਾਣੇ ਪਹਿਚਾਣੇ ਤੇ ਸਤਿਕਾਰਯੋਗ ਵਿਦਵਾਨ ਜੈਤੇਗ ਸਿੰਘ ਅਨੰਤ ਮੁੱਖ ਬੁਲਾਰੇ ਵਜੋਂ ਹਾਜਰ ਹੋਏ ਅਤੇ ਉਨ੍ਹਾਂ ਦੇ ਚਿੱਠੀਆਂ ਦੇ ਅਰੰਭ ਦੀ ਸ਼ਤਾਬਦੀ ਦੇ ਸੰਬੰਧ ਵਿਚ ਇਤਹਾਸਕ ਤੱਥਾਂ ਨਾਲ ਖੋਜ ਭਰਪੂਰ ਵਿਚਾਰ ਦੀਵਾਨ ਹਾਲ ਵਿਚ ਹਾਜ਼ਰ ਸੰਗਤਾਂ ਨਾਲ ਸਾਂਝੇ ਕੀਤੇ।

ਜੈਤੇਗ ਸਿੰਘ ਅਨੰਤ ਨੇ ਦੱਸਿਆ ਕਿ ਪੰਥ ਨੂੰ ਸਮਰਪਿਤ ਸਿੱਖ ਕੌਮ ਦੀ ਬੇਨਿਆਜ਼ ਹਸਤੀ ਭਾਈ ਸਾਹਿਬ ਭਾਈ ਰਣਧੀਰ ਸਿੰਘ 7 ਜੁਲਾਈ 1878 ਨੂੰ ਪਿਤਾ ਸ. ਨੱਥਾ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਗ੍ਰਹਿ ਵਿਚ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਚ ਪੈਦਾ ਹੋਏ। ਉਹ ਸਿੱਖੀ ਵਿਰਾਸਤ ਵਿਚ ਮਿਲੀ ਬਾਣੀ ਤੇ ਬਾਣੇ, ਗੁਰੂ ਗ੍ਰੰਥ ਤੇ ਗੁਰੂ ਪੰਥ ਅਤੇ ਨਾਮ ਅਭਿਆਸੀ ਕੀਰਤਨ ਤੇ ਚਿੰਤਨ ਵਾਲੇ ਗੁਰਸਿੱਖ ਸਨ। ਬਰਤਾਨਵੀ ਸਰਕਾਰ ਵਿਰੁੱਧ 1915 ਵਿਚ ਗ਼ਦਰ ਦਾ ਜਦੋਂ ਬਿਗਲ ਵੱਜਿਆ ਤਾਂ ਭਾਈ ਸਾਹਿਬ ਮਾਲਵਾ ਖਾਲਸਾ ਸਕੂਲ ਭੁਝੰਗੀ ਸਭਾ ਸਮੇਤ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਹੋ ਗਏ। ਫਿਰੋਜ਼ਪੁਰ ਦਾ ਐਕਸ਼ਨ ਪਲੈਨ ਅਸਫਲ ਹੋਣ ਕਰਕੇ ਦੇਸ਼ ਭਰ ਵਿਚ ਫੜੋ ਫੜੀ ਦਾ ਦੌਰ ਸ਼ੁਰੂ ਹੋਇਆ ਤਾਂ ਭਾਈ ਸਾਹਿਬ ਰਣਧੀਰ ਸਿੰਘ ਨੂੰ 9 ਮਈ 1915 ਨੂੰ ਨਾਭੇ ਤੋਂ ਗ੍ਰਿਫਤਾਰ ਕਰ ਲਿਆ ਗਿਆ। 30 ਮਾਰਚ 1916 ਨੂੰ ਲਾਹੌਰ ਜੇਲ੍ਹ ਅੰਦਰ ਲਾਹੌਰ ਸਾਜ਼ਿਸ਼  ਕੇਸ ਮੜ੍ਹ ਕੇ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਤੇ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ। ਗਿਆਨੀ ਨਾਹਰ ਸਿੰਘ ਨੂੰ ਪੰਜ ਸਾਲ ਦੀ ਸਖਤ ਸਜ਼ਾ ਸੁਣਾਈ ਗਈ ਤੇ ਸਜ਼ਾ ਕੱਟ ਕੇ ਮਿੰਟਗੁਮਰੀ ਜੇਲ੍ਹ ਵਿਚੋਂ ਰਿਹਾ ਹੋ ਕੇ ਆਪਣੇ ਪਿੰਡ ਗੁਜਰਵਾਲ ਆ ਗਏ। ਆਂਧਰਾ ਪ੍ਰਦੇਸ਼ ਦੀ ਰਾਜ ਮੁੰਦਰੀ ਜੇਲ੍ਹ ਵਿਚੋਂ ਭਾਈ ਸਾਹਿਬ ਰਣਧੀਰ ਸਿੰਘ ਨੇ ਪਹਿਲੀ ਚਿੱਠੀ 19 ਮਾਚਰ 1922 ਨੂੰ ਲਿਖੀ। ਇਸ ਤਰ੍ਹਾਂ ਅੱਜ ਤੋਂ ਇੱਕ ਸੌ ਵਰ੍ਹਾ ਪਹਿਲਾਂ ਜੇਲ੍ਹ ਚਿੱਠੀਆਂ ਰਾਹੀਂ ਰਾਬਤਾ ਸ਼ੁਰੂ ਹੋਇਆ ਅਤੇ 1925 ਤੱਕ ਪਹੁੰਚਿਆ। ਗਿਆਨੀ ਨਾਹਰ ਸਿੰਘ ਨੇ ਬੜੀ ਹੀ ਸਾਵਧਾਨੀ ਨਾਲ ਵਰ੍ਹਿਆਂ ਬੱਧੀ ਇਹਨਾਂ ਜੇਲ੍ਹ ਚਿੱਠੀਆਂ ਨੂੰ ਹਾਕਮਾਂ ਤੇ ਸੂਹਿਆਂ ਤੋਂ ਛੁਪਾ ਕੇ ਸੰਭਾਲ ਕੇ ਰੱਖਿਆ। ਸੰਨ 1936 ਵਿਚ ਪਹਿਲਾ, ਫਿਰ ਦੂਜਾ, ਫਿਰ ਤੀਜਾ ਹਿੱਸਾ 1938 ਵਿਚ ਤਿੰਨ ਕਿਸ਼ਤਾਂ ਵਿਚ ਛਾਪੇ ਅਤੇ 1956 ਵਿਚ ਤਿੰਨੋਂ ਹਿੱਸੇ ਇਕੱਠੇ ਕਰਕੇ ਪ੍ਰਕਾਸ਼ਤ ਕੀਤੇ। “ਜੇਲ੍ਹ ਚਿਠੀਆਂ” ਭਾਈ ਸਾਹਿਬ ਰਣਧੀਰ ਸਿੰਘ ਦਾ ਅਦੁੱਤੀ ਸ਼ਾਹਕਾਰ ਹੈ ਜਿਸ ਨੂੰ ਪੜ੍ਹ ਕੇ ਪਾਠਕਾਂ ਨੂੰ ਨਵੀਂ ਜਗਿਆਸਾ ਦੀ ਪ੍ਰੇਰਨਾ ਮਿਲਦੀ ਹੈ ਤੇ ਮਾਰਗ ਦਰਸ਼ਨ ਹੁੰਦਾ ਹੈ।

ਇਸ ਮੌਕੇ ਬੋਲਦਿਆਂ ਗੁਰਦੁਆਰਾ ਬਰੁੱਕ ਸਾਈਡ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਜੇਲ੍ਹ ਚਿੱਠੀਆਂ ਦੀ ਆਰੰਭਤਾ ਦੀ ਸ਼ਤਬਦੀ ਤੇ ਅੱਜ ਅਸੀਂ ਭਾਈ ਸਾਹਿਬ ਰਣਧੀਰ ਸਿੰਘ ਤੇ ਗਿਆਨੀ ਨਾਹਰ ਸਿੰਘ ਦੀ ਸਖਸ਼ੀਅਤ ਨੂੰ ਨਤਮਸਤਕ ਹੁੰਦੇ ਹਾਂ। ਗੁਰਦੁਆਰਾ ਸਾਹਿਬ ਬਰੁਕਸਾਈਡ ਦੀ ਸੰਗਤ ਅਤੇ ਕਮੇਟੀ “ਵਿਰਸਾ ਅਤੇ ਵਿਰਾਸਤ” ਨੂੰ ਉਜਾਗਰ ਕਰਨ ਤੇ ਰੱਖਣ ਵਿਚ ਮਾਣ ਮਹਿਸੂਸ ਕਰਦੀ ਹੈ। ਅੱਜ ਇਸ ਨਾਮ ਅਭਿਆਸੀ ਅਤੇ ਚਿੰਤਕ ਦਾ ਦਿਨ ਗੁਰਦੁਆਰਾ ਸਾਹਿਬ ਵਿਚ ਮਨਾਉਣ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੂੰ ਦਾ ਮੌਕਾ ਮਿਲਿਆ ਹੈ ਤੇ ਪ੍ਰਬੰਧਕ ਕਮੇਟੀ ਆਸਵੰਦ ਹੈ ਕਿ ਸਿੱਖ ਕੌਮ ਦੇ ਹੋਰ ਵੀ ਪਤਵੰਤਿਆਂ, ਹੀਰਿਆਂ ਤੇ ਯੋਧਿਆਂ ਨੂੰ ਯਾਦ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।

ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਧਰਮ ਸਿੰਘ ਪਨੇਸਰ, ਸਕੱਤਰ ਚਰਨਜੀਤ ਸਿੰਘ, ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਅਤੇ ਹੋਰ ਅਹੁਦੇਦਾਰਾਂ ਨੇ ਜੈਤੇਗ ਸਿੰਘ ਅਨੰਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×