ਪੰਜਾਬ ਵਿੱਚ ਹੋਏ ਦਹਿਸਤਗਰਦੀ ਹਮਲੇ ਦੇ ਮੱਦੇਨਜਰ ਸਿਆਸਤਦਾਨਾਂ ਨੂੰ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ ਕਰਨ ਅਤੇ ਬੰਦੀ ਸਿੰਘਾਂ ਦੇ ਸੰਘਰਸ਼ ਨਾਲ ਜੁੜੇ ਸੰਘਰਸ਼ੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ

Gurdaspur-attack-e1437967696295ਪੰਜਾਬ ਦੇ ਸਰਹੱਦੀ ਇਲਾਕੇ ਦੇ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਕਸਬਾ ਦੀਨਾ ਨਗਰ ਵਿੱਚ ਹੋਇਆ ਅੱਤਵਾਦੀ ਹਮਲਾ ਸੱਚਮੁੱਚ ਹੀ ਦਿਲ ਦਹਿਲਾ ਦੇਣ ਵਾਲਾ ਅਤੇ 22 ,23 ਸਾਲ ਵਾਅਦ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਰੰਗਣ ਦਾ ਇਹ ਬਹੁਤ ਹੀ ਭਿਆਨਕ ਕਾਰਾ ਹੈ ਜਿਸ ਦੇ ਪਿੱਛੇ ਛੁਪੇ ਮਨਸੂਬਿਆਂ ਨੂੰ ਰਾਜਨੀਤਕ ਲੋਕ ਆਪਣੇ ਆਪਣੇ ਨਜਰੀਏ ਤੋਂ ਆਪਣੀ ਆਪਣੀ ਸਿਆਸੀ ਸੋਚ ਮੁਤਾਬਿਕ ਸਹੀ ਸਿੱਧ ਕਰਨ ਦੀ ਹੋਰ ਵੀ ਖਤਰਨਾਕ ਖੇਡ ਖੇਡ ਰਹੇ ਹਨ। ਕਾਂਗਰਸ ਪਰਟੀ ਦੇ ਪੰਜਾਬ ਪ੍ਰਧਾਨ ਸ੍ਰ ਪ੍ਰਤਾਪ ਸਿੰਘ ਬਾਜਵਾ ਨੇ ਬਿਨਾਂ ਕੁੱਝ ਦੇਖੇ,ਬਿਨਾ ਕੁੱਝ ਸੋਚੇ ਸਮਝੇ ਝੱਟ ਇਹ ਬਿਆਨ ਦੇ ਦਿੱਤਾ ਕਿ ਇਹ ਜੰਮੂ ਕਸ਼ਮੀਰ ਅਤੇ ਖਾਲਿਸਤਾਨੀਆਂ ਦਾ ਸਾਝਾ ਹਮਲਾ ਵੀ ਹੋ ਸਕਦਾ ਹੈ। ਉਹਨਾਂ ਨੇ ਬਿਆਨ ਦੇਣ ਤੋਂ ਪਹਿਲਾਂ ਇਹ ਘੋਖ ਪੜਤਾਲ ਵੀ ਨਹੀ ਕੀਤੀ ਕਿ ਇੱਕ ਤਾਂ ਭਾਰਤ ਸਰਕਾਰ ਯਕੂਬ ਮੈਨਨ ਨੂੰ ਫਾਂਸ਼ੀ ਤੇ ਲਟਕਾਉਣ ਦਾ ਐਲਾਨ ਕਰ ਚੁੱਕੀ ਹੈ ਜਦੋਂ ਕਿ ਦੇਸ ਦੇ ਚੋਟੀ ਦੇ ਕਨੰੂਨਦਾਨ ਰਾਜਨੀਤਕ, ਅਤੇ ਵੱਖ ਵੱਖ ਖੇਤਰਾਂ ਚ ਕੰਮ ਕਰਨ ਵਾਲੇ ਨਾਮਵਰ ਹਸਤਾਖਰਾਂ ਸਮੇਤ ਦੇਸ ਦੇ ਸਮੂਹ ਇਨਸਾਫ ਪਸੰਦ ਲੋਕਾਂ ਨੇ ਉਹਨੂੰ ਫਾਸੀ ਦਿੱਤੇ ਜਾਣ ਦਾ ਵਿਰੋਧ ਜਤਾਇਆ ਹੈ,ਦੂਜਾ ਉਸੇ ਦਿਨ ਭਾਰਤੀ ਸੈਨਾ ਕਾਰਗਿਲ ਦੇ ਸਹੀਦਾਂ ਨੂੰ ਯਾਦ ਕਰਦੀ ਵਿਜੈ ਦਿਵਸ ਮਨਾ ਰਹੀ ਸੀ ਜਿਸ ਦੇ ਪ੍ਰਤੀਕਰਮ ਵਜੋਂ ਵੀ ਇਹ ਹਮਲੇ ਨੂੰ ਦੇਖਿਆ ਜਾ ਰਿਹਾ ਹੈ ਪਰੰਤੂ ਕਾਂਗਰਸ ਪ੍ਰਧਾਨ ਤਾਂ ਜਿਵੇਂ ਅਜਿਹੇ ਹਮਲੇ ਦੀ ਉਡੀਕ ਵਿੱਚ ਹੀ ਬੈਠਾ ਹੋਵੇ ਝੱਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਪਿਛਲੇ ਦਿਨੀ ਬੰਦੀ ਸਿੱਖਾਂ ਸਬੰਧੀ ਬਿਆਨ ਦੇ ਉਲਟ ਇਹ ਬਿਆਨ ਦਾਗ ਦਿੱਤਾ। ਅਜਿਹਾ ਬਿਆਨ ਦੇ ਕੇ ਉਹਨੇ ਪੰਜਾਬ ਦੀ ਨਵੀਂ ਪੀਹੜੀ ਭਾਵ ਸਿੱਖ ਨੌਜਵਾਨਾਂ ਦੀ ਦੁਵਾਰਾ ਨਸਲਕੁਸ਼ੀ ਕਰਨ ਦਾ ਰਾਸਤਾ ਬਨਾਉਣ ਦੀ ਘਿਨਾਉਣੀ ਇੱਛਾ ਪ੍ਰਗਟ ਕਰਕੇ ਆਪਣੇ ਕੇਂਦਰੀ ਆਕਾਵਾਂ ਨੂੰ ਇਹ ਦਰਸਾਉਣ ਦੀ ਕੋਸਿਸ ਕੀਤੀ ਹੈ ਕਿ ਜੇ ਕਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਬੇਅੰਤ, ਦਰਵਾਰਿਆਂ ਦੀ ਕਤਾਰ ਵਿੱਚ ਖੜਨ ਵਾਲਾ ਤੁਹਾਡਾ ਸੱਚਾ ਸੇਵਕ ਸਿੱਧ ਹੋ ਸਕਦਾ ਹਾਂ। ਰਹੀ ਗੱਲ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਣ ਵਾਲੇ ਬਿਆਨ ਦੀ,ਇਹ ਕੁੱਝ ਹੱਦ ਤੱਕ ਸਹੀ ਵੀ ਹੈ ਕਿਉਂ ਕਿ ਕੇਂਦਰੀ ਖੁਫੀਆ ਅਜੰਸੀਆਂ ਦੀ ਪੰਜਾਬ ਸਰਕਾਰ ਨੂੰ ਪਹਿਲਾਂ ਦਿੱਤੀ ਚਿਤਾਵਨੀ ਕਿੱਥੋਂ ਤੱਕ ਜਾਇਜ ਸਮਝੀ ਜਾ ਸਕਦੀ ਹੈ ਜਦੋਂ ਕਿ ਸਰਹੱਦ ਤੇ ਸੁਰਖਿਆ ਦੀ ਜੁੰਮੇਵਾਰੀ ਕੇਂਦਰ ਸਰਕਾਰ ਦੀ ਹੀ ਹੈ। ਇਸ ਪਿੱਛੇ ਵੀ ਕੇਂਦਰ ਦੀ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਦੀ ਸਾਜਿਸ਼ ਜਾਪਦੀ ਹੈ।ਇਹ ਕਿਸੇ ਤੇ ਬਿਨਾ ਸੋਚੇ ਸਮਝੇ ਊਝਾਂ ਲਾਉਂਣ ਵਾਲੀ ਗੱਲ ਨਹੀ ਬਲਕਿ ਇਸ ਮੰਦਭਾਗੀ ਘਟਨਾਂ ਦੀ ਗਹਿਰਾਈ ਤੱਕ ਜਾਣ ਦੀ ਜਰੂਰਤ ਹੈ। ਸਰਹੱਦ ਪਾਰ ਤੋਂ ਆਏ ਇਹ ਦਹਿਸਤਗਰਦਾਂ ਦੀ ਖੁਫੀਆ ਤੰਤਰ ਨੂੰ ਜਾਨਕਾਰੀ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਦਾਖਲ ਹੋਣ ਦੇਣ ਪਿੱਛੇ ਇੱਕ ਤਰਾਂ ਨਾਲ ਸਿੱਖਾਂ ਨੂੰ ਕਈ ਪਾਸਿਆਂ ਤੋਂ ਚਿੱਤ ਕਰਨ ਦਾ ਮਨਸੂਬਾ ਵੀ ਸਮਝ ਚ ਪੈਂਦਾ ਹੈ।ਪੰਜਾਬ ਵਿੱਚ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕੀ ਸੰਘਰਸ਼ ਦੇ ਦਵਾਅ ਕਾਰਨ ਬੰਦੀ ਸਿੱਖਾਂ ਦੀ ਪੰਜਾਬ ਤੋਂ ਬਾਹਰਲੀਆਂ ਜੇਲਾਂ ਵਿੱਚੋਂ ਬਦਲੀ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਗੜਬੜ ਤੋਂ ਵਾਅਦ ਚੌਕਸੀ ਦੇ ਨਾਂਮ ਥੱਲੇ ਚੱਲੀ ਜਾ ਰਹੀ  ਦਮਨਕਾਰੀ ਨੀਤੀ ਜਿਸ ਨੂੰ ਬਾਜਵੇ ਵਰਗੇ ਕਾਂਗਰਸੀਆਂ ਦੇ ਬਿਆਨ  ਹੋਰ ਹਵਾ ਦਿੰਦੇ ਹਨ, ਸਿੱਖ ਨੌਜਵਾਨਾਂ ਨੂੰ ਸਖਤੀ ਨਾਲ ਸੰਘਰਸ਼ ਤੋਂ ਦੂਰ ਕਰਨ ਦੀ ਸਾਜਿਸ਼ ਵੀ ਹੋ ਸਕਦੀ ਹੈ। ਅਗਲੀ ਗੱਲ ਦੀਨਾ ਨਗਰ ਵਿੱਚ ਹੋਏ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੀ ਮੁੱਖ ਭੂਮਿਕਾ ਰਹੀ ਹੈ ਤੇ ਦਰਸਾਈ ਵੀ ਜਾ ਰਹੀ ਹੈ ਇਹ ਵੀ ਸਿੱਖ ਵਿਰੋਧੀ ਸਾਜਿਸ ਤੋਂ ਘੱਟ ਨਹੀ ਜਾਪਦੀ ਕਿਉਂ ਕਿ ਦਹਿਸਤਗਰਦਾਂ ਨਾਲ ਹੋਏ ਮੁਕਾਬਲੇ ਦੌਰਾਨ ਜੋ ਮੁਲਾਜਮ ਆਪਣੇ ਇੱਕ ਪੁਲਿਸ ਸੁਪਰਡੈਂਟ ਸਮੇਤ ਲੜਦੇ ਆਪਣੀਆਂ ਜਾਨਾਂ ਗਵਾ ਗਏ ਉਹ ਵੀ ਪੰਜਾਬੀ ਖਾਸ ਕਰਕੇ ਸਿੱਖ ਨੌਜਵਾਨ ਹੀ ਸਨ ।ਜੇ ਕਰ ਦੇਸ ਦੀਆਂ ਸੁਰਖਿਆ ਫੋਰਸਾਂ ਇਹਨਾਂ ਦਹਿਸਤਗਰਦਾਂ ਨੂੰ ਸਰਹੱਦ ਤੇ ਹੀ ਦਬੋਚ ਲੈਂਦੀਆਂ ਤਾਂ ਫਿਰ ਨਾਂ ਤਾਂ ਸਾਡੇ ਪੰਜਾਬ ਪੁਲਿਸ ਦੇ ਸਿੱਖ ਨੌਜਵਾਨ ਮਰਦੇ ਅਤੇ ਨਾ ਹੀ ਕੇਂਦਰੀ ਅਜੰਸੀਆਂ ਨੂੰ ਮੁਸਲਮਾਨ ਦਹਿਸਤਗਰਦਾਂ ਨਾਲ ਪੰਜਾਬ ਪੁਲਿਸ ਦੇ ਸਿੱਖ ਨੌਜਵਾਨਾਂ ਦੀ ਹੋਈ ਇਹ ਖੂੰਨੀ ਮੁੱਠਭੇੜ ਪ੍ਰਚਾਰਨ ਦਾ ਮੌਕਾ ਮਿਲਨਾ ਸੀ ਜਿਹੜਾ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਨਫਰਤ ਫੈਲਾਉਂਣ ਲਈ ਪ੍ਰਦਾਨ ਕੀਤਾ ਗਿਆ। ਜੇ ਕਰ ਸ੍ਰ ਬਾਦਲ ਦੀ ਨੀਅਤ ਅਤੇ ਨੀਤੀ ਨੂੰ ਦੇਖਿਆ ਜਾਵੇ ਤਾਂ ਆਉਂਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਆਮ ਜਨਤਾ ਵਿੱਚ ਪਾਈ ਜਾ ਰਹੀ ਭਾਰੀ ਨਫਰਤ ਅਤੇ ਬਣ ਰਹੇ ਵਿਰੋਧੀ ਰੁਝਾਂਨ ਦੇ ਮੱਦੇਨਜਰ ਇਹ ਹਮਲਾ ਸ੍ਰ ਬਾਦਲ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਕਿਉਂ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਗਪੁਰ ਦਾ ਗੁਲਾਮ ਹੋਣ ਦੇ ਬਾਵਜੂਦ ਵੀ ਇਹ  ਕਦੇ ਨਹੀ ਚਾਹੇਗਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰੋਮਣੀ ਅਕਾਲੀ ਦਲ ਨੂੰ ਨਜਰ ਅੰਦਾਜ਼ ਕਰਕੇ ਆਪਣੇ ਬਲਵੂਤੇ ਤੇ ਇਕੱਲੀ ਚੋਣ ਲੜਨ ਦੇ ਸਮਰੱਥ ਹੋ ਸਕੇ, ਇਸ ਲਈ ਇਹ ਹਮਲਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਸ੍ਰ ਬਾਦਲ ਵੱਲੋਂ ਚਿਤਾਵਨੀ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ। ਜਿੱਥੋਂ ਤੱਕ ਪੰਜਾਬ ਵਿੱਚ ਅਮਨ ਸਾਂਤੀ ਦਾ ਸਆਲ ਹੈ ਉਹਦੇ ਲਈ ਪੰਜਾਬ ਦੇ ਲੋਕ ਸਰਕਾਰ ਤੋਂ ਕਿਤੇ ਜਿਆਦਾ ਸੱਚੇ ਦਿਲੋਂ ਫਿਕਰਮੰਦ ਹਨ।ਕੋਈ ਮਾਂ ਬਾਪ ਨਹੀ ਚਾਹੇਗਾ ਕਿ ਉਹਨਾਂ ਦੇ ਵਾਰਸ ਸਰਕਾਰ ਦੀ ਖੋਟੀ ਨਜਰੇ ਚੜਕੇ ਆਪਣੀ ਕੁਲ ਦੇ ਖਾਤਮੇ ਦੇ ਉਹ ਆਪ ਜੁੰਮੇਵਾਰ ਬਣਨ ਕਿਉਂ ਕਿ ਜੂਨ 84 ਦੀ ਨਸਲਕੁਸ਼ੀ ਨਾਲ ਮਿਲੇ ਜਖਮ ਹਾਲੇ ਵੀ ਅੱਲੇ ਹਨ ਜਦੋਂ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਸ਼੍ਰੀ ਅਕਾਲ ਤਖਤ ਸਹਿਬ ਸਮੇਤ ਪੰਜਾਬ ਦੇ 40 ਤੋ ਵੱਧ ਇਤਿਹਾਸਿਕ ਗੁਰਦੁਆਰਿਆਂ ਤੇ ਹਮਲੇ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਬੇ ਦੋਸਿਆਂ ਦਾ ਖੂੰਨ ਵਹਾਇਆ ਗਿਆ  ਸੀ। ਉਸ ਤੋਂ ਵਾਅਦ ਚੱਲੀ ਖਾੜਕੂਵਾਦ ਦੀ ਗਰਮ ਹਨੇਰੀ ਨੂੰ ਠੱਲਣ ਦੇ ਨਾਮ ਤੇ ਜੋ ਸਿੱਖ ਜੁਆਨੀ ਦਾ ਘਾਣ ਕੀਤਾ ਗਿਆ ਉਸ ਜੁਲਮੀ ਵਰਤਾਰੇ ਨੂੰ ਵੀ ਸਿੱਖ ਕੌਂਮ ਸਦੀਆਂ ਤੱਕ ਵੀ ਨਹੀ ਭੁੱਲ ਸਕੇਗੀ ਜਦੋਂ ਘਰਾਂ ਦੇ ਘਰ ਜਾਲਮ ਹਾਕਮਾਂ ਦੇ ਵਹਿਸੀ ਵਰਤਾਰੇ ਦਾ ਸ਼ਿਕਾਰ ਹੋ ਕੇ ਹਮੇਸਾਂ ਲਈ ਮਨੁਖਾਂ ਤੋਂ ਸੱਖਣੇ ਹੋ ਗਏ।ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ ਇਸੇ ਦੌਰ ਦੌਰਾਨ ਫੜਕੇ ਜੇਲਾਂ ਵਿੱਚ ਬੰਦ ਕੀਤੇ ਗਏ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਪੂਰੀ ਤਰਾਂ ਸਾਂਤਮਈ ਹੈ, ਜਿਸਨੇ ਨਾਹਰਾ ਹੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਦਿੱਤਾ ਹੈ। ਇਹ ਸੰਘਰਸ਼ ਜਿੱਥੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਸੁਰੂ ਕੀਤਾ ਗਿਆ ਹੈ ਉਥੇ ਇਹ ਸਰਬਤ ਦੇ ਭਲੇ ਦੇ ਸਿੱਖ ਸਿਧਾਂਤ ਨੂੰ ਸਮੱਰਪਿਤ ਹੋਣ ਕਰਕੇ ਉਹਨਾਂ ਸਾਰੇ ਬੰਦੀਆਂ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਉਹਨਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਜਿਹੜੇ ਇਸ ਗੰਧਲੇ ਰਾਜ ਪ੍ਰਬੰਧ ਦੀ ਦੋਗਲੀ ਕਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋ ਕੇ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲਾਂ ਵਿੱਚ ਸੜ ਰਹੇ ਹਨ।ਬਾਪੂ ਸੂਰਤ ਸਿੰਘ ਦੇ ਇਸ ਹੱਕੀ ਸੰਘਰਸ਼ ਨੂੰ ਫੇਲ ਕਰਨ ਲਈ ਖੁਫੀਆ ਅਜੰਸੀਆਂ ਕੋਈ ਵੀ ਚਾਲ ਖੇਡ ਸਕਦੀਆਂ ਹਨ। ਸੋ ਪੰਜਾਬ ਵਿੱਚ ਹੋਏ ਇਸ ਨਿੰਦਣਯੋਗ ਅਤੇ ਭਿਆਨਕ ਹਮਲੇ ਦੇ ਮੱਦੇਨਜਰ ਜਿੱਥੇ ਸਿਆਸਤਦਾਨਾਂ ਨੂੰ ਸਿਆਸੀ ਰੋਟੀਆਂ ਸ਼ੇਕਣ ਤੋਂ ਗੁਰੇਜ ਕਰਨਾ ਚਾਹੀਂਦਾ ਹੈ ਉਥੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨਾਲ ਜੁੜੇ ਸਿੱਖਾਂ ਸਮੇਤ ਸਮੂਹ ਇਨਸਾਫ ਚਾਹੁੰਦੇ ਲੋਕਾਂ ਨੂੰ ਵੀ ਸੰਘਰਸ਼ ਨੂੰ ਫੇਲ ਕਰਨ ਲਈ ਮਹੌਲ ਖਰਾਬ ਕਰਨ ਵਾਲੇ ਅਜੰਸੀਆਂ ਦੀ ਸਹਿ ਪਰਾਪਤ ਸਰਾਰਤੀ ਅਨਸਰਾਂ ਤੋਂ ਸੁਚੇਤ ਹੋ ਕੇ ਦੂਰੀ ਬਣਾਈ ਰੱਖਣ ਦੀ ਲੋੜ ਹੈ ਤਾਂ ਕਿ ਕੋਈ ਵੀ ਫਿਰਕੂ ਸੋਚ ਵਾਲੀ ਗੜਬੜ ਸੰਘਰਸ਼ੀ ਲੋਕਾਂ ਸਿਰ ਨਾ ਮੜ੍ਹੀ ਜਾ ਸਕੇ।

                  ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×