ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ “ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ”

ਨਿਊਯਾਰਕ, 13 ਨਵੰਬਰ (ਰਾਜ ਗੋਗਨਾ): ਅਮਰੀਕਾ ਦੇ ਪ੍ਰਸਿੱਧ ਵਕੀਲ  ਸ: ਜਸਪ੍ਰੀਤ ਸਿੰਘ ਵਲੋਂ ਬੀਤੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਦੀ ਮਹਿਮਾ’ ਨੂੰ ਵੱਡੇ ਪੱਧਰ ‘ਤੇ ਰੀਲੀਜ਼ ਕੀਤਾ ਗਿਆ। ਇਸ ਗੀਤ ਨੂੰ ਪ੍ਰਸਿੱਧ ਮਿਊਜ਼ਿਕ ਕੰਪਨੀ ਬੈਸਟ ਬੀਟ ਮਿਊਜ਼ਿਕ ਵਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰੀਲੀਜ਼ ਕੀਤਾ ਗਿਆ ਹੈ ਜੋ ਜਲਦੀ ਹੀ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣੇਗਾ। ਇਸ ਸਬੰਧੀ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਜੱਗਾ ਕੈਂਥ, ਦਵਿੰਦਰ ਕੈਂਥ ਅਤੇ ਮਲਕੀਅਤ ਸੰਧੂ ਯੂ.ਐਸ.ਏ. ਵਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਸ  ਗੀਤ ਦੀ ਵੀਡੀਉ ਯੂ.ਐਸ.ਏ. ਅਤੇ ਪੰਜਾਬ ਵਿੱਚ ਬਹੁਤ ਹੀ ਮਨਮੋਹਕ ਲੋਕੇਸ਼ਨਾਂ ‘ਤੇ ਬਣਾਈ ਗਈ ਹੈ, ਜਿਸਨੂੰ ਸ: ਗੁਰਪ੍ਰੀਤ ਸਿੰਘ, ਪਵਨਦੀਪ ਤੇ ਸੁਖਦੀਪ ਸਿੰਘ ਸੈਣੀ ਯੂ.ਐਸ.ਏ ਦੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਹੈ। ਇਸ ਗੀਤ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਖੁਦ ਸ: ਜਸਪ੍ਰੀਤ ਸਿੰਘ ਅਟਾਰਨੀ ਹੀ ਹਨ। ਇਸ ਗੀਤ ਦੇ ਰੀਲੀਜ਼ ਹੋਣ ਉਪਰੰਤ ਯੂਟਿਊਬ ਤੇ ਹੋਰ ਸ਼ੋਸਲ ਮੀਡੀਆ ‘ਤੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੰਗਤਾਂ ਵਲੋਂ ਇਸ ਗੀਤ ਨੂੰ ਮੈਸੇਜ਼ ਰਾਹੀਂ ਸ਼ੇਅਰ ਕੀਤਾ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਸ: ਜਸਪ੍ਰੀਤ ਸਿੰਘ ਅਟਾਰਨੀ ਵੱਲੋ ਗਾਏ ਧਾਰਮਿਕ ਗੀਤ ‘ਪੱਤ ਰੱਖਿਓ ਮੇਰੀ’ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਜਿਸਨੂੰ 10 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਯੂਟਿਊਬ ‘ਤੇ ਵੇਖਿਆ ਸੀ। ਸ: ਜਸਪ੍ਰੀਤ ਸਿੰਘ ਅਟਾਰਨੀ ਆਪਣੇ ਧਾਰਮਿਕ ਗੀਤਾਂ ਵਿੱਚ ਗੁਰੂਆਂ ਦੀ ਮਹਿਮਾਂ ਗਾ ਕੇ ਜਿੱਥੇ ਨਵੀਂ ਪੀੜ੍ਹੀ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਉਹ ਆਪਣੀ ਵੀਡੀਉ ਵਿੱਚ ਬਹੁਤ ਹੀ ਵੱਡਾ ਮੈਸੇਜ ਦੇ ਕੇ ਜਾਂਦੇ ਹਨ, ਜਿਸ ਨੂੰ ਸੰਗਤਾਂ ਵਲੋਂ ਸਲਾਹਿਆ ਜਾ ਰਿਹਾ ਹੈ।