ਟਾਊਨਸ਼ਿਪ ਆਫ ਲੈਂਗਲੀ ਅਤੇ ਸਿਟੀ ਆਫ ਲੈਂਗਲੀ ਵੱਲੋਂ ਗੁਰੂ ਨਾਨਕ ਫੂਡ ਬੈਂਕ ਦੇ ਕਾਰਜਾਂ ਦਾ ਸਨਮਾਨ

ਭਾਈਚਾਰੇ ਦੀ ਉੱਘੀ ਸ਼ਖ਼ਸੀਅਤ ਜੇ. ਮਿਨਹਾਸ ਨੇ ਹਾਸਲ ਕੀਤਾ ਇਹ ਸਨਮਾਨ

ਸਰੀ -ਬੀਤੇ ਦਿਨੀਂ ਟਾਊਨਸ਼ਿਪ ਆਫ ਲੈਂਗਲੀ ਅਤੇ ਸਿਟੀ ਆਫ ਲੈਂਗਲੀ ਵੱਲੋਂ ਕਰਵਾਏ ਇਕ ਸਾਂਝੇ ਸਮਾਗਮ ਦੌਰਾਨ ਪਰਉਪਕਾਰੀ ਸੰਸਥਾ ਗੁਰੂ ਨਾਨਕ ਫੂਡ ਬੈਂਕ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਸਨਮਾਨ ਗੁਰੂ ਨਾਨਕ ਫੂਡ ਬੈਂਕ ਦੇ ਫਾਊਂਡਰ ਮੈਂਬਰ ਜੇ. ਮਿਨਹਾਸ ਨੇ ਹਾਸਲ ਕੀਤਾ। ਸਨਮਾਨ ਪੱਤਰ ਪ੍ਰਦਾਨ ਕਰਦਿਆਂ ਸਿਟੀ ਆਫ ਲੈਂਗਲੀ ਦੇ ਮੇਅਰ ਵੈਲ ਵੈਨ ਡੇਨ ਬਰੋਇਕ ਅਤੇ ਟਾਊਨਸ਼ਿਪ ਆਫ ਲੈਂਗਲੀ ਦੇ ਮੇਅਰ ਜੈਕ ਫਰੋਇਜ਼ ਨੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਕੋਰੋਨਾ ਕਾਲ ਦੌਰਾਨ ਅਤੇ ਬੀ.ਸੀ. ਵਿਚ ਆਏ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਦਰਾਂ ਤੀਕ ਖਾਣਾ ਪੁਚਾਉਣ ਦੇ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ। ਜੇ. ਮਿਨਹਾਸ ਨੇ ਇਹ ਸਨਮਾਨ ਦੇਣ ਲਈ ਗੁਰੂ ਨਾਨਕ ਫੂਡ ਬੈਂਕ ਵੱਲੋਂ ਦੋਹਾਂ ਸੰਸਥਾਵਾਂ ਦਾ ਧੰਨਵਾਦ ਕੀਤਾ।

ਵਰਨਣਯੋਗ ਹੈ ਕਿ ਪੰਜਾਬੀ ਭਾਈਚਾਰੇ ਦੀ ਮਾਣਮੱਤੀ ਸ਼ਖ਼ਸੀਅਤ ਅਤੇ ਗੁਰੂ ਨਾਨਕ ਫੂਡ ਬੈਂਕ ਰਾਹੀਂ ਸਮਾਜ ਸੇਵਾ ਵਿਚ ਕਾਰਜਸ਼ੀਲ ਜੇ. ਮਿਨਹਾਸ ਇਕ ਨਾਮਵਰ ਡਿਵੈਲਪਰ, ਫਿਲਮ ਨਿਰਮਾਤਾ, ਕਮਿਊਨਿਟੀ ਨੂੰ ਅਗਾਂਹਵਧੂ ਲੀਹਾਂ ਤੇ ਤੋਰਨ ਦਾ ਜਜ਼ਬਾ ਰੱਖਣ ਵਾਲੇ ਉਤਸ਼ਾਹੀ ਇਨਸਾਨ ਹਨ। ਆਦਮਪੁਰ (ਪੰਜਾਬ) ਨਾਲ ਸਬੰਧਤ ਜੇ. ਮਿਨਹਾਸ ਨੂੰ ਵਿਸ਼ਵ-ਵਿਆਪੀ ਪਰਉਪਕਾਰੀ ਕੰਮ ਲਈ ਦੁਨੀਆ ਭਰ ਦੇ ਪ੍ਰਮੁੱਖ ਨੇਤਾਵਾਂ ਦੁਆਰਾ ਮਾਨਤਾ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਉਨ੍ਹਾਂ ਪਿਛਲੇ ਸਮੇਂ ਵਿਚ ਆਪਣੇ ਵਲੰਟੀਅਰਾਂ ਦੇ ਸਹਿਯੋਗ ਨਾਲ ਬ੍ਰਿਟਿਸ਼ ਕੋਲੰਬੀਆ ਵਿਚ ਕੋਵਿਡ ਮਹਾਂਮਾਰੀ ਦੇ ਦੌਰਾਨ 100 ਹਜ਼ਾਰ ਪੌਂਡ ਜ਼ਰੂਰੀ ਵਸਤਾਂ, ਖਾਦ ਪਦਾਰਥਾਂ ਦੀ ਸਪਲਾਈ ਲੋੜਵੰਦ ਲੋਕਾਂ ਤੀਕ ਪੁਚਾਉਣ ਅਤੇ ਬੀਸੀ ਹੜ੍ਹ ਸੰਕਟ ਦੌਰਾਨ ਲੈਂਗਲੀ ਅਤੇ ਸਰੀ ਸ਼ਹਿਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਲੋਕ ਸੇਵਾ ਕਰਨ ਵਿੱਚ ਮੋਹਰੀ ਰਹਿ ਕੇ ਕਾਰਜ ਕੀਤਾ। ਉਨ੍ਹਾਂ ਗੁਰੂ ਨਾਨਕ ਫੂਡ ਬੈਂਕ ਰਾਹੀਂ 1000 ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਕ ਫਾਊਂਡੇਸ਼ਨ ਸਥਾਪਿਤ ਕਰਕੇ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕੀਤੀ ਹੈ। ਆਪਣੇ ਪਰਉਪਕਾਰੀ ਕੰਮ ਤੋਂ ਇਲਾਵਾ ਉਹ ਲੋਅਰ ਮੇਨਲੈਂਡ ਦੇ ਮਾਨਤਾ ਪ੍ਰਾਪਤ ਡਿਵੈਲਪਰ ਹਨ। ਉਨ੍ਹਾਂ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਫਲ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×