ਉੱਤਰੀ ਡੈਲਟਾ ਵਿਚ ਗੁਰੂ ਨਾਨਕ ਫੂਡ ਬੈਂਕ ਦੀ ਤੀਜੀ ਅਤੇ ਵੱਡੀ ਬਰਾਂਚ ਦਾ ਉਦਘਾਟਨ

ਸਰੀ ਅਤੇ ਡੈਲਟਾ ਦੇ ਕਈ ਉੱਘੀਆਂ ਸ਼ਖ਼ਸ਼ੀਅਤਾਂ ਉਦਘਾਟਨੀ ਸਮਾਰੋਹ ‘ਚ ਹੋਈਆਂ ਸ਼ਾਮਲ

(ਸਰੀ)- ਗੁਰੂ ਨਾਨਕ ਫੂਡ ਬੈਂਕ ਸਰੀ ਵੱਲੋਂ ਉੱਤਰੀ ਡੈਲਟਾ ਵਿਖੇ 11188 ਸਟਰੀਟ 84 ਐਵੀਨਿਊ ਉੱਪਰ ਅੱਜ ਦੁਪਹਿਰ 1 ਵਜੇ ਆਪਣੀ ਤੀਜੀ ਅਤੇ ਵੱਡੀ ਬਰਾਂਚ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰੀ ਵਿਖੇ 101 – 15299 ਸਟਰੀਟ 68 ਐਵੀਨਿਊ  ਉੱਪਰ 1 ਜੁਲਾਈ, 2020 ਨੂੰ ਗੁਰੂ ਨਾਨਕ ਫੂਡ ਬੈਂਕ ਦੀ ਸ਼ੁਰੂਆਤ ਹੋਈ ਸੀ ਅਤੇ 6 ਫਰਵਰੀ, 2022 ਨੂੰ ਐਬਸਫੋਰਡ ਵਿਖੇ ਇਸ ਦੀ ਬਰਾਂਚ ਖੋਲ੍ਹੀ ਗਈ ਸੀ ਅਤੇ ਹੁਣ  ਉੱਤਰੀ ਡੈਲਟਾ ਵਿਚ 6,500 ਵਰਗ ਫੁੱਟ  ਵਿਚ ਗੁਰੂ ਨਾਨਕ ਫੂਡ ਬੈਂਕ ਦਾ ਇਹ ਤੀਜਾ ਸਟੋਰ ਖੋਲ੍ਹਿਆ ਗਿਆ ਜੋ ਪਹਿਲੇ ਦੋਹਾਂ ਸਟੋਰਾਂ ਤੋਂ ਕਾਫੀ ਵੱਡਾ ਹੈ।

ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਾਲੀਆ ਨੇ ਫੂਡ ਬੈਂਕ ਲਈ ਇਹ ਸਥਾਨ ਮੁਹੱਈਆ ਕਰਵਾਉਣ ਲਈ ਖਾਸ ਤੌਰ ‘ਤੇ ਡੈਲਟਾ ਸਿਟੀ ਦੇ ਮੇਅਰ ਜੌਰਜ ਹਾਰਵੀ ਅਤੇ ਕੌਂਸਲਰਾਂ ਵੱਲੋਂ ਮਿਲੇ ਸਮੱਰਥਨ ਅਤੇ 10,000 ਡਾਲਰ ਦਾ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ. ਵਾਲੀਆ ਨੇ ਦੱਸਿਆ ਕਿ ਗੁਰੂ ਨਾਨਕ ਫੂਡ ਬੈਂਕ ਤੋਂ ਹੁਣ ਲਗਭਗ 5,500 ਲੋੜਵੰਦ ਸਹਾਇਤਾ ਹਾਸਲ ਕਰ ਰਹੇ ਹਨ ਅਤੇ ਗੁਰੂ ਨਾਨਕ ਫੂਡ ਬੈਂਕ ਵੱਲੋਂ 10 ਮਿਲੀਅਨ ਦੀਆਂ ਡਾਲਰ ਦੀਆਂ ਵਸਤੂਆਂ ਵੰਡੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਨਵਾਂ ਗੱਦਾ, ਕੰਬਲ, ਸਿਰਹਾਣਾ, ਬਿਸਤਰੇ ਦੀਆਂ ਚਾਦਰਾਂ, ਕਵਰ, ਕਰਿਆਨੇ ਦਾ ਸਾਮਾਨ ਵੀ ਸ਼ਾਮਲ ਹੈ। 2017 ਤੋਂ ਅੰਤਰ-ਰਾਸ਼ਟਰੀ ਵਿਦਿਲਾਰਥੀਆਂ ਨਹੀ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਲਗਭਗ 17,000 ਵਿਦਿਆਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ।

ਉੱਤਰੀ ਡੈਲਟਾ ਵਿਖੇ ਨਵੀਂ ਬਰਾਂਚ ਦੇ ਉਦਘਾਟਨ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਬੀਸੀ ਦੇ ਕਿਰਤ ਮੰਤਰੀ ਹੈਰੀ ਬੈਂਸ, ਡੈਲਟਾ ਦੇ ਮੇਅਰ ਜੌਰਜ ਹਾਰਵੀ ਅਤੇ ਉਨ੍ਹਾਂ ਦੇ ਸਾਰੇ ਕੌਂਸਲਰ, ਗੁਰੂ ਨਾਨਕ ਫੂਡ ਬੈਂਕ ਦੇ ਮੀਤ ਪ੍ਰਧਾਨ ਸਿੰਦਰ ਮੰਝ, ਖਜ਼ਾਨਚੀ ਇੰਦਰਜੀਤ ਢਿੱਲੋਂ, ਸਕੱਤਰ ਨੀਰਜ ਵਾਲੀਆ, ਡਾਇਰੈਕਟਰ ਜਤਿੰਦਰ ਜੇ ਮਿਨਹਾਸ ਅਤੇ ਬਿੱਲਾ ਸੰਧੂ ਮੌਜੂਦ ਸਨ।

(ਹਰਦਮ ਮਾਨ) +1 604 308 6663

maanbabushahi@gmail.com