ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਾਇਬ ਸਰੂਪਾਂ ਦੀ ਰਿਪੋਰਟ ਤੁਰੰਤ ਜਨਤਕ ਕਰੇ ਅਤੇ ਸਿੱਧਾ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਾਵੇ : ਪੰਥਕ ਤਾਲਮੇਲ ਸੰਗਠਨ

(ਵੱਡਾ ਸਵਾਲ ਹੈ ਕਿ 328 ਸਰੂਪ ਕਿੱਥੇ ਹਨ ਤੇ ਕਿਸ ਹਾਲਤ ਵਿਚ ਹਨ। ਅਗਨ ਭੇਟ ਤੇ ਨੁਕਸਾਨੇ ਸਰੂਪਾਂ ਦਾ ਵੇਰਵਾ ਕੌਮ ਦੇ ਸਾਹਮਣੇ ਨਹੀਂ ਹੈ)

28 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਕਾਰਵਾਈ’ਤੇ ਆਪਣੇ ਪ੍ਰਤੀਕਰਮ ਵਿਚ ਕਿਹਾ ਕਿ ਰਿਪੋਰਟ ਜਨਤਕ ਹੋਣ ਤੱਕ ਇਹ ਅਧੂਰੀ ਕਾਰਵਾਈ ਹੈ। ਕਿਉਂਕਿ ਇਹ ਜਾਨਣਾ ਜਰੂਰੀ ਹੈ ਕਿ ਰਿਪੋਰਟ ਮੁਤਾਬਕ ਕਾਰਵਾਈ ਹੋਈ ਹੈ ਜਾਂ ਰਿਪੋਰਟ ਹੀ ਅਹਿਮ ਪਹਿਲੂਆਂ’ ਤੇ ਚੁੱਪ ਹੈ। ਜਿਹੜੀ ਰਕਮ ਕੰਵਲਜੀਤ ਨੂੰ ਪਾਈ ਗਈ ਉਸ ਦਾ ਕੀ ਹਿਸਾਬ ਹੈ। ਵੱਡਾ ਸਵਾਲ ਹੈ ਕਿ 328 ਸਰੂਪ ਕਿੱਥੇ ਹਨ ਤੇ ਕਿਸ ਹਾਲਤ ਵਿਚ ਹਨ। ਅਗਨ ਭੇਟ ਤੇ ਨੁਕਸਾਨੇ ਸਰੂਪਾਂ ਦਾ ਵੇਰਵਾ ਕੌਮ ਦੇ ਸਾਹਮਣੇ ਨਹੀਂ ਹੈ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਹਿ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਰ ਕਮੇਟੀ ਨੇ ਕਿਹਾ ਕਿ ਪੰਥ ਵਲੋਂ ਵਾਰ-ਵਾਰ ਖਦਸ਼ਾ ਜਾਹਰ ਕਰਨ ਦੇ ਬਾਵਜੂਦ ਕੇਵਲ ਮੁਲਾਜ਼ਮਾਂ ਨੂੰ ਹੀ ਮੁਲਜ਼ਮ ਠਹਿਰਾਉਣ ਦੀ ਪ੍ਰਕ੍ਰਿਆ ਰਾਹੀਂ ਮਸਲੇ ਨੂੰ ਦਿਸ਼ਾਹੀਣ ਕੀਤਾ ਜਾ ਰਿਹਾ ਹੈ। ਜਦ ਕਿ ਮੌਕੇ ਦੀ ਅੰਤ੍ਰਿਗ ਕਮੇਟੀ ਬਰੀ ਨਹੀ ਹੋ ਸਕਦੀ। ਮੁੱਖ ਸਕੱਤਰ ਰੂਪ ਸਿੰਘ ਵਾਂਗ ਕਿਸੇ ਦਾ ਨੈਤਿਕਤਾ ਦੇ ਆਧਾਰ’ ਤੇ ਅਸਤੀਫ਼ਾ ਤੱਕ ਨਹੀਂ ਆਇਆ। ਮੁਲਾਜ਼ਮਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਵਿਚ ਵੀ ਵੱਖ-ਵੱਖ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾਵਾਂ ਦੇਂਦਿਆਂ ਕੀ ਮਾਪ-ਦੰਡ ਅਪਣਾਇਆ ਹੈ ਕੁਝ ਵੀ ਸਪੱਸ਼ਟ ਨਹੀਂ। ਦੂਸਰਾ ਅਗਲੇਰੀ ਕਾਰਵਾਈ ਲਈ ਕਮੇਟੀ ਤੋਂ ਅੱਗੇ ਸਬ-ਕਮੇਟੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜੋ ਵੀ ਹਾਲਾਤ ਬਣ ਚੁੱਕੇ ਹਨ ਉਸ ਮੁਤਾਬਿਕ ਦੋਸ਼ੀਆਂ ਵਿਰੁੱਧ ਸਿੱਧੇ ਪਰਚੇ ਹੋਣੇ ਚਾਹੀਦੇ ਹਨ।ਇਸ ਦੇ ਨਾਲ ਹੀ ਇਸ ਦੁੱਖਦਾਈ ਘਟਨਾ’ ਤੇ ਪਰਦਾ ਪਾਉਣ ਵਾਲਿਆਂ ਦੀ ਸੂਚੀ ਜਾਰੀ ਕੀਤੀ ਜਾਵੇ। ਇਹ ਵੀ ਦੱਸਿਆ ਜਾਵੇ ਕਿ ਹਿਰਦੇ ਵਲੂੰਧਰੀ ਘਟਨਾ ਤੋਂ ਬਾਅਦ ਕਮੇਟੀ ਨੇ ਕੋਈ ਪਸ਼ਚਾਤਾਪ ਕਿਉਂ ਨਹੀਂ ਕੀਤਾ। ਜੇਕਰ ਕਮੇਟੀ ਨੇ ਇਸ ਸਬੰਧੀ ਕੋਈ ਵੀ ਕਾਰਵਾਈਆਂ ਪਾਈਆਂ ਸਨ ਤਾਂ ਉਹਨਾਂ ਨੂੰ ਸਾਂਝਾਂ ਕੀਤਾ ਜਾਵੇ ਤਾਂ ਕਿ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਦਾ ਮਿਆਰ ਜੱਗ ਜਾਹਰ ਹੋ ਸਕੇ। ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਪਸ਼ਚਾਤਾਪ ਸਬੰਧੀ ਕੋਈ ਵੀ ਅਮਲ ਨਾ ਹੋਣਾ ਪੰਥਕ ਪੀੜਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਸਲਾ ਸਾਹਮਣੇ ਆਉਣ ਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਨੂੰ ਕੁਫਰ ਐਲਾਨਿਆ ਸੀ। ਕਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਲਰਕੀ ਗ਼ਲਤੀ ਬਿਆਨਿਆ ਸੀ। ਪੰਥ ਨੂੰ ਸਪੱਸ਼ਟ ਕੀਤਾ ਜਾਵੇ ਕਿ ਕਿਸ ਇਸ਼ਾਰੇ’ਤੇ ਪੰਥ ਨਾਲ ਇਹ ਖੇਡ ਖੇਡੀ ਗਈ ਹੈ ਜਿਸ ਨੇ ਹਿਰਦਿਆਂ ਨੂੰ ਛਲਣੀ ਕੀਤਾ ਹੈ ਅਤੇ ਸੰਸਾਰ ਵਿਚ ਨਮੋਸ਼ੀ ਝੱਲਣ ਵੱਲ ਧੱਕਿਆ ਹੈ।
ਪੰਥਕ ਤਾਲਮੇਲ ਸੰਗਠਨ ਮਹਿਸੂਸ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਸਲਾ ਕੌਮ ਨਾਲ ਸਬੰਧਤ ਹੈ ਜਿਸ ਲਈ ਪੰਥ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰਨਾ ਅੱਗ ਨਾਲ ਖੇਡਣ ਦੇ ਤੁੱਲ ਹੈ। ਪੰਥ ਦੀ ਆਵਾਜ਼ ਹੈ ਕਿ ਪਰਦੇ’ਤੇ ਆਏ ਦੋਸ਼ੀ ਅਤੇ ਪਰਦੇ ਪਿੱਛੇ ਦੋਸ਼ੀਆਂ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਨਿਰਪੱਖ ਅਦਾਲਤੀ ਕਾਰਵਾਈ ਰਾਹੀਂ ਸਾਜਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇ।

Install Punjabi Akhbar App

Install
×