ਨਿਊਜ਼ੀਲੈਂਡ ‘ਚ 23 ਸਾਲਾ ਪੰਜਾਬੀ ਕੁੜੀ ਦੀ ਦਰਦਨਾਕ ਮੌਤ-ਸੜਕ ਕਿਨਾਰੇ ਮਿਲੀ ਲਾਸ਼

NZ PIC 10 April-1ਇਥੇ ਵਸਦੀ ਪੰਜਾਬੀ ਕਮਿਊਨਿਟੀ ਦੇ ਵਿਚ ਅੱਜ ਇਕ ਦੁੱਖ ਭਰੀ ਸੂਚਨਾ ਸਵੇਰੇ ਹੀ ਅੱਗ ਵਾਂਗ ਫੈਲ ਗਈ ਜਦੋਂ ਇਥੇ ਦੇ ਬਹੁਤ ਹੀ ਸਤਿਕਾਰਯੋਗ, ਧਾਰਮਿਕ ਬਿਰਤੀ ਅਤੇ ਗੁਰਦੁਆਰਾ ਸਾਹਿਬ ਨਾਨਕਸਰ ਮੈਨੁਰੇਵਾ ਦੇ ਨਾਲ ਜੁੜੇ ਰਹੇ ਸ. ਗੁਰਚਰਨ ਸਿੰਘ ਜਿਨ੍ਹਾਂ ਨੂੰ ਲੋਕ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ, ਦੀ 23 ਸਾਲਾ ਬੇਟੀ ਗੁਰਪ੍ਰੀਤ ਕੌਰ ਇਕ ਦਰਦਨਾਕ ਘਟਨਾ ਦਾ ਸ਼ਿਕਾਰ ਹੋ ਕੇ ਸਦਾ ਲਈ ਇਸ ਦੁਨੀਆ ਤੋਂ ਵਿਦਾ ਹੋ ਗਈ। ਉਸਦਾ ਮ੍ਰਿਤਕ ਸਰੀਰ ਸੜਕ ਕਿਨਾਰੇ ਤੋਂ ਪੁਲਿਸ ਨੇ ਪ੍ਰਾਪਤ ਕੀਤਾ। ਇਹ ਲੜਕੀ ਬੀਤੇ ਵੀਰਵਾਰ ਆਕਲੈਂਡ ਸਿਟੀ ਸਥਿਤ ਕਾਲਜ ਪੜ੍ਹਨ ਗਈ ਸੀ, ਪਰ ਰਾਤ ਤੱਕ ਵਾਪਿਸ ਨਹੀਂ ਪਰਤੀ। ਬਹੁਤ ਦੇਰ ਤੱਕ ਉਡੀਕ ਕਰਨ ਬਾਅਦ ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੁਦਾ ਦੀ ਰਿਪੋਰਟ ਲਿਖਵਾ ਦਿੱਤੀ। ਇਸ ਦਰਮਿਆਨ ਪੁਲਿਸ ਅਤੇ ਪਰਿਵਾਰਕ ਮੈਂਬਰ ਕਈ ਤਰ੍ਹਾਂ ਦੇ ਸ਼ੰਕਿਆਂ ਦੇ ਅਧਾਰਿਤ ਪੜ੍ਹਚੋਲ ਕਰਦੇ ਰਹੇ ਅਤੇ ਪੁਲਿਸ ਨਾਲ ਰਾਬਤਾ ਬਣਾਈ ਰੱਖਿਆ। ਪਰ ਕੁਦਰਤ ਨੇ ਸ਼ਾਇਦ ਕੁਝ ਹੋਰ ਹੀ ਭਾਣਾ ਵਰਤਾਉਣਾ ਸੀ। ਇਸ ਕੁੜੀ ਦਾ ਮ੍ਰਿਤਕ ਸਰੀਰ ਮੈਨੁਰੇਵਾ ਤੋਂ ਲਗਪਗ 40 ਕਿਲੋਮੀਟਰ ਦੂਰ ਹੈਮਟਨ ਡਾਊਨ ਰੋਡ, ਵਾਇਕਾਟੋ ਤੋਂ ਇਕ ਛੋਟੀ ਸੜਕ ਦੇ ਕਿਨਾਰੇ ਝਾੜੀਆਂ ਦੇ ਵਿਚ ਪ੍ਰਾਪਤ ਹੋਇਆ। ਇਸ ਦੇ ਹੋਏ ਕਤਲ ਦੇ ਸਬੰਧ ਵਿਚ ਇਕ 24 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਜ ਪੁੱਕੀਕੁਹੀ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ।  ਅਗਲੀ ਅਦਾਲਤੀ ਕਾਰਵਾਈ ਅਜੇ ਜਾਰੀ ਰਹੇਗੀ। ਲੜਕੀ ਦੇ ਅੰਤਿਮ ਸੰਸਕਾਰ ਦੀ ਤਰੀਕ ਕੱਲ੍ਹ ਤੱਕ ਦੱਸੀ ਜਾਵੇਗੀ।
ਅਫਸੋਸ ਪ੍ਰਗਟ: ਜਿਵੇਂ ਹੀ ਲੋਕਾਂ ਨੂੰ ਇਸ ਖਬਰ ਦਾ ਪਤਾ ਲੱਗਾ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਡਰੂਰੀ ਤੋਂ ਸ. ਬਲਬੀਰ ਸਿੰਘ ਪਾਬਲਾ, ਸ. ਮਲਕੀਤ ਸਿੰਘ ਬਸਿਆਲਾ, ਸ. ਖੜਗ ਸਿੰਘ, ਭਾਈ ਸਰਵਣ ਸਿੰਘ, ਸ. ਜਗਜੀਤ ਸਿੰਘ ਕੰਗ, ਸ. ਅਮਰਿੰਦਰ ਸਿੰਘ ਸੰਧੂ,  ਸ. ਜਸਮੀਤ ਸਿੰਘ ਰੰਧਾਵਾ, ਸੰਨੀ ਸਿੰਘ (ਵਰਲਡ ਟ੍ਰੈਵਲ), ਕੁਲਦੀਪ ਸਿੰਘ ਰਾਜਾ , ਕੁਲਵੰਤ ਸਿੰਘ ਖਹਿਰਾਬਾਦੀ, ਗੁਰਪਾਲ ਸਿੰਘ ਜੰਮੂ, ਪਰਵਿੰਦਰ ਸਿੰਘ ਸੰਧੂ,  ਜਗਜੀਤ ਸਿੰਘ ਰੰਧਾਵਾ, ਟੌਰੰਗਾ ਤੋਂ ਸ. ਪੂਰਨ ਸਿੰਘ, ਗੁਰਪਾਲ ਸਿੰਘ ਸ਼ੇਰਗਿੱਲ ਅਤੇ ਹੋਰ ਬਹੁਤ ਸਾਰੇ ਭਾਈਚਾਰੇ ਦੇ ਲੋਕਾਂ ਨੇ ਇਸ ਦੁੱਖ ਦੀ ਘੜੀ ਬਾਬਾ ਗੁਰਚਰਨ ਸਿੰਘ ਦੇ ਨਾਲ ਗਹਿਰਾ ਸੋਗ ਪ੍ਰਗਟ ਕੀਤਾ ਹੈ।
ਪੰਜਾਬੀ ਮੀਡੀਆ: ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਪਰਿਵਾਰ ਦੇ ਨਾਲ ਗਹਿਰਾ ਸੋਗ ਪ੍ਰਗਟ ਕੀਤਾ ਜਾਂਦਾ ਹੈ।