ਨਿਊਜ਼ੀਲੈਂਡ ‘ਚ 22 ਸਾਲਾ ਗੁਰਪ੍ਰੀਤ ਕੌਰ ਦੇ ਕਤਲ-ਦੋਸ਼ ‘ਚ ਫੜੇ ਪੰਜਾਬੀ ਨੇ ਦੋਸ਼ਾਂ ਨੂੰ ਨਕਾਰਿਆ

NZ PIC 27 April-1ਇਥੇ ਦੇ ਮੈਨੁਰੇਵਾ ਸ਼ਹਿਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ 22 ਸਾਲਾ ਪੰਜਾਬੀ ਕੁੜੀ ਗੁਰਪ੍ਰੀਤ ਕੌਰ ਸਪੁੱਤਰੀ ਸ. ਗੁਰਚਰਨ ਸਿੰਘ ਬਾਠ (ਜੱਦੀ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ) 7 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪੜ੍ਹਨ ਗਈ ਸੀ, ਪਰ ਵਾਪਿਸ ਨਹੀਂ ਸੀ ਪਰਤੀ। ਪਰਿਵਾਰ ਨੇ ਉਸੇ ਰਾਤ ਪੁਲਿਸ ਰਿਪੋਰਟ ਦਰਜ ਕਰਵਾਈ ਸੀ ਜਿਸ ਦੇ ਚਲਦਿਆਂ ਪੁਲਿਸ ਨੇ 10 ਅਪ੍ਰੈਲ ਨੂੰ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਗੁਰਪ੍ਰੀਤ ਕੌਰ ਦੀ ਲਾਸ਼ 40 ਕਿਲੋਮੀਟਰ ਦੂਰ ਹੈਮਪਟਨ ਡਾਉਨ ਤੋਂ ਬਰਾਮਦ ਕੀਤੀ ਸੀ। ਇਹ ਵੀ ਗੱਲ ਸੁਨਣ ਵਿਚ ਆਈ ਸੀ ਕਿ ਇਸੇ ਨੌਜਵਾਨ ਦੀ ਨਿਸ਼ਾਨਦੇਹੀ ਉਤੇ ਮ੍ਰਿਤਕਾ ਦੀ ਲਾਸ਼ ਤੱਕ ਪਹੁੰਚਿਆ ਜਾ ਸਕਿਆ ਸੀ।
ਗ੍ਰਿਫਤਾਰੀ ਬਾਅਦ ਇਸ ਤੋਂ ਅਗਲੇ ਦਿਨ ਪੁਲਿਸ ਨੇ ਉਸਨੂੰ ਪੁੱਕੀਕੁਈ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਸੀ। ਉਸ ਸਮੇਂ ਇਸ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਗਿਆ ਸੀ ‘ਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਸਨ। ਅੱਜ ਇਸ ਨੌਜਵਾਨ ਦੀ ਆਕਲੈਂਡ ਹਾਈਕੋਰਟ ਦੇ ਵਿਚ ਪੇਸ਼ੀ ਸੀ। ਅਦਾਲਤ ਨੇ ਉਸਦੇ ਨਾਮ ਤੋਂ ਪਰਦਾ ਚੁੱਕ ਦਿੱਤਾ ਅਤੇ ਉਸਦੀ ਪਛਾਣ ਅਕਾਸ਼ ਵਜੋਂ ਕਰਵਾਈ ਗਈ। ਉਸਦੀ ਵਕੀਲ ਨੇ ਕਿਹਾ ਕਿ ਉਸ ਕੋਲ ਹੋਰ ਕੋਈ ਅਜਿਹਾ ਕਾਰਨ ਨਹੀਂ ਹੈ ਜਿਸ ਦੇ ਸਹਾਰੇ ਉਹ ਉਸਦਾ ਨਾਂਅ ਗੁਪਤਾ ਰਖਵਾ ਸਕੇ।
ਅੱਜ ਹੋਈ ਪੇਸ਼ੀ ਦੇ ਵਿਚ ਦੋਸ਼ੀ ਨੇ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਉਸ ਉਤੇ ਲਗਾਏ ਗਏ ਕਤਲ ਦੇ ਦੋਸ਼ ਗਲਤ ਹਨ। ਉਹ ਇਨ੍ਹਾਂ ਦੋਸ਼ਾਂ ਨੂੰ ਨਕਾਰਦਾ ਹੈ। ਇਸ ਕੇਸ ਦੀ ਅਗਲੀ ਸੁਣਵਾਈ ਅਗਲੇ ਸਾਲ ਹੋਵੇਗੀ ਜਿਸ ਦੇ ਵਿਚ ਪੁਲਿਸ ਆਪਣਾ ਪੱਖ ਰੱਖੇਗੀ ਅਤੇ ਦੋਸ਼ੀ ਆਪਣਾ ਪੱਖ ਰੱਖੇਗਾ। ਇਸ ਤੋਂ ਬਾਅਦ ਅਦਾਲਤ ਆਪਣਾ ਫੈਸਲਾ ਦੇਵੇਗੀ।