
( ਫਗਵਾੜਾ)- ਗੁਰਮੀਤ ਸਿੰਘ ਪਲਾਹੀ ਦੀ ਨਵੀਂ ਛਪੀ ਕਿਤਾਬ “ਪੰਜਾਬ ਡਾਇਰੀ-2022” ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਕੀਤੀ।
ਇਸ ਮੌਕੇ ਬੋਲਦਿਆਂ ਪ੍ਰੋ: ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਗੁਰਮੀਤ ਸਿੰਘ ਪਲਾਹੀ ਇੱਕ ਬਹੁ-ਵਿਧਾਈ ਲੇਖਕ ਹੈ, ਜਿਸਨੇ ਚਲੰਤ ਮਾਮਲਿਆਂ ਅਤੇ ਸਿਆਸੀ ਟਿਪੱਣੀਆਂ ਤੋਂ ਇਲਾਵਾ ਤਿੰਨ ਕਹਾਣੀ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ, ਦੋ ਲੇਖ ਸੰਗ੍ਰਹਿ, ਅੱਜ ਦੀ ਪੁਸਤਕ ਸਮੇਤ ਦੋ ਪੰਜਾਬ ਡਾਇਰੀਆਂ ਅਤੇ ਇੱਕ ਭਾਰਤ ਡਾਇਰੀ ਪੁਸਤਕ, ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਹੈ। 240 ਸਫ਼ਿਆਂ ਅਤੇ 56 ਲੇਖਾਂ ਵਾਲੀ ਇਸ ਪੁਸਤਕ ਦੇ ਸੰਪਾਦਕ ਪਰਵਿੰਦਰਜੀਤ ਸਿੰਘ ਹਨ। ਉਹਨਾ ਕਿਹਾ ਕਿ ਇਸ ਪੁਸਤਕ ਦਾ ਲੇਖਕ ਇੱਕ ਤਿੱਖਾ ਵਿਅੰਗਕਾਰ ਹੈ ਅਤੇ ਸਮੇਂ-ਸਮੇਂ ਆਲੇ-ਦੁਆਲੇ ਵਾਪਰਦੀਆਂ ਸਮਾਜਿਕ ਤੇ ਸਿਆਸੀ ਘਟਨਾਵਾਂ ਉਪਰ ਚੋਣ ਕਰਦਾ ਰਹਿੰਦਾ ਹੈ।
ਪ੍ਰੋ: ਗੰਡਮ ਨੇ ਕਿਹਾ ਕਿ ਇੱਕ ਅੱਛੇ ਲੇਖਕ ਲਈ ਜ਼ਿੰਦਗੀ ਖ਼ੁਦ ਸਾਹਿਤਕਾਰੀ ਦਾ ਵਿਸ਼ਾ ਬਣ ਜਾਂਦੀ ਹੈ। ਉਹਨਾ ਕਿਹਾ ਕਿ ਜ਼ਿੰਦਗੀ ਕਿਵੇਂ ਦੀ ਹੈ, ਇਹ ਤਾਂ ਅਸੀਂ ਸਭ ਵੇਖਦੇ ਹਾਂ, ਪਰ ਇੱਕ ਸੰਵੇਦਨਸ਼ੀਲ ਤੇ ਸੂਝਵਾਨ ਲੇਖਕ ਇਹ ਵੀ ਸੁਝਾਉਂਦਾ ਹੈ ਕਿ ਜ਼ਿੰਦਗੀ ਕਿਵੇਂ ਦੀ ਹੋਣੀ ਚਾਹੀਦੀ ਹੈ। ਇਹ ਸੁਝਾਉਣ ਦੇ ਲਈ ਉਹ ਆਪਣੇ ਚੁਗਿਰਦੇ ਨੂੰ ਨੀਝ ਪਰਖ ਨਾਲ ਤੱਕਦਾ ਹੈ, ਆਪਣੇ ਅਨੁਭਵ, ਤਜ਼ਰਬਾ, ਦੂਰ ਦ੍ਰਿਸ਼ਟੀ, ਵਿਚਾਰ, ਖਿਆਲ , ਕਲਪਨਾ ਅਤੇ ਵਿਚਾਰਧਾਰਾ ਦੇ ਰਾਹੀਂ ਉਸਨੂੰ ਕਲਮਬੰਦ ਕਰਦਾ ਹੈ। ਗੁਰਮੀਤ ਸਿੰਘ ਪਲਾਹੀ ‘ਚ ਇਹ ਗੁਣ ਹੈ।
ਇਸ ਮੌਕੇ ਪ੍ਰਸਿੱਧ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ,ਬਲਦੇਵ ਰਾਜ ਕੋਮਲ, ਲੇਖਕ ਤੇ ਸੰਪਾਦਕ ਪਰਵਿੰਦਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸੱਲ ਹਾਜ਼ਰ ਸਨ।