ਸਾਡੇ ਲੋਕ ਗੀਤ: ਪੰਜਾਬੀ ਤੇ ਪੰਜਾਬਣਾਂ ਦੇ ਜ਼ਜਬਾਤ

  • ਲੋਕ ਗੀਤਾਂ ਦੀਆਂ ਉਚੀ ਆਵਾਜ਼ ਬਣੀਆਂ ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਗਲੋਰੀ ਬਾਵਾ ਨੇ ਬਿਖੇਰੀ ਮਹਿਕ-ਏ-ਪੰਜਾਬ
  • ਇਕ ਸ਼ਬਦ ਸ਼ਹੀਦੀ ਦਾ ਪਾਉਣ ਖਾਤਿਰ ਫੀਸਾਂ ਦੂਣੀਆਂ ਭਰਨੀਆਂ ਪੈਂਦੀਆਂ ਨੇ
  • ਓ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ
(ਨਿਊਜ਼ੀਲੈਂਡ 'ਚ ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਗਲੋਰੀ ਬਾਵਾ ਲੋਕ ਗੀਤਾਂ ਦੇ ਰੰਗ ਪੇਸ਼ ਕਰਦਿਆਂ)
(ਨਿਊਜ਼ੀਲੈਂਡ ‘ਚ ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਗਲੋਰੀ ਬਾਵਾ ਲੋਕ ਗੀਤਾਂ ਦੇ ਰੰਗ ਪੇਸ਼ ਕਰਦਿਆਂ)

ਔਕਲੈਂਡ 31 ਅਗਸਤ – ‘ਪੰਜਾਬੀ ਹੇਰਟੇਜ਼ਰਜ਼’ ਨਿਊਜ਼ੀਲੈਂਡ ਤੋਂ ਹਰਜੀਤ ਕੌਰ, ਜਯੋਤੀ ਵਿਰਕ ਅਤੇ ਗੁਰਪ੍ਰੀਤ ਨੇ ਪਲੇਠਾ ਪੰਜਾਬੀ ਪ੍ਰੋਗਰਾਮ ‘ਮਹਿਕ-ਏ-ਪੰਜਾਬ’ ਕਰਵਾ ਕੇ ਇਹ ਗੱਲ ਅੱਜ ਸਾਬਿਤ ਕੀਤੀ ਕਿ ਲੋਕ ਗੀਤਾਂ ਦੀ ਮਹਿਕ ਕਿਸੀ ਸਰਹੱਦ ਦੇ ਸਾਏ ਹੇਠ ਨਹੀਂ ਹੈ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੇ ਭੰਗੜੇ ਨਾਲ ਹੋਈ | ਜਯੋਤੀ ਵਿਰਕ ਨੇ ਬਹੁਤ ਹੀ ਸੋਹਣਾ ਗੀਤ ਗਾ ਕੇ ਇਹ ਗੱਲ ਸਾਰਿਆਂ ਨੂੰ ਮੰਨਵਾ ਦਿੱਤੀ ਕਿ ਪੰਜਾਬੀ ਹੇਰਟੇਜ਼ਰ ਦੀ ਟੀਮ ਦੇ ਵਿਚ ਟੇਲੇਂਟ ਸਮਾ ਚੁੱਕਾ ਹੈ | ਸੱਤਾ ਵੈਰੋਵਾਲੀਆ ਨੇ ਦੋ ਗੀਤ ਗਾ ਕੇ ਪੂਰੀ ਬਹਿਜਾ-ਬਹਿਜਾ ਵੀ ਕਰਵਾਈ ਅਤੇ ਇਹ ਵੀ ਕਹਿ ਦਿੱਤਾ ਕਿ ਅੱਜ ਘਰਵਾਲੀਆਂ ਲੇਡੀਜ਼ ਨਾਈਟਾਂ ਦੇ ਵਿਚ ਖੂਬ ਬਿਜ਼ੀ ਰਹਿੰਦੀਆਂ ਹਨ | ਇਕ ਸੂਟ ਇਕ ਵਾਰੀ ਦੇ ਬੋਲ ਨੇ ਬੀਬੀਆਂ ਨੂੰ ਖੂਬ ਹਸਾਇਆ | ਸਟੇਜ ਸੰਚਾਲਨ ਹਰਜੀਤ ਕੌਰ ਨੇ ਸੰਭਾਲਦਿਆਂ ਆਏ ਮਹਿਮਾਨ ਕਲਾਕਾਰਾਂ ਦੀ ਵਧੀਆ ਐਂਟਰੀ ਕਰਵਾਈ |

NZ PIC 31 Aug-1B

ਪੰਜਾਬੀ ਤੇ ਪੰਜਾਬਣਾਂ ਦੇ ਜ਼ਜਬਾਤ, ਜਨਮ ਤੋਂ ਲੈ ਕੇ ਮੌਤ ਤੱਕ ਗਾਏ ਜਾਂਦੇ ਲੋਕ ਗੀਤ ਅਤੇ ਵਿਦਾਈ ਦੇ ਪਲਾਂ ਨੂੰ ਜੇਕਰ ਸੰਗੀਤਕ ਵੱਧ ਕਰਕੇ ਗੀਤਾਂ ਦੇ ਵਿਚ ਪ੍ਰੋਅ ਲਿਆ ਜਾਵੇ ਤਾਂ ਇਹ ਲੋਕ ਗੀਤ ਹੋ ਨਿਬੜਦੇ ਹਨ | ਲੋਕ ਗੀਤਾਂ ਦੀ ਉਚੀ ਆਵਾਜ਼, ਲੰਬੀ ਹੇਕ ਦੀ ਮਲਿਕਾ, 53 ਸਾਲਾਂ ਤੋਂ ਦੇਸ਼-ਵਿਦੇਸ਼ ਦੇ ਵਿਚ ਪੁਰਾਤਿਨ ਲੋਕ ਗੀਤਾਂ ਤੇ ਗਥਾਵਾਂ  ਦੀ ਗਾਥਾ ਸੁਣਾਉਣ ਵਾਲੀ ਸ਼੍ਰੋਮਣੀ ਗਾਇਕਾ ਗੁਰਮੀਤ ਬਾਵਾ ਨੇ ਅੱਜ ਆਪਣੀਆਂ ਦੋ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਦੇ ਨਾਲ ਮਹਿਕ-ਏ-ਪੰਜਾਬ ਦੀ ਅਜਿਹੀ ਖੁਸ਼ਬੂ ਖਿਲਾਰੀ ਕਿ ਲੋਕ ਉਠ ਕੇ ਤਾੜੀਆਂ ਮਾਰਦੇ ਵੇਖੇ ਗਏ | ਪ੍ਰੋਗਰਾਮ ਦੀ ਸ਼ੁਰੂਆਤ ਲਾਚੀ ਬਾਵਾ ਅਤੇ ਗਲੋਰੀ ਬਾਵਾ ਨੇ ਚਮਕੌਰ ਦੀ ਗੜ੍ਹੀ ਦਾ ਸਾਕਾ ਗਾਇਨ ਕਰਕੇ ਕੀਤੀ | ਧਾਰਮਿਕ ਗੀਤ ਦੇ ਵਿਚ ਸ਼ਹੀਦਾਂ ਨੂੰ ਸਿਜਦਾ ਵੀ ਕਰ ਦਿੱਤਾ ਗਿਆ ਅਤੇ ਸ਼ਹੀਦੀ ਦੀ ਖਾਤਿਰ ਸਿਰਾਂ ਦੀ ਫੀਸ ਦੇਣ ਦੀ ਗੱਲ ਕਰਕੇ ਨਿਆਰੇ ਖਾਲਸੇ ਦੀ ਬਾਤ ਪਾਈ | ਮਾਂ ਦੀ ਮਹੱਤਤਾ ਨੂੰ ਦਰਸਾਉਂਦਾ ਗੀਤ ‘ਓ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ’ ਐਨੀ ਰੂਹ ਨਾਲ ਗਾਇਆ ਕਿ ਅੱਖਾਂ ਨਮ ਹੁੰਦੀਆਂ ਵੇਖੀਆਂ ਗਈਆਂ | 75 ਸਾਲਾ ਮਾਂ ਬੈਠੀ ਸੀ ਸਾਹਮਣੇ ਧੀਆਂ ਸਨ ਹੋ ਗਾਉਂਦੀਆਂ ਜੋ ਮਾਂ ਨੇ ਗੁੜਤੀ ਦੇ ਵਿਚ ਹੀ ਦੇ ਦਿੱਤਾ ਸੀ | ਮਾਂ ਦੇ ਕ੍ਰਿਸ਼ਮੇ ਇਨ੍ਹਾਂ ਧੀਆਂ ਦੇ ਵਿਚ ਖੂਬ ਬੋਲੇ | ਗੁਰਮੀਤ ਬਾਵਾ ਦੇ ਕੋਲ ਉਹ ਖਜ਼ਾਨਾ ਸੀ ਜਿਸ ਨੂੰ ਉਸਨੇ ਆਪਣੀਆਂ ਦਾਦੀਆਂ ਅਤੇ ਨਾਨੀਆਂ ਤੋਂ ਇਕੱਠਾ ਕੀਤਾ | ਜਦੋਂ ਗੀਤ ‘ਕਿਹੋ ਜਿਹਾ ਵਰ ਲੋੜੀਏ’ ਗਾਇਆ ਤਾਂ ਇੰਝ ਲੱਗਾ ਜਿਵੇਂ ਵਿਆਹ ਦੇ ਵਿਚ ਬੀਬੀਆਂ ਦਾ ਸਮੂਹ ਸਾਂਝੇ ਰੂਪ ਵਿਚ ਗਾ ਰਿਹਾ ਹੋਵੇ |

ਇਸਦੇ ਨਾਲ ਹੀ ਵਿਆਹ ਦੀ ਘੋੜੀ ‘ਸੁਣਿਆ ਵੀਰਾ ਵੇ ਮੈਂ ਤੈਨੂੰ ਘੋੜੀ ਚੜ੍ਹੇਨੀ ਆ’ ਗਾਇਆ ਤਾਂ ਤਾੜੀਆਂ ਦਾ ਮੀਂਹ ਪੈ ਗਿਆ | ਇਸ ਤੋਂ ਬਾਅਦ ਗੁਰਮੀਤ ਬਾਵਾ ਨੇ ਇਕੱਲਿਆਂ ਜਦੋਂ ‘ਕੋਹਾਰੋ ਡੋਲੀ ਨਾ ਚਾਇਓ ਮੇਰਾ ਬਾਬੁਲ ਆਇਆ ਨਾ’ ਤਾਂ ਨਵੀਂ ਵਿਆਹੀ ਕੁੜੀ ਦੀ ਵਿਦਾਈ ਵਾਲਾ ਸਮਾਂ ਸਭ ਨੂੰ ਯਾਦ ਆ ਗਿਆ | ਪੋਗਰਾਮ ਦਾ ਸਿਰਾ ਉਦੋਂ ਹੋਇਆ ਜਦੋਂ ‘ਜੁਗਨੀ’ ਤਿੰਨੋ ਗਾਇਕਾਵਾਂ ਨੇ ਇੱਕੱਠਿਆਂ ਗਾ ਕੇ ਪੋਗਰਾਮ ਦੀ ਅੱਤ ਕਰਵਾ ਦਿੱਤੀ | ਗੁਰਮੀਤ ਬਾਵਾ ਐਨੀ ਉਚੀ ਸੁਰ ਅਤੇ ਲੰਬੀ ਹੇਕ ਲਗਾ ਰਹੀ ਸੀ ਕਿ ਉਮਰ ਦਾ ਕੋਈ ਲੈਣ-ਦੇਣ ਨਜ਼ਰ ਨਹੀਂ ਆਇਆ | ਮਾਹੀਆ, ਮਿਰਜ਼ਾ, ਟੱਪੇ ਅਤੇ ਪ੍ਰੋਗਰਾਮ ਦੇ ਅੰਤ ਵਿਚ ਹੋਰ ਬਹੁਤ ਸਾਰੇ ਪ੍ਰਸਿੱਧ ਗੀਤ ਗਾ ਕੇ ਅੰਤ ਵਿਚ ਬੋਲੀਆਂ ਪਾਈਆਂ ਗਈਆਂ | ਕੁੜੀਆਂ ਤਾਂ ਇਥੇ ਨੱਚੀਆਂ ਹੀ ਉਥੇ ਮੁੰਡੇ ਵੀ ਲੋਕ ਗੀਤਾਂ ਉਤੇ ਨਚਦੇ ਨਜ਼ਰ ਆਏ | ਸਾਂਸਦ ਡਾ. ਪਰਮਜੀਤ ਕੌਰ ਨੇ ਗੁਰਮੀਤ ਬਾਵਾ, ਲਾਚੀ ਬਾਵਾ ਅਤੇ ਗਲੋਰੀ ਨੂੰ ਬਾਵਾ ਨੂੰ ਸਨਮਾਨਿਤ ਕੀਤਾ |

Install Punjabi Akhbar App

Install
×