ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਪਿਛਲੇ ਦਿਨੀਂ ਛੇਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਵਿਦੇਸ਼ੀ ਵਸਦੇ ਬੱਚਿਆਂ ਨੂੰ ਜਿੱਥੇ ਗੁਰਮਤਿ ਦੀ ਗੁੜਤੀ ਦੇਣ ਦੇ ਲਗਾਤਾਰ ਉਪਰਾਲੇ ਹੁੰਦੇ ਰਹਿੰਦੇ ਹਨ ਉਥੇ ਉਨ੍ਹਾਂ ਵੱਲੋਂ ਪ੍ਰਾਪਤ ਸਿੱਖਿਆ ਨੂੰ ਵੇਖਣ ਪਰਖਣ ਦੇ ਲਈ ਗੁਰਮਤਿ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਵਾਰ ਦਾ ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਸਵੇਰੇ ਤੋਂ ਸ਼ੁਰੂ ਹੋਏ ਇਸ ਗੁਰਮਤਿ ਮੁਕਾਬਲੇ ਵਿਚ ਕੀਰਤਨ, ਭਾਸ਼ਣ, ਸ਼ੁੱਧ ਗੁਰਬਾਣੀ ਉਚਾਰਨ, ਸਿੱਖ ਆਰਟ, ਕਵਿਤਾ ਅਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ। ਅਗਲੇ ਦਿਨ ਐਤਵਾਰ ਨੂੰ ਹਫਤਾਵਾਰੀ ਦੀਵਨ ਦੇ ਵਿਚ ਸਾਰੇ ਜੇਤੂ ਬੱਚਿਆਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਸਾਂਸਦ ਸ੍ਰੀ ਮਹੇਸ਼ ਬਿੰਦਰਾ ਵੱਲੋਂ ਇਨਾਮਾਂ ਦੀ ਤਕਸੀਮ ਕੀਤੀ ਗਈ। ਇਸ ਮੌਕੇ ਬੋਲਦਿਆਂ ਸਾਰੇ ਸੰਸਦ ਮੈਂਬਰਾਂ ਨੇ ਬੱਚਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਪ੍ਰਬੰਧਕ ਕਮੇਟੀ ਨੂੰ ਸਫਲ ਗੁਰਮਤਿ ਮੁਕਾਬਲੇ ਲਈ ਵਧਾਈ ਦਿੱਤੀ। 16 ਅਗਸਤ ਨੂੰ ਹੋਏ ਹਫਤਾਵਾਰੀ ਸਮਾਗਮ ਦੇ ਵਿਤ ਲੇਬਰ ਪਾਰਟੀ ਦੇ ਲੀਡਰ ਡੇਵਿਡ ਕਨਲਿਫ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਸੰਖੇਪ ਭਾਸ਼ਣ ਵੀ ਦਿੱਤਾ ਅਤੇ ਇਸ ਸਮਾਗਮ ਦੇ ਵਿਚ ਸੇਵਾ ਕਰਨ ਵਾਲੇ ਸਾਰੇ ਸੇਵਾਦਾਰਾਂ ਨੂੰ ਵੀ ਪ੍ਰਸੰਸ਼ਾ ਪੱਤਰ ਦਿੱਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਮਾਗਮ ਸਫਲ ਹੋ ਸਕਿਆ।