ਗ਼ਜ਼ਲ ਮੰਚ ਸਰੀ (ਕੈਨੈਡਾ) ਵੱਲੋਂ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਸਨਮਾਨ

(ਸਰੀ)-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ ਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਮੰਚ ਦੇ ਸ਼ਾਇਰਾਂ ਤੋਂ ਇਲਾਵਾ ਵੈਨਕੂਵਰ ਵਿਚਾਰ ਮੰਚ ਦੇ ਸੰਚਾਲਕ ਵੀ ਸ਼ਾਮਲ ਹੋਏ। ਗੁਰਦਿਆਲ ਰੌਸ਼ਨ ਨੂੰ ਜੀ ਆਇਆਂ ਆਖਦਿਆਂ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਉਨ੍ਹਾਂ ਨਾਲ ਆਪਣੀ ਪੁਰਾਣੀ ਅਤੇ ਗੂੜ੍ਹੀ ਮਿੱਤਰਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਗੁਰਦਿਆਲ ਰੌਸ਼ਨ ਨਵੇਂ ਸਿਖਾਂਦਰੂ ਗ਼ਜ਼ਲਗੋਆਂ ਲਈ ਰਾਹ ਦਸੇਰੇ ਦਾ ਸ਼ਲਾਘਾਯੋਗ ਕਾਰਜ ਕਰ ਰਹੇ ਹਨ।

ਗੁਰਦਿਆਲ ਰੌਸ਼ਨ ਨੇ ਗ਼ਜ਼ਲ ਖੇਤਰ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅੱਜ ਪੰਜਾਬੀ ਵਿਚ ਗ਼ਜ਼ਲ ਕਹਿਣ ਵਾਲਿਆਂ ਦੀ ਵੱਡੀ ਗਿਣਤੀ ਹੈ ਅਤੇ ਇਹ ਵੀ ਬੜੀ ਤਸੱਲੀ ਵਾਲੀ ਗੱਲ ਹੈ ਕਿ ਪੰਜਾਬੀ ਗ਼ਜ਼ਲ ਲੋਕਾਂ ਵਿਚ ਮਕਬੂਲੀਅਤ ਹਾਸਲ ਕਰ ਰਹੀ ਹੈ। ਉਨ੍ਹਾਂ ਸਰੀ ਦੇ ਗ਼ਜ਼ਲਕਾਰਾਂ ਵੱਲੋਂ ਇਕ ਸਾਂਝਾ ਪਲੇਟਫਾਰਮ ਬਣਾਉਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਜਿੱਥੇ ਵੀ ਪੰਜਾਬੀ ਗ਼ਜ਼ਲ ਦੀ ਗੱਲ ਹੁੰਦੀ ਹੈ ਉੱਥੇ ਗ਼ਜ਼ਲ ਮੰਚ ਸਰੀ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ। ਇਸ ਮੰਚ ਦੇ ਸਾਰੇ ਗ਼ਜ਼ਲਗੋ ਬੇਹੱਦ ਸਮਰੱਥਾਵਾਨ ਅਤੇ ਪਰਪੱਕ ਹਨ। ਪੁਖਤਾ ਗ਼ਜ਼ਲ ਕਹਿਣ ਵਾਲੇ ਏਨੇ ਸ਼ਾਇਰ ਹੋਰ ਕਿਸੇ ਵੀ ਸ਼ਹਿਰ ਜਾਂ ਸੰਸਥਾ ਵਿਚ ਨਹੀਂ ਮਿਲਦੇ। ਉਨ੍ਹਾਂ ਸਰੀ ਦੇ ਗ਼ਜ਼ਲਗੋਆਂ ਵਿਚਲੇ ਆਪਸੀ ਤਾਲਮੇਲ ਦੀ ਵੀ ਪ੍ਰਸੰਸਾ ਕੀਤੀ। ਆਪਣੇ ਉਸਤਾਦੀ ਕਾਰਜ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਗ਼ਜ਼ਲ ਦਾ ਰੂਪਕ ਪੱਖ ਸਿੱਖਣਾ, ਸਮਝਣਾ ਕੋਈ ਔਖਾ ਕੰਮ ਨਹੀਂ ਪਰ ਗ਼ਜ਼ਲ ਕਹਿਣ ਲਈ ਖ਼ਿਆਲ, ਸੋਚ, ਸੂਝ, ਵਿਸ਼ਾਲ ਗਿਆਨ ਹੋਣਾ ਜ਼ਰੂਰੀ ਹੈ ਅਤੇ ਉਹ ਨਵੇਂ ਸ਼ਾਗਿਰਦਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਦੇ ਹਨ ਤਾਂ ਜੋ ਉਨ੍ਹਾਂ ਦੇ ਖ਼ਿਆਲਾਂ ਵਿਚ ਵਿਸ਼ਾਲਤਾ ਆ ਸਕੇ ਅਤੇ ਲਿਖਣ ਕਾਰਜ ਦੀ ਸੋਝੀ ਹੋ ਸਕੇ। ਇਸ ਮੌਕੇ ਉਨ੍ਹਾਂ ਆਪਣੀ ਸ਼ਾਇਰੀ ਨਾਲ ਵੀ ਸਾਂਝ ਪੁਆਈ।

ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਗੁਰਦਿਆਲ ਰੌਸ਼ਨ ਦੇ ਕਾਰਜ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬੀ ਗ਼ਜ਼ਲ ਦਾ ਮਿਆਰ ਕਾਇਮ ਰੱਖਣ ਲਈ ਉਸਤਾਦ ਸ਼ਾਇਰ ਨਵੇਂ ਸ਼ਾਇਰ ਨੂੰ ਸ਼ਾਗਿਰਦ ਬਣਾਉਣ ਸਮੇਂ ਇਹ ਜ਼ਰੂਰ ਧਿਆਨ ਵਿਚ ਰੱਖਣ ਕਿ ਗ਼ਜ਼ਲ ਕਹਿਣ ਲਈ ਵਿਚਾਰ ਅਤੇ ਅਹਿਸਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਚਿੱਤਰਕਾਰ ਅਤੇ ਮੋਹਨ ਗਿੱਲ ਨੇ ਵੀ ਗੁਰਦਿਆਲ ਰੌਸ਼ਨ ਦੀ ਲੋਕਪੱਖੀ ਸ਼ਾਇਰੀ ਦੀ ਸ਼ਲਾਘਾ ਕੀਤੀ।

ਇਸ ਮੌਕੇ ਗ਼ਜ਼ਲ ਮੰਚ ਵੱਲੋਂ ਗੁਰਦਿਆਲ ਰੌਸ਼ਨ ਦਾ ਸਨਮਾਨ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਅੰਤ ਵਿਚ ਚੱਲੇ ਸ਼ਾਇਰੀ ਦੇ ਦੌਰ ਵਿਚ ਕ੍ਰਿਸ਼ਨ ਭਨੋਟ, ਜਸਵਿੰਦਰ, ਮੋਹਨ ਗਿੱਲ, ਰਾਜਵੰਤ ਰਾਜ, ਹਰਦਮ ਮਾਨ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ ਅਤੇ ਬਲਦੇਵ ਸੀਹਰਾ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ। ਦਵਿੰਦਰ ਗੌਤਮ ਨੇ ਸਭਨਾਂ ਦਾ ਧੰਨਵਾਦ ਕੀਤਾ।

(ਹਰਦਮ ਮਾਨ) +1 604 308 6663

maanbabushahi@gmail.com