ਬਜੁਰਗਾਂ ਦੀ ਹੋਣੀ ਲਿਖਦਾ ਸੂਲੀ ਚੜਾਇਆ ਬਚਪਨ

Bachpan-Shabd Shikhar-1 copy
ਵਰਤਮਾਨ ਸਮੇਂ ਦਾ ਮਾਇਆਧਾਰੀ ਮਨੁੱਖ ਕਿੰਨਾਂ ਕੁ ਅੰਨਾਂ ਅਤੇ ਬੋਲਾ ਹੋ ਸਕਦਾ ਹੈ ਇਸ ਗੱਲ ਦਾ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ। ਨਿੱਜਪ੍ਰਸਤੀ ਅਤੇ ਸਵਾਰਥ ਤੇ ਟੇਕ ਧਰਕੇ ਬ੍ਰਹਿਮੰਡ ਦੀ ਆਪਣੇ ਆਪ ਨੂੰ ੳੱਤਮ ਹੋਣ ਦਾ ਦਾਅਵਾ ਕਰਦੀ ਮਨੁੱਖ ਜਾਤੀ ਦੇ ਲੋਕ ਜਦ ਆਪਣੇ ਖੂਨ ਵਿੱਚੋਂ ਪੈਦਾ ਹੋਇਆਂ ਨੂੰ ਹੀ ਸੂਲੀਆਂ ਤੇ ਟੰਗਣਾਂ ਸੁਰੂ ਕਰ ਦੇਣ ਤਦ ਇਸ ਸਿਆਣੇ ਆਦਮ ਜਾਏ ਨੂੰ ਪਾਗਲ ਕਰਾਰ ਦੇ ਦੇਣਾ ਚਾਹੀਦਾ ਹੈ। ਅੱਜ ਸਮਾਜ ਦੇ ਜਿਸ ਤਬਕੇ ਕੋਲ ਥੋੜਾ ਜਿਹਾ ਵੀ ਜਿਆਦਾ ਪੈਸਾ ਜਾਂ ਜਾਇਦਾਦ ਆ ਜਾਂਦੀ ਹੈ ਤਦ ਉਸ ਦੇ ਨਾਲ ਸਭ ਤੋਂ ਪਹਿਲਾਂ ਉਹ ਆਪਣੇ ਘਰ ਵਿੱਚ ਹੀ ਧੀਆਂ ਪੁੱਤਰਾਂ ਨੂੰ ਸੱਪਾਂ ਵਰਗੇ ਬਨਾਉਣ ਦੇ ਤਹੱਈਏ ਕਰਦਾ ਹੈ। ਪੈਸੇ ਦੀ ਚਕਾ-ਚੌਂਦ ਵਿੱਚ ਫਸਿਆ ਮਨੁੱਖ ਸਭ ਤੋਂ ਪਹਿਲਾ ਕੰਮ ਆਪਣੇ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦੀ ਵਿੱਚੋਂ ਵਗਾਹ ਮਾਰ ਕੇ ਡੇ-ਬੋਰਡਿੰਗ ਨਾਂ ਦੇ ਜਾਂ ਇਹੋ ਜਿਹੇ ਹੋਰ ਪੈਸਾ ਕਮਾਊ ਅਦਾਰਿਆਂ ਵਿੱਚ ਵਗਾਹ ਮਾਰਦਾ ਹੈ। ਕੀ ਮਾਂ ਬਾਪ ਦੀ ਗੋਦੀ ਨਾਲੋਂ ਲੋਹੇ ਦੀਆਂ ਕੁਰਸੀਆਂ ਜਿਆਦਾ ਸੁਆਦ ਦਿੰਦੀਆਂ ਹਨ? ਕੀ ਮਾਂ ਬਾਪ ਦੇ ਪਿਆਰ ਨਾਲੋਂ ਤਨਖਾਹਾਂ ਲਈ ਕੰਮ ਕਰਨ ਵਾਲੇ ਜਿਆਦਾ ਸਿੱਖਿਆ ਦੇ ਸਕਦੇ ਹਨ? ਨਹੀਂ૴ ਪਰ ਸਮਾਜ ਦਾ ਪੈਸੇ ਦੇ ਘੋੜੇ ਤੇ ਚੜਿਆ ਸਿਆਣਾ ਅਖਵਾਉਂਦਾ ਵਰਗ ਜੋ ਅਸਲੋਂ ਮੂਰਖ ਹੈ -ਇਹ ਹੀ ਸੋਚਦਾ ਹੈ। ਜਿਸ ਬਚਪਨ ਨੇ ਹਾਲੇ ਪੂਰਾ ਬੋਲਣਾ ਵੀ ਨਹੀਂ ਸਿੱਖਿਆ ਹੁੰਦਾ ਉਸਦੇ ਗਲ ਵਿੱਚ ਵਿਦਿਆ ਦੀ ਕਿਤਾਬਾਂ ਦੇ ਨਾਂ ਤੇ ਗਲ ਵਿੱਚ ਪਇਆ ਹੋਇਆ ਬਸਤਾ ਜੋ ਫਾਂਸੀ ਦੇ ਫੰਦੇ ਨਾਲੋਂ ਵੀ ਖਤਰਨਾਕ ਹੁੰਦਾ ਹੈ, ਪੱਕੇ ਤੌਰ ਤੇ ਹੀ ਪਾ ਦਿੱਤਾ ਜਾਂਦਾ ਹੈ। ਜਿਸ ਬਚਪਨ ਦੇ ਜੰਮਦਿਆਂ ਹੀ ਉਸ ਦੇ ਗਲ ਹੱਸਣ ਦੀ ਥਾਂ ਰੋਣਾ ਬੰਨ ਦਿੱਤਾ ਜਾਦਾਂ ਹੈ ਉਸ ਦੇ ਵਿੱਚ ਮਨੁੱਖੀ ਹਮਦਰਦੀ ਦਾ ਬੀਜ ਉਪਜਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਬੇਰਹਿਮੀ ਦਾ ਬੀਜ ਹਰਾ ਹੋ ਜਾਂਦਾ ਹੈ। ਇਹ ਬੇਰਹਿਮੀ ਦਾ ਬੀਜ ਕਿਸੇ ਹੋਰ ਪ੍ਰਤੀ ਨਹੀਂ ਉਸਦੇ ਜੰਮਣ ਵਾਲਿਆਂ ਪ੍ਰਤੀ ਹੀ ਹਰਾ ਹੁੰਦਾ ਹੈ। ਅੱਜ ਦੇ ਬਜੁਰਗਾਂ ਦਾ ਮੰਦਾਂ ਹਾਲ ਹੋਣ ਪਿੱਛੇ ਵੀ ਇਹੋ ਕਾਰਨ ਹੀ ਹੈ ਕਿਉਂਕਿ ਇੰਹਨਾਂ ਨੇ ਆਪਣੇ ਜੰਮਿਆਂ ਨੂੰ ਪੈਸਾ ਕਮਾਉਣ ਲਈ ਹੀ ਠੱਗੀ ਮਾਰਨ ਵਾਲੀ ਵਿਦਿਆ ਸਿੱਖਣ ਦੇ ਘੋੜੇ ਤੇ ਬਿਠਾਇਆ ਹੈ। ਇਸ ਸਰਪਟ ਦੌੜਦੇ ਘੋੜੇ ਤੇ ਚੜਿਆ ਬਚਪਨ ਜਵਾਨ ਹੋ ਕੇ ਵੀ ਘਰ ਵਾਪਸ ਨਹੀਂ ਆਇਆ ਸਗੋਂ ਹੋਰ ਦੂਰ ਦੇਸਾਂ -ਕੈਨੇਡਾ ਅਮਰੀਕਾ ਤੱਕ ਦੌੜਿਆ ਜਾ ਰਿਹਾ ਹੈ। ਵੱਡੇ ਘਰਾਂ ਦੇ ਬੰਦ ਕਮਰਿਆਂ ਵਿੱਚ ਰੋਂਦੇ ਬਜੁਰਗ ਆਪਣੇ ਕੀਤੇ ਮਾੜੇ ਕੰਮਾਂ ਕਾਰਨ ਰੱਬ ਜਾਂ ਸਮਾਜ ਦੀ ਹਵਾ ਨੂੰ ਦੋਸੀ ਗਰਦਾਨਦੇ ਹੋਏ ਕਦੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਇਹ ਸਾਰੀ ਅੱਗ ਉਹਨਾਂ ਖੁਦ ਪੈਦਾ ਕੀਤੀ ਹੈ। ਇਸ ਤਰਾਂ ਦੇ ਮਾਇਆ ਧਾਰੀ ਲੋਕ ਕਦੇ ਨਹੀਂ ਸਮਝਣਗੇ ਕਿ ਉਹ ਕੱਲ ਵੀ ਅੰਨੇ ਬੋਲੇ ਹੋ ਮਾਇਆ ਧਾਰੀ ਸਨ ਅਤੇ ਅੱਜ ਵੀ ਉਹਨਾਂ ਦੀ ਫਿਤਰਤ ਉਹੀ ਹੈ। ਦੁਨੀਆਂ ਦੇ ਸਿਕੰਦਰ-ਹਿਟਲਰ ਅੱਜ ਦੇ ਮਾਪਿਆਂ ਨਾਲੋਂ ਲੱਖ ਦਰਜੇ ਚੰਗੇ ਸਨ ਜਿੰਹਨਾਂ ਆਪਣੀਆਂ ਔਲਾਦਾ ਨਾਲ ਇਹੋ ਜਿਹੇ ਵਤੀਰੇ ਨਹੀਂ ਅਪਣਾਏ ਸਨ। ਦੁਨੀਆਂ ਦੇ ਸਿਕੰਦਰਾਂ ਨੇ ਆਪਣੀ ਔਲਾਦ ਨੂੰ ਜੰਗਾਂ ਯੁੱਧਾਂ ਵਿੱਚ ਵੀ ਆਪਣੇ ਕੋਲ ਰੱਖਕੇ ਸਿੱਖਿਆ ਦਿੱਤੀ ਸੀ ਪਰ ਅੱਜ ਦਾ ਮਨੁੱਖ ਤਾਂ ਆਪਣੇ ਬੱਚਿਆਂ ਦੇ ਮੂੰਹ ਵਿੱਚ ਸਿੱਖਿਆ ਆਪਣੇ ਆਚਰਣ ਦੀ ਨਹੀਂ ਦਿੰਦਾ ਸਗੋਂ ਮੁੱਲ ਦੇ ਪੈਸੇ ਨਾਲ ਖਰੀਦ ਕੇ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਰ ਛਿਲੜਾਂ ਪਿੱਛੇ ਵਿਕ ਜਾਣ ਵਾਲੇ ਸਿੱਖਿਆ ਸ਼ਾਸਤਰੀ ਦੂਸਰਿਆਂ ਨੂੰ ਕੀ ਸਿੱਖਿਅਂ ਦੇਣਗੇ ਜੋ ਆਪਣੇ ਆਪ ਨੂੰ ਵੀ ਸਿੱਖਿਆ ਨਹੀਂ ਦੇ ਸਕਦੇ। ਦੁਨੀਆਂ ਦਾ ਮਨੁੱਖ ਜਦ ਵੀ ਕਦੇ ਸਿਆਣਾ ਹੋ ਜਾਂਦਾ ਹੈ ਤਦ ਉਹ ਹਰ ਤਰਾਂ ਦੀ ਗੁਲਾਮੀ ਤਿਆਗ ਦਿੰਦਾ ਹੈ। ਦੁਨੀਆਂ ਦਾ ਕੋਈ ਵੀ ਫਕੀਰ ਦਰਵੇਸ਼ ਵਿਅਕਤੀ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਅਤੇ ਉਹਨਾਂ ਦਾ ਜੀਵਨ ਚਰਿੱਤਰ ਅੱਜ ਵੀ ਸਿੱਖਿਆ ਦਿੰਦਾ ਹੈ। ਪਰ ਦੁਨੀਆਂ ਦਾ ਕੋਈ ਵੀ ਮੁੱਲ ਦਾ ਸਿੱਖਿਆ ਸ਼ਾਸਤਰੀ ਦੁਨੀਆਂ ਦੇ ਸਿਰ ਝੁਕਾਉਣ ਦੀ ਅਵਸਥਾ ਤੱਕ ਨਹੀਂ ਪਹੁੰਚਿਆਂ। ਲੋਕ ਹਿੱਤਾਂ ਲਈ ਜਾਨਾਂ ਵਾਰ ਜਾਣ ਵਾਲੇ ਨਾਸਤਿਕ ਲੋਕ ਵੀ ਪੂਜਣ ਯੋਗ ਹੋ ਜਾਂਦੇ ਨੇ ਕਿਉਕਿ ਉਹਨਾਂ ਗੁਲਾਮੀ ਤਿਆਗ ਕੇ ਅਤੇ ਜਾਨਾਂ ਵਾਰ ਕੇ ਜਿੰਦਗੀ ਦੀ ਕਿਤਾਬ ਲਿਖੀ ਹੈ। ਅੱਜ ਦੀ ਸਾਰੀ ਸਿੱਖਿਆ ਗੁਲਾਮਾਂ ਦੀ ਗੁਲਾਮਾਂ ਨੂੰ ਗੁਲਾਮਾਂ ਦੁਆਰਾ ਬਣਿਆ ਹੋਇਆ ਪਰਬੰਧ ਹੈ ਜਿਸ ਵਿੱਚੋਂ ਪੈਸੇ ਦਾ ਗੁਲਾਮ ਪਿਆਰ ਰਹਿਤ ਬੇਰਹਿਮ ਸਮਾਜ ਪੈਦਾ ਹੋ ਰਿਹਾ ਹੈ ਜੋ ਸਿਰਫ ਕਾਨੂੰਨ ਨਾਂ ਦੇ ਡੰਡੇ ਨਾਲ ਹੀ ਤੋਰਿਆਂ ਜਾਂਦਾ ਹੈ ਨਾਂ ਕਿ ਮਨੁੱਖੀ ਆਚਰਣ ਦੁਆਰਾ ਆਪਣੇ ਆਪ ਸਿੱਧੇ ਰਾਹ ਤੁਰੇ।
ਪਿੱਛਲੇ ਸਮਿਆਂ ਵਿੱਚ ਭਾਵੇਂ ਵਿਦਿਆ ਦਾ ਪਸਾਰਾ ਘੱਟ ਸੀ ਪਰ ਜੋ ਵੀ ਸਿੱਖਿਆ ਮਿਲਦੀ ਸੀ ਉਹ ਨਿਸ਼ਕਾਮ ਬਜੁਰਗ ਸਿਆਣੇ ਲੋਕਾਂ ਕੋਲੋਂ ਮਿਲਦੀ ਸੀ ਜੋ ਧਾਰਮਿਕ ਸਥਾਨਾਂ ਦੇ ਵਿੱਚ ਬੈਠੇ ਹੋਏ ਅਸਲੀ ਧਾਰਮਿਕ ਤਿਆਗੀ ਲੋਕ ਸਨ ਜੋ ਬੱਚਿਆਂ ਨੂੰ ਬਿਨਾਂ ਤਨਖਾਹ ਲਿਆਂ ਲਾਲਚ ਰਹਿਤ ਸਿੱਖਿਆ ਦੇਣ ਵਾਲੇ ਨਿਸ਼ਕਾਮ ਲੋਕ ਹੁੰਦੇ ਸਨ। ਉਹ ਸਿੱਖਿਆ ਕਿਸੇ ਨੂੰ ਨੌਕਰੀਆਂ ਦੇ ਘੋੜੇ ਤੇ ਚੜਾਉਣ ਲਈ ਨਹੀਂ ਸੀ ਸਗੋਂ ਦੂਸਰਿਆਂ ਦੇ ਕੰਮ ਆਉਣ ਲਈ ਸਿਖਾਈ ਜਾਂਦੀ ਸੀ। ਉਸ ਵੇਲੇ ਨਿਰੋਲ ਧਾਰਮਿਕ ਗਰੰਥਾਂ ਵਿੱਚੋਂ ਸਿੱਖਿਆ ਦੇ ਕੇ ਉੱਚੇ ਆਚਰਣ ਵਾਲੇ ਲੋਕ ਪੈਦਾ ਕੀਤੇ ਜਾਂਦੇ ਸਨ ਜਿਸ ਵਿੱਚੋਂ ਸੂਲੀ ਚੜਨ ਵਾਲੇ ਈਸਾਂ ਮਸੀਹ, ਸੱਚ ਬੋਲਣ ਵਾਲੇ ਸੁਕਰਾਤ, ਤੱਤੀ ਤਵੀਆਂ ਤੇ ਬੈਠ ਜਾਣ ਵਾਲੇ ਅਰਜਨ ਗੁਰੁ, ਚਾਂਦਨੀ ਚੌਂਕ ਵਿੱਚ ਸੱਚ ਲਈ ਸਿਰ ਕਟਵਾ ਦੇਣ ਵਾਲੇ ਗੁਰੂ ਤੇਗ ਬਹਾਦਰ, ਪੈਦਾ ਹੋਏ। ਅੱਜ ਦੀ ਸਿੱਖਿਆ ਵਿੱਚ ਦੁਨੀਆਂ ਨੂੰ ਲੁੱਟਣ ਵਾਲੇ ਬਿਲ ਗੇਟਸ, ਅੰਬਾਨੀ, ਟਾਟੇ, ਬਿਰਲੇ ਪੈਦਾ ਹੋ ਰਹੇ ਹਨ ਜੋ ਕੁੱਝ ਸਾਲਾਂ ਵਿੱਚ ਪੈਸੇ ਦੇ ਪਹਾੜ ਖੜ੍ਹੇ ਕਰ ਗਏ ਹਨ ਕਿਉਂਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਭ੍ਰਿਸ਼ਟ ਲੋਕ ਹਨ ਜੋ ਅੱਜ ਦੇ ਸਮਾਜ ਦੇ ਪੱਥ ਪ੍ਰਦਰਸ਼ਕ ਬਣਾਏ ਜਾ ਰਹੇ ਹਨ। ਇਹੋ ਜਿਹੇ ਪੱਥ ਪ੍ਰਦਰਸ਼ਕ ਤੋਂ ਸਮਾਜ ਬੇਰਹਿਮ ਹੋਣ ਦੀ ਹੀ ਸਿੱਖਿਆ ਲਵੇਗਾ। ਅੱਜ ਦੇ ਬੱਚਿਆਂ ਨੂੰ ਵੰਡ ਕੇ ਖਾਣ ਦੀ ਸਿੱਖਿਆ ਦੇਣ ਦੀ ਥਾਂ ਦੂਸਰਿਆਂ ਦੇ ਹੱਕ ਮਾਰਕੇ ਖਾਣ ਦੀ ਸਿੱਖਿਆ ਦੇ ਕੇ ਅਸੀਂ ਸਿਆਣੇ ਨਹੀਂ ਬਣ ਸਕਾਂਗੇ ਸਗੋਂ ਇਤਿਹਾਸ ਦੇ ਸਭ ਤੋਂ ਮੂਰਖ ਲੋਕ ਹੀ ਗਰਦਾਨੇ ਜਾਵਾਂਗੇ।
ਗਰੀਬ ਲੋਕ ਜੋ ਆਪਣੇ ਬੱਚਿਆਂ ਨੂੰ ਇਹੋ ਜਿਹੀ ਲੁਟੇਰੀ ਸਿੱਖੀਆ ਨਹੀਂ ਦਿਵਾ ਸਕਣਗੇ ਵੀ ਘੱਟੋ ਘੱਟ ਇਸ ਧਰਤੀ ਤੇ ਇਨਸਾਨੀ ਫਿਤਰਤ ਨੂੰ ਸੰਭਾਲ ਰੱਖਣ ਵਾਲੇ ਯੋਧੇ ਦੇ ਤੌਰ ਤੇ ਜਾਣੇ ਜਾਣਗੇ। ਗਰੀਬ ਲੋਕ ਹਮੇਸ਼ਾਂ ਕੰਡਿਆਂ ਤੇ ਤੁਰਨਾ ਸਿੱਖ ਜਾਂਦੇ ਹਨ -ਔਖੀਆਂ ਘਾਟੀਆਂ ਪਾਰ ਕਰਨ ਵਾਲੇ ਬਣਦੇ ਹਨ ਪਰ ਅਖੌਤੀ ਅਮੀਰ ਲੁਟੇਰੇ ਲੋਕ ਤਾਂ ਔਖੇ ਸਮਿਆਂ ਵਿੱਚ ਆਤਮਘਾਤ ਹੀ ਕਰ ਜਾਂਦੇ ਹਨ। ਵਰਤਮਾਨ ਸਿੱਖਿਆ ਦੇ ਵਿੱਚੋਂ ਪੈਦਾ ਹੋਈ ਤਬਾਹ ਕਰੂ ਤਕਨੀਕ ਸਭ ਤੋਂ ਪਹਿਲਾ ਵਾਰ ਵੀ ਅਮੀਰਾਂ ਦੀਆਂ ਬਸਤੀਆਂ ਤੇ ਹੀ ਕਰਦੀ ਹੈ ਅਤੇ ਵਰਤਮਾਨ ਸਮਾਜ ਦਾ ਲੁਟੇਰਾ ਅਖੌਤੀ ਸਿਆਣਾ ਵਰਗ ਆਪਣੀ ਕਬਰ ਆਪ ਹੀ ਪੁੱਟ ਲੈਂਦਾ ਹੈ। ਕਿਸੇ ਸ਼ਾਇਰ ਦਾ ਕਥਨ ਕਿ “ਜੀਏ ਜਾ ਰਹੇਂ ਹੈ ਆਪਨੀ ਮੌਤ ਕਾ ਸਮਾਨ ਲੀਏ ਹੂਏ” ਅੱਜ ਦੇ ਅਖੌਤੀ ਅਗਿਆਨੀ ਅਮੀਰ ਵਰਗ ਤੇ ਪੂਰਾ ਢੁੱਕਦਾ ਹੈ ਕਿੰਨੇ ਚੰਗੇ ਹੁੰਦੇ ਹਨ ਉਹ ਲੋਕ ਜਿੰਹਨਾਂ ਕੋਲ ਨਿਮਰਤਾ ਅਤੇ ਗਰੀਬੀ ਦਾ ਗਹਿਣਾ ਹੁੰਦੲ ਹੈ ਅਤੇ ਗੁਰੂ ਨਾਨਕ ਦਾ ਬੋਲ ਕਿ -ਗਰੀਬੀ ਗਦਾ ਹਮਾਰੀ, ਉਹਨਾਂ ਦਾ ਰਾਹ ਰੁਸ਼ਨਾਉਂਦੀ ਹੈ। ਗਰੀਬ ਲੋਕਾਂ ਦੇ ਘਰ ਅਤੇ ਦਿਲਾਂ ਵਿੱਚ ਤਾਂ ਰੱਬ ਵਸਦਾ ਹੈ।
ਸੋ ਹੇ ਮਨੁੱਖ ਜੇ ਤੇਰੇ ਕੋਲ ਅਮੀਰੀ -ਜੋ ਦੁਨਿਆਵੀ ਹੈ, ਮਿਲ ਗਈ ਹੈ ਤਦ ਵੀ ਨਿਮਰਤਾ ਅਤੇ ਗਰੀਬੀ ਜੋ ਮਨ ਵਿੱਚ ਹੋਵੇ ਕਦੇ ਵਗਾਹ ਨਾਂ ਮਾਰ ਜੋ ਤੈਨੂੰ ਹਕੀਕਤਾਂ ਨੂੰ ਸਮਝਣ ਦਾ ਵੱਲ ਦਿੰਦੀ ਰਹੇਗੀ। ਸਿਆਣੇ ਲੋਕ ਉਹ ਹੀ ਹੋਣਗੇ ਜੋ ਆਪਣੇ ਵਾਰਿਸਾਂ ਵਿੱਚ ਅਖੌਤੀ ਵਿਦਿਆ ਦੇ ਨਾਲ ਨਾਲ ਚੰਗੇ ਆਚਰਣ ਦੀ ਉਸਾਰੀ ਵੀ ਕਰ ਲੈਣਗੇ ਜੋ ਹਮੇਸ਼ਾਂ ਬਜੁਰਗਾਂ ਅਤੇ ਮਾਪਿਆਂ ਦੀ ਗੋਦੀ ਦੇ ਨਿੱਘ ਵਿੱਚੋਂ ਨਸੀਬ ਹੁੰਦੀ ਹੈ। ਬੇਭਾਗੇ ਲੋਕ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਬਚਪਨ ਵਰਗੇ ਸਵੱਰਗ ਵਿੱਚ ਇਹ ਸੁਆਦ ਨਹੀਂ ਦੇ ਪਾਉਂਦੇ ਅਤੇ ਫਿਰ ਆਪ ਵੀ ਜਿੰਦਗੀ ਦੇ ਚੌਥੇ ਪਹਿਰ -ਜੋ ਕਲਯੁੱਗ ਦਾ ਸਮਾਂ ਆਉਂਦਾਂ ਹੈ, ਵਿੱਚ ਆਪਣੇ ਕੀਤੇ ਬੁਰੇ ਕਰਮਾਂ ਦਾ ਫਲ ਭੁਗਤਦੇ ਹੋਏ ਇਕੱਲਤਾ ਹੰਢਾਉਂਦੇ ਹਨ।
“ਦਦਾ ਦੋਸ਼ ਨਾਂ ਦੇਊ ਕਰਤੈ ਦੋਸ਼ ਕਰੱਮਾਂ ਆਪਣਿਆਂ” ਗੀਤਾ ਉਪਦੇਸ਼ ਵੀ ਸੱਚ ਸਿੱਧ ਹੋ ਜਾਂਦਾ ਹੈ ਕਿ ਕਰਮ ਹੀ ਕਿਸਮਤ ਹੈ ਜਿਹੋ ਜਿਹਾ ਕਰੋਗੇ ਉਹੋ ਜਿਹਾ ਪਾਉਗੇ।

 

Install Punjabi Akhbar App

Install
×