ਵਿਦਵਾਨ ਲੇਖਕ ਤੇ ਇਮਾਨਦਾਰੀ ਦੀ ਮਿਸਾਲ ਸਨ ਸ੍ਰ: ਗੁਰਚਰਨ ਸਿੰਘ ਪੰਛੀ

(ਭੋਗ ਤੇ ਵਿਸੇਸ਼)

ਪ੍ਰਸਿੱਧ ਵਿਦਵਾਨ, ਲੇਖਕ, ਮਰਹੂਮ ਰਾਸਟਰਪਤੀ ਗਿ: ਜੈਲ ਸਿੰਘ ਦੇ ਅਤੀ ਨਜਦੀਕੀ ਰਹੇ ਸ੍ਰ: ਗੁਰਚਰਨ ਸਿੰਘ ਪੰਛੀ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਪਿੰਡ ਪਿੱਥੋ ਜਿਲ੍ਹਾ ਬਠਿੰਡਾ ਦੇ ਜੰਮਪਲ ਸ੍ਰ: ਪੰਛੀ ਇੱਕ ਚੰਗੇ ਲਿਖਾਰੀ ਸਨ ਅਤੇ ਰਸਾਲਾ ਵਿਸਵਨੂਰ ਦੇ ਸੰਪਾਦਕ ਵੀ ਰਹੇ। ਉਹਨਾਂ ਬਹੁਤ ਲੇਖ ਅਤੇ ਹੋਰ ਰਚਨਾਵਾਂ ਸਾਹਿਤ ਦੀ ਝੋਲੀ ਪਾਈਆਂ। ਉਹ ਸਮਾਜਿਕ ਗਿਰਾਵਟਾਂ ਤੇ ਸਿਆਸਤ ਵਿੱਚ ਆਏ ਨਿਘਾਰ ਪ੍ਰਤੀ ਬਹੁਤ ਚਿੰਤਤ ਰਹਿੰਦੇ ਸਨ। ਇਮਾਨਦਾਰੀ ਦੇ ਪੱਖ ਤੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਉਹਨਾਂ ਦੀ ਮਿਸਾਲ ਦਿੱਤੀ ਜਾਂਦੀ ਹੈ।
ਪ੍ਰਸਿੱਧ ਸਿਆਸਤਦਾਨ ਗਿ: ਜੈਲ ਸਿੰਘ ਨਾਲ ਉਹਨਾਂ ਦਾ ਉਭਰਦੀ ਜਵਾਨੀ ਸਮੇਂ ਹੀ ਸੰਪਰਕ ਹੋ ਗਿਆ ਸੀ ਤੇ ਉਹ ਉਹਨਾਂ ਦੇ ਹਰ ਦੁਖ ਸੁਖ ਵਿੱਚ ਸਾਥੀ ਬਣੇ ਰਹੇ। ਸਾਲ 1972 ਵਿੱਚ ਗਿ: ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਸ੍ਰੀ ਪੰਛੀ ਨੂੰ ਉਹਨਾਂ ਆਪਣਾ ਰਾਜਸੀ ਸਕੱਤਰ ਨਿਯੁਕਤ ਕੀਤਾ। ਗਿ: ਜੈਲ ਸਿੰਘ ਕੇਂਦਰ ਦੇ ਗ੍ਰਹਿ ਮੰਤਰੀ ਬਣੇ ਤਾਂ ਸ੍ਰੀ ਪੰਛੀ ਵੀ ਉਹਨਾਂ ਨਾਲ ਦਿੱਲੀ ਚਲੇ ਗਏ। ਸਾਲ 1982 ਵਿੱਚ ਗਿ: ਜੈਲ ਸਿੰਘ ਰਾਸਟਰਪਤੀ ਬਣ ਗਏ ਤਾਂ ਉਦੋਂ ਵੀ ਸ੍ਰ: ਪੰਛੀ ਨੂੰ ਉਹਨਾਂ ਆਪਣਾ ਸਲਾਹਕਾਰ ਬਣਾਇਆ ਤੇ ਬਹੁਤਾ ਸਮਾਂ ਉਹ ਰਾਸਟਰਪਤੀ ਭਵਨ ਵਿੱਚ ਹੀ ਰਹੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸਮੇਤ ਕੇਂਦਰ ਦੇ ਹਰ ਉੱਚ ਪੱਧਰ ਦੇ ਆਗੂ ਨੂੰ ਮਿਲਦੇ ਰਹੇ।
ਸ੍ਰ: ਪੰਛੀ ਦੀ ਲੇਖਕ ਹੋਣ ਸਦਕਾ ਉੱਘੀ ਕਵਿੱਤਰੀ ਅਮ੍ਰਿਤਾ ਪ੍ਰੀਤਮ ਨਾਲ ਬਹੁਤ ਨੇੜਤਾ ਸੀ, ਦਿੱਲੀ ਵਿਖੇ ਅਮ੍ਰਿਤਾ ਦੇ ਘਰ ਹੋਣ ਵਾਲੀਆਂ ਸਾਹਿਤਕ ਮਹਿਫਲਾਂ ਵਿੱਚ ਉਹ ਸਿਰਕਤ ਕਰਦੇ ਰਹੇ। ਪੰਜਾਬੀ ਦੇ ਹਰ ਵੱਡੇ ਲੇਖਕ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ। ਗਿ: ਜੈਲ ਸਿੰਘ ਦੇ ਰਾਸਟਰਪਤੀ ਅਹੁਦੇ ਤੋਂ ਸੇਵਾਮੁਕਤ ਹੋਣ ਤੇ ਉਹ ਦਿੱਲੀ ਛੱਡ ਕੇ ਆਪਣੇ ਪਿੰਡ ਪਿੱਥੋ ਆ ਗਏ। ਏਨੀਆਂ ਉੱਚੀਆਂ ਪੁਜੀਸਨਾਂ ਤੇ ਰਹਿੰਦੇ ਰਹਿਣ ਦੇ ਬਾਵਜੂਦ ਵੀ ਉਹਨਾਂ ਕੋਈ ਨਿੱਜੀ ਲਾਭ ਨਹੀਂ ਲਿਆ। ਆਪਣੇ ਜੀਵਨ ਦੇ ਅੰਤਲੇ ਕੁੱਝ ਵਰ੍ਹੇ ਉਹ ਆਪਣੀ ਖਾਨਦਾਨੀ ਡੇਢ ਕੁ ਏਕੜ ਜਮੀਨ ਤੇ ਗੁਜਾਰਾ ਕਰਦੇ ਰਹੇ। ਉਹਨਾਂ ਦਾ ਪਰਿਵਾਰ ਅੱਜ ਤੰਗੀਆਂ ਤਰੁਸੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਹੈ। ਪਰ ਇਲਾਕੇ ਦੇ ਲੋਕ ਇਮਾਨਦਾਰੀ ਦੇ ਪੱਖ ਤੋਂ ਕੇਵਲ ਉਹਨਾਂ ਦੀ ਸਲਾਘਾ ਹੀ ਨਹੀਂ ਕਰਦੇ, ਬਲਕਿ ਮਾਣ ਕਰਦੇ ਹਨ। ਅੱਜ ਉਹਨਾਂ ਦਾ ਪਿੰਡ ਪਿੱਥੋ ਵਿਖੇ ਨਾਮਧਾਰੀ ਸਹੀਦੀ ਸਮਾਰਕ ਵਿਖੇ ਉਹਨਾਂ ਨਮਿੱਤ ਰੱਖੇ ਪਾਠ ਦੇ ਭੋਗ ਉਪਰੰਤ ਸਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

Welcome to Punjabi Akhbar

Install Punjabi Akhbar
×
Enable Notifications    OK No thanks