ਹਫਤਾਵਾਰੀ ਅਖ਼ਬਾਰ “ਦੇਸ ਪ੍ਰਦੇਸ਼” ਦੇ ਸੰਪਾਦਕ ਗੁਰਬਖਸ਼ ਸਿੰਘ ਵਿਰਕ ਦਾ ਦੇਹਾਂਤ 

ਬਰਤਾਨੀਆ ਦੀ ਧਰਤੀ ‘ਤੇ ਪੱਤਰਕਾਰਤਾ ਲਈ ਮੰਦਭਾਗਾ ਦਿਨ- ਸ਼ਿਵਚਰਨ ਜੱਗੀ ਕੁੱਸਾ

ਲੰਡਨ/ ਗਲਾਸਗੋ – ਬਰਤਾਨੀਆ ਦੇ ਪ੍ਰਸਿੱਧ ਹਫਤਾਵਾਰੀ ਅਖ਼ਬਾਰ ‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸ੍ਰ. ਗੁਰਬਖ਼ਸ਼ ਸਿੰਘ ਵਿਰਕ ਜੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਬਰਤਾਨੀਆ ਦੀ ਧਰਤੀ ‘ਤੇ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ। 86 ਸਾਲ ਦੇ ਸ਼ਾਨਾਮੱਤੇ ਜੀਵਨ ਸਫਰ ਦੌਰਾਨ ਉਹਨਾਂ ਵੱਖ ਵੱਖ ਅਖਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ। ਦੇਸ ਪ੍ਰਦੇਸ ਦੇ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਜੀ ਦੀ ਮੌਤ ਉਪਰੰਤ ਦੇਸ ਪ੍ਰਦੇਸ਼ ਨੂੰ ਮੁੜ ਉਹਨਾਂ ਲੀਹਾਂ ‘ਤੇ ਕਾਇਮ ਰੱਖਣ ਅਤੇ ਨਿਰੰਤਰ ਸਰਗਰਮ ਪੱਤਰਕਾਰਤਾ ਦਾ ਲੜ ਫੜੀ ਰੱਖਦਿਆਂ ਉਹਨਾਂ ਜਿੰਦਿਦਿਲੀ ਨਾਲ ਕੰਮ ਕੀਤਾ। ਉਹਨਾਂ ਦੇ ਅਕਾਲ ਚਲਾਣੇ ‘ਤੇ ਉਹਨਾਂ ਦੇ ਸਪੁੱਤਰ ਸਰਬਜੀਤ ਸਿੰਘ ਵਿਰਕ ਅਤੇ ਸਮੂਹ ਦੇਸ ਪ੍ਰਦੇਸ਼ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਸਿੱਧ ਸ਼ਾਇਰ ਡਾ. ਤਾਰਾ ਸਿੰਘ ਆਲਮ, ਪ੍ਰਸਿੱਧ ਕਾਰੋਬਾਰੀ ਸੋਹਣ ਸਿੰਘ ਰੰਧਾਵਾ (ਗਲਾਸਗੋ) ਨੇ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਦੀ ਦੂਰ ਅੰਦੇਸ਼ੀ ਸੋਚ ਕਰਕੇ ਹੁਣ ਤੱਕ ਦੇਸ ਪ੍ਰਦੇਸ਼ ਨੇ ਪੱਤਰਕਾਰਤਾ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ। ਜੱਗੀ ਕੁੱਸਾ ਨੇ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਥਾਪਤ ਲੇਖਕਾਂ ਨੂੰ ਵੀ ਆਪਣੇ ਨਾਲ ਪਰਿਵਾਰ ਵਾਂਗ ਜੋੜ ਕੇ ਰੱਖਦੇ ਸਨ। ਡਾ. ਤਾਰਾ ਸਿੰਘ ਆਲਮ ਦਾ ਕਹਿਣਾ ਸੀ ਕਿ ਉਹਨਾਂ ਦੇ ਜਾਣ ਨਾਲ ਬਰਤਾਨੀਆ ਵਿਚ ਪੱਤਰਕਾਰਤਾ ਦੇ ਇੱਕ ਯੁਗ ਦਾ ਅੰਤ ਹੋਇਆ ਹੈ ਪਰ ਉਮੀਦ ਹੈ ਕਿ ਸਰਬਜੀਤ ਸਿੰਘ ਵਿਰਕ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਲਈ ਡਟੇ ਰਹਿਣਗੇ।