ਵੈਸੇ ਅਮਰੀਕਾ ਵਿੱਚ ਅਜਿਹੀਆਂ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਹਨ ਪਰ ਟੈਕਸਾਸ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ ਮੰਦਭਾਗੀ ਘਟਨਾ ਨੇ ਸਮੁੱਚੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹੁਣ ਅਮਰੀਕਾ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਦੇਸ਼ ਅੰਦਰ ਹਥਿਆਰਾਂ ਸਬੰਧੀ ਕਾਨੂੰਨਾਂ ਵਿੱਚ ਬਦਲਾਅ ਕਰਨੇ ਹੀ ਪੈਣਗੇ। ਇਸ ਵਾਸਤੇ ਉਹ ਆਸਟ੍ਰੇਲੀਆਈ ਨੀਤੀਆਂ ਅਤੇ ਕਾਨੂੰਨਾਂ ਵੱਲ ਦੇਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਸਟ੍ਰੇਲੀਆ ਦੇ ਪੋਰਟ ਆਰਥਰ ਵਿਖੇ ਸਾਲ 1996 ਦੌਰਾਨ ਵਾਪਰੀ ਘਟਨਾ ਤੋਂ ਬਾਅਦ ਦੇਸ਼ ਅੰਦਰ ਸੈਮੀ-ਆਟੌਮੈਟਿਕ ਹਥਿਆਰਾਂ ਜੇ ਜਨਤਕ ਇਸਤੇਮਾਲ ਉਪਰ ਪਾਬੰਧੀ ਲਗਾ ਦਿੱਤੀ ਗਈ ਸੀ ਅਤੇ ਕੌਮੀ ਪੱਧਰ ਉਪਰ ਬੰਦੂਕਾਂ ਆਦਿ ਦੀ ਖ਼ਰੀਦ-ਓ-ਫ਼ਰੋਖ਼ਤ ਲਈ ਇੱਕ ਸਮਾਨ ਨੀਤੀ ਬਣਾਈ ਗਈ ਸੀ ਜਿਸ ਦਾ ਕਿ ਕਾਫੀ ਫਾਇਦਾ ਵੀ ਹੋਇਆ।
ਅਮਰੀਕਾ ਵਿੱਚ ਇਸ ਦਾ ਮਿਲਿਆ ਜੁਲਿਆ ਰੁਖ਼ ਦਿਖਾਈ ਦੇ ਰਿਹ ਹੈ। ਕਈ ਲੋਕ ਕਹਿੰਦੇ ਹਨ ਕਿ ਆਸਟ੍ਰੇਲੀਆ ਦੀ ਨੀਤੀ ਠੀਕ ਹੈ ਪਰੰਤੂ ਕਈ ਇਸ ਦੇ ਖ਼ਿਲਾਫ਼ ਵੀ ਬੋਲਦੇ ਹਨ।
ਜਨਤਕ ਹਥਿਆਰਾਂ ਸਬੰਧੀ, ਸਾਲ 2000 ਵਿੱਚ, ਜੋਇ ਬਾਇਡਨ ਜਦੋਂ ਸੈਨੇਟਰ ਸਨ ਤਾਂ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇੱਕ ਡ੍ਰਾਫਟ ਬਿਲ ਦੀ ਮਿਆਦ ਖ਼ਤਮ ਹੋ ਗਈ ਸੀ ਅਤੇ ਮਾਮਲੇ ਮੁੜ ਤੋਂ ਠੰਢੇ ਬਸਤੇ ਵਿੱਚ ਪੈ ਗਿਆ ਸੀ।
ਇਸ ਸਮੇਂ ਜੇਕਰ ਅਮਰੀਕੀ ਸਦਨ ਵਿੱਚ ਅਜਿਹਾ ਕੋਈ ਬਿਲ ਪੇਸ਼ ਕੀਤਾ ਜਾਂਦਾ ਹੈ ਤਾਂ ਸੈਨੇਟ ਨੂੰ ਇਸ ਨੂੰ ਪਾਸ ਕਰਵਾਉਣ ਵਾਸਤੇ 60 ਵੋਟਾਂ ਦੀ ਜ਼ਰੂਰਤ ਹੈ ਜਦੋਂ ਕਿ ਡੈਮੋਕਰੇਟ ਪਾਰਟੀ ਕੋਲ 50 ਵੋਟਾਂ ਤਾਂ ਪਹਿਲਾਂ ਹੀ ਹਨ।