ਗੁਲਾਬੀ ਸੁੰਡੀ ਦੇ ਹਮਲੇ ਨੇ ਨਰਮਾ ਤਬਾਹ ਕੀਤਾ, ਫ਼ਸਲ ਵਾਹੁਣ ਲੱਗੇ ਕਿਸਾਨ

ਵੱਖ ਵੱਖ ਆਗੂਆਂ ਵੱਲੋਂ ਵਿਸੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੀ ਮੰਗ

ਬਠਿੰਡਾ -ਗੁਲਾਬੀ ਸੁੰਡੀ ਨੇ ਪੰਜਾਬ ਦੀ ਕਪਾਹ ਪੱਟੀ ਵਿੱਚ ਨਰਮੇਂ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਕਈ ਥਾਵੀਂ ਕਿਸਾਨ ਨਰਮਾਂ ਵਾਹੁਣ ਲਈ ਮਜਬੂਰ ਹੋ ਗਏ ਹਨ, ਜਿਸਦਾ ਪੰਜਾਬ ਦੇ ਕਿਸਾਨਾਂ ਤੇ ਮਜਦੂਰਾਂ ਦੀ ਆਰਥਿਕਤਾ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਇੰਕਸਾਫ਼ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾ: ਬਲਕਰਨ ਸਿੰਘ ਬਰਾੜ ਤੇ ਜਨਰਲ ਸਕੱਤਰ ਕਾ: ਬਲਦੇਵ ਸਿੰਘ ਨਿਹਾਲਗੜ੍ਹ ਨੇ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਕਪਾਹ ਪੱਟੀ ਦੇ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਸਪਸ਼ਟ ਹੋਇਆ ਕਿ ਮਾਲਵਾ ਖੇਤਰ ਦੇ ਜਿਲ੍ਹਿਆਂ, ਮੁਕਤਸਰ, ਫਾਜਿਲਕਾ, ਬਠਿੰਡਾ, ਮਾਨਸਾ, ਸੰਗਰੂਰ ਵਿੱਚ ਗੁਲਾਬੀ ਸੁੰਡੀ ਨੇ ਨਰਮੇ ਤੇ ਮਾਰੂ ਹਮਲਾ ਕੀਤਾ ਹੈ, ਜਿਸ ਸਦਕਾ ਕਈ ਥਾਵੀਂ ਕਿਸਾਨਾਂ ਨੂੰ ਆਪਣੀ ਫ਼ਸਲ ਵਾਹੁਣੀ ਪਈ ਹੈ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਇਸ ਸੁੰਡੀ ਨੇ ਹਮਲਾ ਸੁਰੂ ਕੀਤਾ ਸੀ, ਪਰ ਕਾਬੂ ਹੋ ਗਿਆ ਸੀ। ਪਹਿਲਾਂ ਹੀ ਇਸ ਹਮਲੇ ਦਾ ਖਦਸ਼ਾ ਹੋਣ ਦੇ ਬਾਵਜੁਦ ਪੰਜਾਬ ਸਰਕਾਰ ਸੁੰਡੀ ਦੀ ਰੋਕਥਾਮ ਲਈ ਬੁਰੀ ਤਰਾਂ ਫੇਲ੍ਹ ਹੋਈ ਹੈ।
ਆਗੂਆਂ ਨੇ ਕਿਹਾ ਕਿ ਘਟੀਆ ਕੀੜੇਮਾਰ ਦਵਾਈਆਂ ਕਾਰਨ ਸੁੰਡੀ ਦਾ ਖਾਤਮਾ ਨਹੀਂ ਕੀਤਾ ਜਾ ਸਕਿਆ। ਉਹਨਾਂ ਮੰਗ ਕੀਤੀ ਕਿ ਘੱਟ ਅਸਰ ਵਾਲੀਆਂ ਕੀੜੇਮਾਰ ਦਵਾਈਆਂ ਦੀ ਵਿਕਰੀ ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ। ਨਰਮੇਂ ਦੇ ਹੋਏ ਨੁਕਸਾਨ ਦਾ ਸਪੈਸਲ ਗਿਰਦਾਵਰੀ ਕਰਵਾ ਕੇ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।
ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜਿਲ੍ਹਾ ਬਠਿੰਡਾ ਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਬਲਾਕ ਤਲਵੰਡੀਸਾਬੋ ਦੇ ਪਿੰਡਾਂ ਨਥੇਹਾ, ਸੇਖੂ, ਮਿਰਜੇਆਣਾ, ਜੱਜਲ, ਮਲਕਾਣਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਬਹੁਤ ਫ਼ਸਲ ਤਬਾਹ ਹੋ ਗਈ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਪਤਾ ਲਾਉਣ ਲਈ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਜਾਣ ਅਤੇ ਕਿਸਾਨਾਂ ਨੂੰ ਤਬਾਹ ਹੋਏ ਨਰਮੇਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।
ਆਮ ਆਦਮੀ ਪਾਰਟੀ ਦੀ ਨੈਸਨਲ ਕੌਂਸਲ ਮੈਂਬਰ ਤੇ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਗੁਲਾਬੀ ਸੁੰਡੀ ਵੱਲੋਂ ਕੀਤੇ ਨੁਕਸਾਨ ਸਦਕਾ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਵਾਹੁਣ ਲਈ ਮਜਬੂਰ ਹੋ ਗਏ ਹਨ। ਆਰਥਿਕ ਤੰਗੀ ਹੰਢਾ ਰਹੇ ਰਾਜ ਦੇ ਕਿਸਾਨਾਂ ਦੇ ਨਾਲ ਨਾਲ ਮਜਦੂਰ ਵਰਗ ਤੇ ਵੀ ਨਰਮਾਂ ਤਬਾਹ ਹੋਣ ਦਾ ਮਾੜਾ ਅਸਰ ਪਵੇਗਾ। ਉਹਨਾਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਸਬੰਧੀ ਯੋਗ ਮੁਆਵਜਾ ਦਿੱਤਾ ਜਾਵੇ। ਪੰਜਾਬ ਕਿਸਾਨ ਸਭਾ ਜਿਲ੍ਹਾ ਬਠਿੰਡਾ ਦੇ ਆਗੂ ਕਾ: ਮੇਘ ਨਾਥ ਸਰਮਾਂ ਨੇ ਵੀ ਨਰਮੇਂ ਦੀ ਫਸਲ ਦੇ ਨੁਕਸਾਨ ਸਬੰਧੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਪੀੜ੍ਹਤ ਕਿਸਾਨਾਂ ਨੂੰ ਰਾਹਤ ਮਿਲ ਸਕੇ।

Install Punjabi Akhbar App

Install
×