ਜੋਸ਼ ਫਰਿਡਨਬਰਗ ਦੇ ਪੋਸਟਰ ਨੇ ਪਾਇਆ ਪੰਗਾ -‘ਗਾਈਡ ਡਾਗਜ਼ ਵਿਕਟੌਰੀਆ’ ਦੀ ਮੁੱਖੀ ਨਿਲੰਬਿਤ

ਅਗਲੇ ਮਹੀਨੇ 21 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ, ਇੱਕ ਪੋਸਟਰ ਛਾਪਿਆ ਗਿਆ ਅਤੇ ਸ਼ੋਸ਼ਲ ਮੀਡੀਆ ਉਪਰ ਇੱਕ ਵੀਡੀਓ ਪਾਈ ਗਈ ਜਿਸ ਵਿੱਚ ਕਿ ‘ਗਾਈਡ ਡਾਗਜ਼ ਵਿਕਟੌਰੀਆ’ ਦੀ ਸੀ.ਈ.ਓ. ਕੈਰਨ ਹੈਅਜ਼, ਸਾਫ਼ ਤੌਰ ਤੇ ਆਉਣ ਵਾਲੀਆਂ ਚੋਣਾਂ ਵਾਸਤੇ ਮੌਜੂਦਾ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਦੀਆਂ ਤਾਰੀਫ਼ਾਂ ਦੇ ਪੁੱਲ ਬੰਨਿਦਿਆਂ ਦਿਖਾਈ ਦਿੱਤੀ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਸਥਾ ਨੇ ਫੌਰੀ ਤੌਰ ਤੇ ਕੈਰਨ ਹੈਅਜ਼ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਨਿਲੰਬਿਤ ਕਰ ਦਿੱਤਾ ਹੈ ਅਤੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਆਸਟ੍ਰੇਲੀਆਈ ਚੈਰਿਟੀਜ਼ ਅਤੇ ਬਿਨ੍ਹਾਂ ਲਾਭ ਤੋਂ ਕੰਮ ਕਰਨ ਵਾਲੇ ਕਮਿਸ਼ਨ (Australian Charities and Not-for-profits Commission -ACNC) ਅਨੁਸਾਰ ਅਜਿਹੀਆਂ ਕਾਰਵਾਈਆਂ ਕਮਿਸ਼ਨ ਦੇ ਕਾਨੂੰਨਾਂ ਅਤੇ ਨਿਯਮਾਂ ਦੇ ਖ਼ਿਲਾਫ਼ ਹੁੰਦੀਆਂ ਹਨ ਅਤੇ ਕਮਿਸ਼ਨ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਹੈਅਜ਼ ਨੇ ਸਾਲ 2019 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੀ ਅਜਿਹੀ ਹੀ ਇੱਕ ਮਸ਼ਹੂਰੀ ਕੀਤੀ ਸੀ ਅਤੇ ਮੋਰੀਸਨ ਸਰਕਾਰ ਦੇ ਜਿੱਤਣ ਤੋਂ ਬਾਅਦ ‘ਗਾਈਡ ਡਾਗਜ਼ ਵਿਕਟੌਰੀਆ’ ਸੰਸਥਾ ਨੂੰ ਫੈਡਰਲ ਸਰਕਾਰ ਵੱਲੋਂ 2.5 ਮਿਲੀਅਨ ਡਾਲਰਾਂ ਦੀ ਰਾਸ਼ੀ, ਸੰਸਥਾ ਦੇ ਬੁਨਿਆਦੀ ਕੰਮਾਂ-ਕਾਜਾਂ ਆਦਿ ਲਈ ਦਿੱਤੇ ਵੀ ਗਏ ਸਨ।
ਜ਼ਿਕਰਯੋਗ ਇਹ ਵੀ ਹੈ ਕਿ ਜੋਸ਼ ਫਰਿਡਨਬਰਗ ਆਉਣ ਵਾਲੀਆਂ ਚੋਣਾਂ ਦੌਰਾਨ ਮੈਲਬਰਨ (ਅੰਦਰੂਨੀ) ਸੀਟ ਤੋਂ ਚੋਣਾਂ ਲੜਨਗੇ ਅਤੇ ਉਨ੍ਹਾਂ ਦੀ ਟੱਕਰ ਇਸ ਸਮੇਂ ਇੱਥੋਂ ਦੇ ਇੱਕ ਆਜ਼ਾਦ ਉਮੀਦਵਾਰ -ਮੋਨੀਕ ਰਿਆਨ ਨਾਲ ਬੜੀ ਫੱਸਵੀਂ ਮੰਨੀ ਜਾ ਰਹੀ ਹੈ।

Install Punjabi Akhbar App

Install
×