1947 ਨੂੰ ਆਜ਼ਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ

ਹੱਲਿਆਂ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ ਦੀ ਆਜ਼ਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜ਼ੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿਚ ਜਿਨ੍ਹਾਂ ਘਰਾਂ ਦੇ ਬਜ਼ੁਰਗਾਂ ਨੇ ਕਹਿਰ ਢਾਏ ਸਨ ਉਨ੍ਹਾਂ ਦੇ ਵਾਰਸ ਅੱਜ ਵੀ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਏ ਬੇਸ਼ਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਨੇ ਉਸ ਕਾਲੇ ਸਮੇਂ ਵਿਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ ਉਨ੍ਹਾਂ ਪਰਿਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰ ਕੇ ਮਾਣ ਨਾਲ ਆਪਣੇ ਬਜ਼ੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾ ਕੇ ਮਾਣ ਮਹਿਸੂਸ ਕਰਦੇ ਹਨ। ਮੇਰੇ ਪਿੰਡ ਦੇ ਜਿਨ੍ਹਾਂ ਪਰਿਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਕਲ ਉਹ ਬਹੁਤ ਵਧੀਆ ਹਾਲਤਾਂ ਵਿਚ ਇੱਜ਼ਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰਿਵਾਰ ਜਿਨ੍ਹਾਂ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ ਅੱਜ ਕਲ ਤਰਸ ਯੋਗ ਦੁੱਖਾਂ ਵਿਚ ਘਿਰੇ ਹੋਏ ਦੇਖਦਾ ਹਾਂ। ਇਸ ਤਰਾਂ ਦੀਆਂ ਕੁੱਝ ਕਹਾਣੀਆਂ ਸੁਣਾਉਣ ਨੂੰ ਦਿਲ ਭਰ ਆਉਂਦਾ ਹੈ।
ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗ਼ਰੀਬ ਮਜ਼ਹਬੀ ਪਰਿਵਾਰ ਬੰਤਾ ਸਿੰਘ ਦੇ ਬਜ਼ੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪਨਾਹਗੀਰਾਂ ਵਿਚੋਂ ਇੱਕ ਬਜ਼ੁਰਗ ਨੇ ਉਸ ਘਰ ਦੇ ਮਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿਚ ਆਪਣੇ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਲਿਆਉਣਾ ਸੰਭਵ ਨਾਂ ਹੋ ਸਕੇ। ਕੁੱਝ ਦਿਨ ਛਿਪਣ ਗਾਹ ਛੱਡਣ ਸਮੇਂ ਮਦਦਗਾਰਾਂ ਦੇ ਪਰਿਵਾਰ ਨੂੰ ਛੱਡਣ ਸਮੇਂ ਉਨ੍ਹਾਂ ਉਹ ਧਨ ਉਸ ਗ਼ਰੀਬ ਪਰਿਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਗ਼ਰੀਬ ਪਰਿਵਾਰ ਨੇ ਮੁਫ਼ਤ ਵਿਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਨਾਹਗੀਰ ਪਰਿਵਾਰ ਨੇ ਉਹ ਪੈਸਾ ਕੱਢ ਕੇ ਉਨ੍ਹਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ ਜੋ ਉਸ ਪਰਿਵਾਰ ਨੇ ਮਨਜ਼ੂਰ ਕਰ ਲਈ। ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰਿਵਾਰ ਵਾਪਸ ਵੀ ਨਾਂ ਆਏ ਤਦ ਉਨ੍ਹਾਂ ਦੇ ਘਰੋਂ ਮਿਲਿਆ ਉਹ ਧਨ ਇਸ ਗ਼ਰੀਬ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇ ਕੇ ਉਸ ਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ। ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾਂ ਉੱਜੜੇ ਹੋਏ ਮੁਸਲਮਾਨ ਪਰਿਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦਵਾਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ ਜਿਸ ਨੂੰ ਅੱਜ ਕਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ। ਮਦਦਗਾਰ ਗ਼ਰੀਬ ਪਰਿਵਾਰ ਕਿਰਤ ਅਤੇ ਮਿਹਨਤੀ ਹੋਣ ਕਾਰਨ ਅੱਜ ਕਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਕ ਬਣਿਆ ਹੋਇਆ ਹੈ।
ਇਸ ਤਰਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜ੍ਹੀ ਦੇ ਨਾਂ ਨਾਲ ਮਸ਼ਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ ਜਿਸ ਨੇ ਵੀ ਕਈ ਮੁਸਲਮਾਨ ਪਰਿਵਾਰਾਂ ਦੇ ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ। ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗ਼ਰੀਬੀ ਵਾਲੀ ਹਾਲਤ ਵਿਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜੁਰਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜ਼ਰੂਰ ਹੀ ਕੋਈ ਰੱਬੀ ਰੂਹ ਸੀ। ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸ ਨੂੰ ਡਰਾਇਆ ਵੀ ਗਿਆ ਕਿ ਤੂੰ ਤੀਵੀਂ ਜਾਤ ਆਪ ਦਾ ਘਰ ਨਾਂ ਬਰਬਾਦ ਕਰਵਾ ਲਈਂ ਪਰ ਉਸ ਨੇ ਦਲੇਰੀ ਨਾਲ ਸਭ ਨੂੰ ਜਵਾਬ ਦੇ ਕੇ ਚੁੱਪ ਕਰਵਾ ਦਿੱਤਾ। ਜਦ ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਨ੍ਹਾਂ ਵਿਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸ਼ਕਸ਼ ਕੀਤੀ । ਉਨ੍ਹਾਂ ਵਕਤਾਂ ਵਿਚ ਬਹੁਤ ਸਾਰੇ ਵਿਆਹ ਇਸ ਤਰਾਂ ਹੀ ਕਰ ਲਏ ਜਾਂਦੇ ਸਨ ਕਿਉਂਕਿ ਗ਼ਰੀਬੀ ਦੀਆਂ ਹਾਲਤਾਂ ਵਿਚ ਰਹਿੰਦੇ ਲੋਕ ਆਪਣੀ ਨਿਉਂ ਜੜ ਰੱਖਣ ਲਈ ਇਸ ਤਰਾਂ ਦੇ ਵਿਆਹ ਕਰਵਾ ਲੈਂਦੇ ਸਨ ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾ ਮੰਨਿਆਂ ਅਤੇ ਕਿਹਾ ਕਿ ਮੈਂ ਇਸ ਤਰਾਂ ਦਾ ਪਾਪ ਨਹੀਂ ਕਰਾਂਗੀ। ਮੇਰੇ ਪਰਿਵਾਰ ਦੇ ਵਿਚ ਅੱਜਕੱਲ੍ਹ ਉਨ੍ਹਾਂ ਸਮਿਆਂ ਤੋਂ ਬਾਅਦ ਗ਼ਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿਚ ਆਉਣ ਦਾ ਸਫ਼ਰ ਤੈਅ ਕੀਤਾ ਹੈ। ਸ਼ਾਇਦ ਜਦ ਮਨੁੱਖ ਦਾ ਆਚਰਨ ਦੀਨ ਅਤੇ ਦਇਆ ਰੂਪੀ ਧਰਮ ਤੇ ਪਹਿਰਾ ਦਿੰਦਾ ਹੈ ਇੱਕ ਨਾਂ ਇੱਕ ਦਿਨ ਜ਼ਰੂਰ ਹੀ ਖ਼ੁਸ਼ੀਆਂ ਉਸ ਦੇ ਦਰ ਤੇ ਖੜੀਆਂ ਹੋ ਜਾਂਦੀਆਂ ਹਨ।
ਦੂਸਰੇ ਪਾਸੇ ਉਹ ਲੋਕ ਵੀ ਸਨ ਜਿਨ੍ਹਾਂ ਅਮੀਰੀ ਹੰਢਾਉਂਦਿਆਂ ਅਤੇ ਤਾਕਤ ਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿਚ ਹਿੱਸਾ ਲੈ ਕੇ ਪਾਪ ਕਰਮ ਕੀਤੇ ਸਨ ਉਨ੍ਹਾਂ ਵਿਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖ ਕੇ ਉਨ੍ਹਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ। ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰਿਵਾਰ ਦੇ ਬਜ਼ੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿਚ ਇਹ ਪਰਿਵਾਰ ਅਤੇ ਕਾਤਲ ਟੋਲਾ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆਂ ਤਦ ਮੇਰੀ ਮਾਂ ਨੇ ਉਨ੍ਹਾਂ ਦੇ ਆਗੂ ਨੂੰ ਅੰਦਰ ਬੁਲਾਇਆਂ ਜੋ ਘੋੜੇ ਤੇ ਅਸਵਾਰ ਹੋ ਕੇ ਅਗਵਾਈ ਕਰ ਰਿਹਾ ਸੀ। ਮੇਰੀ ਮਾਂ ਨੇ ਆਪਣੇ ਘਰ ਵਿਚ ਜ਼ਮੀਨ ਥੱਲੇ ਦਬਾ ਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸ਼ਵਤ ਦਿੱਤੀ ਮੁਸਲਮਾਨਾਂ ਨੂੰ ਨਾਂ ਮਾਰਨ ਦੀ ਸ਼ਰਤ ਤੇ। ਉਹ ਜਥੇਦਾਰ ਉਹ ਚਾਂਦੀ ਦੇ ਰੁਪਈਏ ਬੋਝੇ ਪਾ ਕੇ ਆਪਣੇ ਜਥੇ ਨੂੰ ਇਹ ਕਹਿਕੇ ਲੈਗਿਆਂ ਕਿ ਇਸ ਘਰ ਵਿਚ ਤਾਂ ਕੋਈ ਮੁਸਲਮਾਨ ਨਹੀਂ ਹੈ। ਬਾਅਦ ਵਿਚ ਭਾਵੇਂ ਇਹੀ ਜਥੇਦਾਰ ਸ਼ਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆ ਸੀ ਅਤੇ ਇਸ ਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰਿਵਾਰ ਦੇ ਵਰਤਮਾਨ ਬਜ਼ੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਸ ਤਰਾਂ ਹੀ ਇੱਕ ਪਰਿਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੇ ਦੁੱਖ ਭਰੇ ਤਰਸਯੋਗ ਹਾਲਤਾਂ ਦੀ ਗੱਲ ਇੱਕ ਬਜ਼ੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਤਦ ਉਸ ਨੇ ਦੱਸਿਆਂ ਕਿ ਹੱਲਿਆਂ ਵਾਲੇ ਸਾਲ ਇਸ ਦੇ ਬਾਪ ਨੇ ਖੇਤਾਂ ਵਿਚੋਂ ਨਿਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ ਵੇ ਨਾਂ ਮਾਰ, ਵੇ ਨਾਂ ਮਾਰ , ਉਸ ਬੱਚੇ ਦੇ ਸਿਰ ਵਿਚ ਕੁਹਾੜੀ ਮਾਰ ਕੇ ਸਿਰ ਦੋ ਫਾੜ ਕਰ ਦਿੱਤਾ ਸੀ ਅਤੇ ਸ਼ਾਇਦ ਇਹ ਉਸ ਦੇ ਬਾਪ ਦਾ ਪਾਪ ਹੈ ਜੋ ਉਸ ਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿਚ ਮੌਤ ਹੋ ਰਹੀ ਹੈ। ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ ਦੀ ਆਜ਼ਾਦੀ ਦਾ ਜਸ਼ਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿੱਬੜਦਾ ਹੈ। ਮਾਨਵਤਾ ਦਾ ਝੰਡਾਂ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾ ਛੱਡੇ।

ਗੁਰਚਰਨ ਸਿੰਘ ਪੱਖੋਕਲਾਂ

gspkho@gmail.com

Welcome to Punjabi Akhbar

Install Punjabi Akhbar
×
Enable Notifications    OK No thanks