ਚੋਣਾਂ ਵਿੱਚ ਜਿੱਤਣ ਤੋਂ ਬਾਅਦ ਮੈਡੀਕੇਅਰ ਵਿੱਚ ਡੈਂਟਲ ਕੇਅਰ ਨੂੰ ਵੀ ਕਰਾਂਗੇ ਸ਼ਾਮਿਲ -ਐਡਮ ਬੈਂਟ

ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਦਿਨ ਪ੍ਰਤੀ ਦਿਨ, ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵੱਖਰੇ ਵੱਖਰੇ ਜਨਤਕ ਦਾਅਵੇ ਉਨ੍ਹਾਂ ਦੇ ਅਗਲੇ ਵਾਅਦਿਆਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਗ੍ਰੀਨ ਪਾਰਟੀ ਦੇ ਨੇਤਾ ਐਡਮ ਬੈਂਟ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਮੈਡੀਕੇਅਰ ਵਿੱਚ ਡੈਂਟਲ ਕੇਅਰ ਨੂੰ ਵੀ ਸ਼ਾਮਿਲ ਕਰਨਗੇ ਅਤੇ ਇਸ ਵਾਸਤੇ ਉਨ੍ਹਾਂ ਨੇ 77 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੇ ਫੰਡਾਂ ਦੇ ਬਜਟ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾ ਨੂੰ ਹੁਣ ਮੈਡੀਕੇਅਰ ਦੇ ਦਾਇਰੇ ਵਿੱਚ ਡੈਂਟਲ ਕੇਅਰ ਅਤੇ ਆਰਥੋਡੋਂਟਿਕ ਟ੍ਰੀਟਮੈਂਟ ਅਤੇ ਨਾਲ ਹੀ ਮੂੰਹ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਰਜਰੀਆਂ, ਪੈਰੀਓਡੌਂਟਿਕਸ ਅਤੇ ਪਰੋਸਥੋਡੌਂਟਿਕਸ ਆਦਿ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਅੱਜ, ਉਹ ਨੈਸ਼ਨਲ ਪਰੈਸ ਕਲੱਬ ਦੇ ਸਾਹਮਣੇ ਆਪਣੀ ਤਕਰੀਰ ਰਾਹੀਂ, ਪਾਰਟੀ ਦੀਆਂ ਸਾਰੀਆਂ ਭਵਿੱਖੀ ਨੀਤੀਆਂ ਦਾ ਐਲਾਨ ਵੀ ਕਰਨ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਮੇਂ ਜਦੋਂ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਨ੍ਹਾਂ ਨੇ ਬੱਚਿਆਂ ਦੇ ਡੈਂਟਲ ਉਪਚਾਰ ਨੂੰ ਮੈਡੀਕੇਅਰ ਦੇ ਤਹਿਤ ਲਿਆਂਦਾ ਸੀ ਅਤੇ ਇਸ ਵਾਰੀ ਇਹ ਸੇਵਾ ਸਾਰਿਆਂ ਵਾਸਤੇ ਸ਼ੁਰੂ ਕੀਤੀ ਜਾਵੇਗੀ।
ਇਸਤੋਂ ਇਲਾਵਾ ਮੈਂਟਲ ਹੈਲਥ ਨੂੰ ਵੀ ਮੈਡੀਕੇਅਰ ਵਿੱਚ ਲਿਆਂਦਾ ਜਾਵੇਗਾ ਅਤੇ ਵਿਦਿਆਰਥੀਆਂ ਉਪਰ ਚੜ੍ਹੇ ਕਰਜ਼ੇ ਦੀ ਮੁਆਫ਼ੀ ਆਦਿ ਲਈ ਵੀ ਲਾਹੇਵੰਦ ਫੈਸਲੇ ਲਏ ਜਾਣਗੇ।
ਉਪਰੋਕਤ ਸਭ ਕੰਮਾਂ ਵਾਸਤੇ ਜੋ 77.6 ਬਿਲੀਅਨ ਡਾਲਰਾਂ (8 ਬਿਲੀਅਨ ਡਾਲਰ ਪ੍ਰਤੀ ਸਾਲ) ਦਾ ਅਗਲੇ ਇੱਕ ਦਸ਼ਕ ਲਈ ਖਰਚਾ ਆਵੇਗਾ ਉਹ ਸਾਰਾ ਦਾ ਸਾਰਾ ਖਰਚਾ ਅਰਬਪਤੀ ਉਦਿਯੋਗਪਤੀਆਂ ਅਤੇ ਵੱਡੇ ਵੱਡੇ ਘਰਾਣਿਆਂ ਕੋਲੋਂ ਟੈਕਸ ਆਦਿ ਲਗਾ ਕੇ ਪ੍ਰਾਪਤ ਕੀਤਾ ਜਾਵੇਗਾ ਅਤੇ ਆਮ ਜਨਤਾ ਉਪਰ ਇਸ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ।

Install Punjabi Akhbar App

Install
×