
ਨਿਊ ਸਾਊਥ ਵੇਲਜ਼ ਸਰਕਾਰ ਦੇ ਪਲੈਨਿੰਗ ਅਤੇ ਜਨਤਕ ਥਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿਡਨੀ ਵਿਚਲੇ ਮੈਟਰੋ ਟਾਊਨ ਸੈਂਟਰ ਵਾਲੇ ਪ੍ਰਾਜੈਕਟ ਵਾਸਤੇ ਸਰਕਾਰ ਨੇ ਹਰੀ ਝੰਡੀ ਦਿਖਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਹੁਣ ਸਿਡਨੀ ਦੇ ਨਾਰਥ-ਵੈਸਟ ਵਿਚਲੇ ਇਸ ਪ੍ਰਾਜੈਕਟ ਤਹਿਤ ਲੋਕਾਂ ਦੇ ਨਵੇਂ ਆਪਣੇ ਘਰਾਂ ਦਾ ਸੁਫ਼ਨਾ ਸੱਚ ਹੋਣ ਦੇ ਨਾਲ ਨਾਲ 2,000 ਸਿੱਧੇ ਅਤੇ ਅਸਿੱਧੇ ਰੌਜ਼ਗਾਰਾਂ ਦੀ ਸਥਾਪਨਾ ਹੋਵੇਗੀ ਅਤੇ ਇਸ ਦਾ ਸਿੱਧਾ ਲਾਭ ਸਥਾਨਕ ਲੋਕਾਂ ਨੂੰ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਖੇਤਰ ਦੀ ਦਿੱਖ ਵਿੱਚ ਨਵੇਂ ਸੁਧਾਰ ਹੋਣਗੇ ਅਤੇ ਇਹ ਪ੍ਰਾਜੈਕਟ ਆਉਣ ਵਾਲੇ ਕਈ ਦਸ਼ਕਾਂ ਤੱਕ ਸਥਾਨਕ ਲੋਕਾਂ ਦੀ ਸੇਵਾ ਵਿੱਚ ਮਸ਼ਕੂਲ ਰਹੇਗਾ। ਇਸ ਨਾਲ ਖੇਤਰ ਵਿੱਚ ਪਾਰਕ ਅਤੇ ਪਲਾਜ਼ਾ ਆਦਿ ਵੀ ਉਸਾਰੇ ਜਾਣਗੇ ਅਤੇ ਅਲੱਗ ਅਲੱਗ ਜੀਵਨ ਸ਼ੈਲੀਆਂ ਨੂੰ ਜੀਅ ਰਹੇ ਲੋਕਾਂ ਵਾਸਤੇ ਇਹ ਕਾਫੀ ਮਦਦਗਾਰ ਸਿੱਧ ਹੋਵੇਗਾ। ਇਸ ਦੇ ਤਹਿਤ ਜੋ 1,920 ਉਸਾਰੀ ਨਾਲ ਸਬੰਧਤ ਰੌਜ਼ਗਾਰ ਸਥਪਤਾ ਹੋਣਗੇ ਅਤੇ ਰਾਜ ਦੀ ਅਰਥ ਵਿਵਸਥਾ ਵਿੱਚ 995 ਮਿਲੀਅਨ ਡਾਲਰ ਦੀ ਸਹਿਯੋਗੀ ਹੋਵੇਗੀ ਅਤੇ ਇਸ ਦੇ ਨਾਲ ਹੀ 674 ਆਪ੍ਰੇਸ਼ਨਲ ਜਾਬਾਂ ਵੀ ਮੁਹੱਈਆ ਹੋਣਗੀਆਂ। ਕਾਸਲ ਹਿਲ ਤੋਂ ਐਮ.ਪੀ. ਰੇਅ ਵਿਲੀਅਮਜ਼ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤਹਿਤ 1620 ਨਵੇਂ ਘਰ ਉਸਾਰੇ ਜਾਣਗੇ ਅਤੇ 13,000 ਵਰਗ ਮੀਟਰ ਤੋਂ ਵੀ ਵੱਧ ਦੀ ਥਾਂ ਉਪਰ ਕਮਰਸ਼ਿਅਲ ਗਤੀਵਿਧੀਆਂ ਲਈ ਉਸਾਰੀਆਂ ਕੀਤੀਆਂ ਜਾਣਗੀਆਂ। 4,900 ਵਰਗ ਮੀਟਰ ਦੀ ਜਨਤਕ ਖੁਲ੍ਹੀ ਥਾਂ ਹੋਵੇਗੀ ਅਤੇ ਇਸ ਦੇ ਨਾਲ ਹੀ 500 ਵਰਗ ਮੀਟਰ ਦੇ ਭਾਈਚਾਰਕ ਗਤੀਵਿਧੀਆਂ ਆਦਿ ਲਈ ਥਾਵਾਂ ਹੋਣਗੀਆਂ ਅਤੇ ਇਹ ਅਰਾਮਦਾਇਕ ਅਤੇ ਸਮਰੱਥਾ ਦੀ ਪਹੁੰਚ ਵਾਲੇ 5% ਅਜਿਹੇ ਘਰ ਮੁਹੱਈਆ ਕਰਵਾਏ ਜਾਣਗੇ ਜਿਹੜੇ ਕਿ ਘੱਟੋ ਘੱਟ ਵੀ 10 ਸਾਲਾਂ ਤੱਕ ਉਪਲੱਭਧ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਲੋਕਾਂ ਦੀ ਫੀਡਬੈਕ ਆਦਿ ਦੇ ਜ਼ਰੀਏ ਪਹਿਲਾਂ ਜੋ ਘਰਾਂ ਦਾ ਟੀਚਾ 1900 ਦਾ ਰੱਖਿਆ ਗਿਆ ਸੀ, ਹੁਣ ਉਹ 1620 ਦਾ ਕਰ ਦਿੱਤਾ ਗਿਆ ਹੈ। ਇਮਾਰਤਾਂ ਦੀ ਉਚਾਈ 3 ਤੋਂ 21 ਮੰਜ਼ਿਲਾਂ ਤੱਕ ਰੱਖੀ ਜਾਵੇਗੀ ਅਤੇ ਇਸ ਵਿੱਚ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਮਿਲ ਕੇ ਫੰਡ ਮੁਹੱਈਆ ਕਰਵਾ ਰਹੇ ਹਨ।